ਪਟਿਆਲਾ ’ਚ ਭਾਜਪਾ ਨੂੰ ਝਟਕਾ, SC ਮੋਰਚਾ ਦੇ ਪ੍ਰਧਾਨ, ਵਾਈਸ ਪ੍ਰਧਾਨ ਤੇ ਸਾਬਕਾ ਕੌਂਸਲਰ ਮੁੜ ਕਾਂਗਰਸ ’ਚ ਸ਼ਾਮਲ
Wednesday, Nov 08, 2023 - 10:36 AM (IST)
ਪਟਿਆਲਾ (ਰਾਜੇਸ਼ ਪੰਜੌਲਾ) : ਜਿਥੇ ਸਟੇਟ ਲੈਵਲ ’ਤੇ ਭਾਜਪਾ ਨੂੰ ਝਟਕੇ ਲੱਗ ਰਹੇ ਹਨ ਅਤੇ ਕਈ ਸਾਬਕਾ ਮੰਤਰੀ ਫਿਰ ਤੋਂ ਆਪਣੀ ਪੁਰਾਣੀ ਪਾਰਟੀ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਉਸੇ ਤਰ੍ਹਾਂ ਸ਼ਾਹੀ ਸ਼ਹਿਰ ਪਟਿਆਲਾ ’ਚ ਵੀ ਮੰਗਲਵਾਰ ਭਾਜਪਾ ਲਈ ਅਮੰਗਲ ਸਾਬਤ ਹੋਇਆ। ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਜ਼ਿਲ੍ਹਾ ਭਾਜਪਾ ਪਟਿਆਲਾ ਸ਼ਹਿਰੀ ਐੱਸ. ਸੀ. ਮੋਰਚਾ ਦੇ ਪ੍ਰਧਾਨ ਸੰਜੇ ਹੰਸ, ਐੱਸ. ਸੀ. ਮੋਰਚਾ ਦੇ ਵਾਈਸ ਪ੍ਰਧਾਨ ਦੀਪਕ ਟਿਵਾਣਾ ਅਤੇ ਵਾਰਡ ਨੰ. 36 ਦੇ ਸਾਬਕਾ ਕੌਂਸਲਰ ਸ਼ੰਮੀ ਕੁਮਾਰ ਡੈਂਟਰ ਫਿਰ ਤੋਂ ਆਪਣੀ ਪੁਰਾਣੀ ਪਾਰਟੀ ਕਾਂਗਰਸ ’ਚ ਸ਼ਾਮਲ ਹੋ ਗਏ। ਪੰਜਾਬ ਕਾਂਗਰਸ ਭਵਨ ਵਿਖੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਵਾਇਆ।
ਜ਼ਿਲ੍ਹਾ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਰਵਿੰਦਰ ਸਿੰਘ ਨਿੱਪੀ ਇਨ੍ਹਾਂ ਆਗੂਆਂ ਨੂੰ ਕਾਂਗਰਸ ਭਵਨ ਲੈ ਕੇ ਗਏ ਅਤੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਹਾਜ਼ਰ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਧਰਮ ਨਿਰਪੱਖ ਅਤੇ ਦੇਸ਼ ਭਗਤੀ ਦੀ ਸੋਚ ਵਾਲੇ ਹਨ। ਇਸ ਕਰ ਕੇ ਉਨ੍ਹਾਂ ਦਾ ਦੇਸ਼ ਵਿਰੋਧੀ ਪਾਰਟੀ ਭਾਜਪਾ ’ਚ ਦਮ ਘੁਟਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਅਸਲ ਕਾਂਗਰਸੀ ਹੈ, ਉਹ ਕਦੇ ਵੀ ਭਾਜਪਾ ’ਚ ਨਹੀਂ ਰਹਿ ਸਕਦਾ ਕਿਉਂਕਿ ਕਾਂਗਰਸ ਨੇ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਕਾਂਗਰਸ ਦਾ ਮੁੱਖ ਮਕਸਦ ਦੇਸ਼ ਦਾ ਵਿਕਾਸ ਕਰਨਾ ਹੈ।
ਉਨ੍ਹਾਂ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਅਤੇ ਪੀ. ਪੀ. ਸੀ. ਸੀ. ਮੈਂਬਰ ਹਰਵਿੰਦਰ ਸਿੰਘ ਨਿੱਪੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਰੇਸ਼ ਦੁੱਗਲ ਦੀ ਅਗਵਾਈ ਹੇਠ ਪਾਰਟੀ ਬੇਹੱਦ ਮਜ਼ਬੂਤ ਹੋ ਰਹੀ ਹੈ। ਨਰੇਸ਼ ਦੁੱਗਲ ਜੁਝਾਰੂ ਜਰਨੈਲ ਵਾਂਗ ਜ਼ਿਲ੍ਹਾ ਪਟਿਆਲਾ ’ਚ ਪਾਰਟੀ ਦੀ ਕਮਾਂਡ ਸੰਭਾਲ ਰਹੇ ਹਨ। ਜ਼ਿਲ੍ਹਾ ਪ੍ਰਧਾਨ ਨਰੇਸ਼ ਦੁੱਗਲ ਅਤੇ ਹਰਵਿੰਦਰ ਸਿੰਘ ਨਿੱਪੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਹਮੇਸ਼ਾ ਕਾਂਗਰਸ ਪਾਰਟੀ ਦਾ ਗੜ੍ਹ ਰਿਹਾ ਹੈ। ਕਾਂਗਰਸ ਹੀ ਪੰਜਾਬ ਦੀ ਹਿਤੈਸ਼ੀ ਪਾਰਟੀ ਹੈ। ਪੰਜਾਬ ਦੇ ਲੋਕ ਕਾਂਗਰਸ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ।
ਨਰੇਸ਼ ਦੁੱਗਲ ਹੋ ਰਹੇ ਹਨ ਸਫਲ ਪ੍ਰਧਾਨ ਸਾਬਤ
ਪਟਿਆਲਾ ਸ਼ਹਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਦਾ ਸ਼ਹਿਰ ਹੈ। ਭਾਜਪਾ ਨੇ ਪੂਰੀ ਕਮਾਂਡ ਮੋਤੀ ਮਹਿਲ ਨੂੰ ਦਿੱਤੀ ਹੋਈ ਹੈ। ਪਾਰਟੀ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਸਾਬਕਾ ਜ਼ਿਲਾ ਪ੍ਰਧਾਨ ਕੇ. ਕੇ. ਮਲਹੋਤਰਾ ਸਮੇਤ ਕਈ ਵੱਡੇ ਲੀਡਰ ਭਾਜਪਾ ’ਚ ਚਲੇ ਗਏ ਹਨ। ਅਜਿਹੇ ’ਚ ਕਾਂਗਰਸ ਪਾਰਟੀ ਨੇ ਪਿਛਲੇ 35 ਸਾਲਾਂ ਤੋਂ ਪਾਰਟੀ ’ਚ ਕੰਮ ਕਰਦੇ ਆ ਰਹੇ ਅਤੇ 20 ਸਾਲ ਬਲਾਕ ਪ੍ਰਧਾਨ ਅਤੇ ਕੌਂਸਲਰ ਰਹੇ ਨਰੇਸ਼ ਦੁੱਗਲ ’ਤੇ ਵਿਸ਼ਵਾਸ਼ ਕਰਦਿਆਂ ਉਨ੍ਹਾਂ ਨੂੰ ਪਟਿਆਲਾ ਸ਼ਹਿਰੀ ਕਾਂਗਰਸ ਦੇ ਜ਼ਿਲੇ ਦੀ ਕਮਾਂਡ ਸੰਭਾ ਦਿੱਤੀ।
ਨਰੇਸ਼ ਦੁੱਗਲ ਕਾਂਗਰਸ ਪਾਰਟੀ ਦੀ ਸੋਚ ’ਤੇ ਬਿਲਕੁੱਲ ਖਰੇ ਉਤਰੇ। ਜਦੋਂ ਤੋਂ ਉਹ ਪਾਰਟੀ ਦੇ ਪ੍ਰਧਾਨ ਬਣੇ ਹਨ, ਸ਼ਹਿਰ ’ਚ ਕਾਂਗਰਸ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਨਰੇਸ਼ ਦੁੱਗਲ ਵੱਲੋਂ ਬਲਾਕ ਕਾਂਗਰਸ ਕਮੇਟੀਆਂ, ਜ਼ਿਲ੍ਹਾ ਕਾਂਗਰਸ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਹਰ ਮਹੀਨੇ ਜ਼ਿਲੇ ਦੀ ਮੀਟਿੰਗ ਹੁੰਦੀ ਹੈ ਅਤੇ ਪਾਰਟੀ ਦਾ ਜ਼ਿਲਾ ਦਫ਼ਤਰ ਰੋਜ਼ਾਨਾ ਖੁੱਲ੍ਹਦਾ ਹੈ। ਇਸੇ ਤਰ੍ਹਾਂ ਬਲਾਕ ਕਾਂਗਰਸ ਕਮੇਟੀਆਂ ਦੀਆਂ ਵੀ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ। ਜ਼ਿਲਾ ਕਾਂਗਰਸ ਵੱਲੋਂ ਲਗਾਤਾਰ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨਾਲ ਲੋਕਾਂ ’ਚ ਪਾਰਟੀ ਦਾ ਗ੍ਰਾਫ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਵੱਡੀ ਗਿਣਤੀ ’ਚ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਇਸ ਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਲਾਭ ਮਿਲੇਗਾ।