ਗੁਜਰਾਤ, ਰਾਜਸਥਾਨ, ਐੱਮ. ਪੀ. ਤੇ ਛੱਤੀਸਗੜ੍ਹ ਲਈ ਭਾਜਪਾ ਦੀ ਚੁਣਾਵੀਂ ਰਣਨੀਤੀ ਤਿਆਰ, ਜਨਜਾਤੀਆਂ ’ਤੇ ਰਹੇਗਾ ਫੋਕਸ

Monday, Apr 25, 2022 - 03:28 PM (IST)

ਗੁਜਰਾਤ, ਰਾਜਸਥਾਨ, ਐੱਮ. ਪੀ. ਤੇ ਛੱਤੀਸਗੜ੍ਹ ਲਈ ਭਾਜਪਾ ਦੀ ਚੁਣਾਵੀਂ ਰਣਨੀਤੀ ਤਿਆਰ, ਜਨਜਾਤੀਆਂ ’ਤੇ ਰਹੇਗਾ ਫੋਕਸ

ਜਲੰਧਰ (ਵਿਸ਼ੇਸ਼) : ਭਾਜਪਾ ਨੇ 4 ਸੂਬਿਆਂ ’ਚ ਰਾਖਵੇਂ ਵਰਗਾਂ ਤੱਕ ਪੁੱਜਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ, ਜਿੱਥੇ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਚੋਣਾਂ ਹੋਣੀਆਂ ਹਨ। ਗੁਜਰਾਤ, ਰਾਜਸਥਾਨ , ਮੱਧ ਪ੍ਰਦੇਸ਼ (ਐੱਮ. ਪੀ.) ਤੇ ਛੱਤੀਸਗੜ੍ਹ ’ਚ ਕੁੱਲ ਮਿਲਾ ਕੇ ਅਨੁਸੂਚਿਤ ਜਨਜਾਤੀਆਂ ਲਈ 128 ਸੀਟਾਂ ਰਾਖਵੀਂਆਂ ਹਨ ਤੇ ਭਾਜਪਾ 2017 ਤੇ 2018 ’ਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸਿਰਫ 35 ਸੀਟਾਂ ਹੀ ਜਿੱਤ ਸਕੀ ਸੀ । ਇਸ ਲਈ ਇਸ ਵਾਰ ਭਾਜਪਾ ਨੇ ਇਨ੍ਹਾਂ ਸੂਬਿਆਂ ਦੀਆਂ ਜਨਜਾਤੀਆਂ ਤੱਕ ਪੁੱਜਣ ਲਈ ਹੁਣ ਤੋਂ ਆਪਣੀ ਚੁਣਾਵੀਂ ਰਣਨੀਤੀ ਤਿਆਰ ਕਰ ਲਈ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਇਸ ਹਫ਼ਤੇ ਦੀ ਸ਼ੁਰੁਆਤ ’ਚ ਗੁਜਰਾਤ ’ਚ ਸਨ। ਉਨ੍ਹਾਂ ਨੇ ਆਦਿਵਾਸੀ ਬਹੁਲ ਦਾਹੋਦ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ , ਜਿਸ ’ਚ 5 ਹੋਰ ਜ਼ਿਲਿਆਂ ਦੀਆਂ ਜਨਜਾਤੀਆਂ ਨੇ ਭਾਗ ਲਿਆ। ਜਨਜਾਤੀਆਂ ਦੇ ਪਹਿਰਾਵੇ ਵਜੋਂ ਜਾਣੀ ਜਾਂਦੀ ਜੈਕੇਟ ਤੇ ਟੋਪੀ ਪਹਿਨੇ ਮੋਦੀ ਨੇ ਬਿਰਸਾ ਮੁੰਡਾ ਤੇ ਹੋਰ ਨਾਇਕਾਂ ਦੇ ਬਲੀਦਾਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਦੇ ਰੂਪ ’ਚ ਆਪਣੇ ਕਾਰਜਕਾਲ ਦੌਰਾਨ ਜਨਜਾਤੀਆਂ ਦੇ ਕਲਿਆਣ ਲਈ ਸ਼ੁਰੂ ਕੀਤੇ ਗਏ ਕੰਮਾਂ ਦੀ ਚਰਚਾ ਕੀਤੀ। ਗੁਜਰਾਤ ਇਕ ਅਜਿਹਾ ਸੂਬਾ ਹੈ , ਜਿੱਥੇ 2017 ’ਚ ਕਾਂਗਰਸ ਨੇ ਕਬਾਇਲੀ ਇਲਾਕਿਆਂ ’ਚ ਭਾਜਪਾ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਸੀ ਤੇ 27 ਐੱਸ.ਟੀ. ਸੀਟਾਂ ’ਚੋਂ 15 ’ਤੇ ਜਿੱਤ ਹਾਸਲ ਕੀਤੀ ਸੀ, ਜਦਕਿ ਭਾਜਪਾ ਨੇ 9 ਹੀ ਸੀਟਾਂ ਜਿੱਤੀਆਂ ਸਨ। ਕੁੱਲ ਮਿਲਾ ਕੇ ਭਾਜਪਾ ਨੇ ਇਸ ਵਾਰ ਜਨਜਾਤੀਆਂ ’ਤੇ ਫੋਕਸ ਕਰ ਕੇ ਉਨ੍ਹਾਂ ਲਈ ਬਣੀਆਂ ਯੋਜਨਾਵਾਂ ਦਾ ਲਾਭ ਉਨ੍ਹਾਂ ਤੱਕ ਪਹੁੰਚਾਉਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਫਿਰ ਕੰਬਿਆ ਪਟਿਆਲਾ, ਘਰ ’ਚ ਦਾਖਲ ਹੋ ਕੀਤੀ ਵੱਢ-ਟੁੱਕ, ਮਰਿਆ ਸਮਝ ਕੇ ਛੱਡ ਗਏ ਹਮਲਾਵਰ

ਕਾਂਗਰਸ ਨੇ ਜਿੱਤੀਆਂ ਸਨ ਰਾਖਵੀਂਆਂ 86 ਸੀਟਾਂ
ਕਾਂਗਰਸ ਨੇ 4 ਸੂਬਿਆਂ ’ਚ ਐੱਸ.ਟੀ. ਲਈ ਰਾਖਵੀਂਆਂ 128 ਸੀਟਾਂ ’ਚੋਂ 86 ਸੀਟਾਂ ਜਿੱਤੀਆਂ ਸਨ। ਐੱਮ.ਪੀ. ’ਚ 47 ਐੱਸ.ਟੀ. ਰਾਖਵੀਂਆਂ ਸੀਟਾਂ ’ਚੋਂ ਕਾਂਗਰਸ ਨੇ 31 ’ਤੇ ਜਿੱਤ ਹਾਸਲ ਕੀਤੀ , ਜਦਕਿ ਭਾਜਪਾ ਨੇ 2018 ’ਚ 16 ਸੀਟਾਂ ਜਿੱਤੀਆਂ। ਸ਼ਾਹ ਮਈ ’ਚ ਰਾਜਸਥਾਨ ਦੇ ਆਦਿਵਾਸੀ ਬਹੁਲਤਾ ਵਾਲੇ ਖੇਤਰ ਬਾਂਸਵਾੜਾ ’ਚ ਇਸੇ ਤਰ੍ਹਾਂ ਦੀਆਂ ਸਭਾਵਾਂ ਨੂੰ ਸੰਬੋਧਨ ਕਰਨਗੇ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਇਸ ਮਹੀਨੇ ਦੀ ਸ਼ੁਰੁਆਤ ’ਚ ਸਵਾਈ ਮਾਧੋਪੁਰ ਜ਼ਿਲੇ ’ਚ ਇਕ ਜਨਜਾਤੀ ਸੰਮੇਲਨ ਨੂੰ ਸੰਬੋਧਨ ਕੀਤਾ ਸੀ। ਰਾਜਸਥਾਨ ਦੀ ਆਂ 25 ਐੱਸ.ਟੀ. ਸੀਟਾਂ ’ਚੋਂ ਇਸ ਸਮੇਂ ਕਾਂਗਰਸ 13 ਤੇ ਭਾਜਪਾ 8 ਦੀ ਅਗਵਾਈ ਕਰਦੀ ਹੈ।ਛੱਤੀਸਗੜ੍ਹ ’ਚ ਕਾਂਗਰਸ ਨੇ 2018 ’ਚ 29 ਐੱਸ.ਟੀ. ਰਾਖਵੀਂਆਂ ਸੀਟਾਂ ’ਚੋਂ 27 ’ਤੇ ਜਿੱਤ ਹਾਸਲ ਕੀਤੀ ਸੀ, ਜਦਕਿ ਇੱਥੇ ਭਾਜਪਾ ਸਿਰਫ 2 ਸੀਟਾਂ ’ਤੇ ਸਫਲ ਰਹੀ ਸੀ । ਪੀ. ਐੱਮ. ਮੋਦੀ, ਸ਼ਾਹ ਜਾਂ ਨੱਢਾ ਨੇ ਛੱਤੀਸਗੜ੍ਹ ਯਾਤਰਾ ਦੀ ਅਜੇ ਯੋਜਨਾ ਨਹੀਂ ਬਣਾਈ ਗਈ ਹੈ। ਇਸ ਮਹੀਨੇ ਕਈ ਕੇਂਦਰੀ ਮੰਤਰੀਆਂ ਨੇ ਸੂਬੇ ਦਾ ਦੌਰਾ ਕੀਤਾ ਹੈ। ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਜੋਤੀਰਾਦਿਤਿਅ ਸਿੰਧੀਆ, ਹਰਦੀਪ ਪੁਰੀ, ਭਾਨੂ ਪ੍ਰਤਾਪ ਸਿੰਘ ਵਰਮਾ, ਅਸ਼ਵਨੀ ਚੌਬੇ, ਦੇਵੁਸਿੰਘ ਚੌਹਾਨ ਤੇ ਅਰਜੁਨ ਮੇਘਵਾਲ ਦੇ ਦੌਰੇ ’ਤੇ 3 ਹੋਰ ਮੰਤਰੀ ਆਉਣਗੇ। ਬਸਤਰ ਸੰਭਾਗ ਦੇ 7 ਜ਼ਿਲ੍ਹਿਆਂ ਸਣੇ ਛੱਤੀਸਗੜ੍ਹ ਦੇ 10 ਜ਼ਿਲ੍ਹਿਆਂ ’ਚ ਇਕ ਉੱਚ ਜਨਜਾਤੀ ਆਬਾਦੀ ਹੈ।

ਐੱਮ. ਪੀ. ’ਚ ਜਨਜਾਤੀਆਂ ਤੱਕ ਪੁੱਜੇ ਸਨ ਸ਼ਾਹ
ਮੋਦੀ ਨੇ ਪਿਛਲੇ ਨਵੰਬਰ ’ਚ ਭੋਪਾਲ ’ਚ ਇਕ ਕਬਾਇਲੀ ਗੌਰਵ ਦਿਵਸ ਨੂੰ ਸੰਬੋਧਨ ਕਰ ਕੇ ਮੱਧ ਪ੍ਰਦੇਸ਼ ’ਚ ਆਪਣੀ ਪਹੁੰਚ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਭੋਪਾਲ ’ਚ ਤੇਂਦੂਪੱਤਾ ਚੁੱਕਣ ਵਾਲਿਆਂ ਦੀ ਇਕ ਰੈਲੀ ਨੂੰ ਸੰਬੋਧਨ ਕੀਤਾ ਸੀ। ਸ਼ਾਹ ਨੇ ਕਿਹਾ ਸੀ ਕਿ ਐੱਮ.ਪੀ. ’ਚ 21 ਫ਼ੀਸਦੀ ਜਨਜਾਤੀ ਆਬਾਦੀ ਹੈ। ਉਨ੍ਹਾਂ ਦਾ ਕਲਿਆਣ ਸੁਨਿਸ਼ਚਿਤ ਕੀਤੇ ਬਿਨਾਂ ਸੂਬੇ ਦਾ ਵਿਕਾਸ ਨਹੀਂ ਹੋ ਸਕਦਾ ਹੈ। ਤੇਂਦੂਪੱਤਾ ਚੁੱਕਣ ਵਾਲਿਆਂ ਲਈ ਕਈ ਯੋਜਨਾਵਾਂ ਐਲਾਨ ਕੀਤੀਆਂ ਗਈਆਂ ਸਨ। ਸ਼ਾਹ ਨੇ 827 ਜੰਗਲੀ ਪਿੰਡਾਂ ਨੂੰ ਰੈਵੇਨਿਊ ਪਿੰਡਾਂ ’ਚ ਬਦਲਣ ਦੀ ਸੂਬਾ ਸਰਕਾਰ ਦੀ ਯੋਜਨਾ ਦਾ ਵੀ ਐਲਾਨ ਕੀਤਾ ਸੀ। ਉਨ੍ਹਾਂ ’ਚ ਜ਼ਿਆਦਾਤਰ ਆਦਿਵਾਸੀ ਆਬਾਦੀ ਹੈ ਤੇ ਜੰਗਲੀ ਜ਼ਮੀਨ ਕਾਰਨ ਵਿਕਾਸ ਨਹੀਂ ਹੋ ਰਿਹਾ ਹੈ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਨਜਾਤੀਆਂ ਦੇ ਵਿਕਾਸ ਲਈ ਅਲਾਟਮੈਂਟ ਵਧਾ ਕੇ 78,000 ਕਰੋੜ ਰੁਪਏ ਕਰ ਦਿੱਤਾ ਹੈ, ਜੋ ਕਾਂਗਰਸ ਦੇ ਸ਼ਾਸਨ ਦੌਰਾਨ 21,000 ਕਰੋੜ ਰੁਪਏ ਸੀ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਕੀਤੇ ਗਏ ਇਕ ਐਲਾਨ ’ਤੇ ਸ਼ਾਹ ਨੇ ਕਿਹਾ ਸੀ ਕਿ ਪਹਿਲੀ ਵਾਰ ਇਕ ਸੂਬਾ ਸਰਕਾਰ ਜਨਜਾਤੀਆਂ ਨੂੰ ਜੰਗਲਾਂ ਤੋਂ ਹੋਣ ਵਾਲੀ ਕਮਾਈ ਦਾ 20 ਫ਼ੀਸਦੀ ਦੇਣ ਲਈ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ : ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਔਰਤ ਨੇ ਫਾਹ ਲਾ ਕੇ ਕੀਤੀ ਖੁਦਕੁਸ਼ੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News