ਭਾਜਪਾ ਦੀਆਂ ਨੀਤੀਆਂ ਵਿਰੋਧੀਆਂ ਨੂੰ ਡਰਾਉਣ ਤੇ ਦਬਾਅ ਪਾਉਣ ਵਾਲੀਆਂ : ਹਰਪਾਲ ਚੀਮਾ
Tuesday, May 02, 2023 - 06:08 PM (IST)
ਜਲੰਧਰ (ਧਵਨ) : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਸਿਆਸੀ ਚੋਟ ਕਰਦੇ ਹੋਏ ਕਿਹਾ ਹੈ ਕਿ ਉਸ ਦੀਆਂ ਨੀਤੀਆਂ ਵਿਰੋਧੀਆਂ ਨੂੰ ਡਰਾਉਣ, ਧਮਕਾਉਣ ਅਤੇ ਉਨ੍ਹਾਂ ’ਤੇ ਦਬਾਅ ਪਾਉਣ ਵਾਲੀਆਂ ਹਨ। ਹੁਣ ਜਿਵੇਂ-ਜਿਵੇਂ ਲੋਕ ਸਭਾ ਦੀਆਂ ਚੋਣ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਭਾਜਪਾ ਸਰਕਾਰ ਵੱਲੋਂ ‘ਆਪ’ ਸਮੇਤ ਆਪਣੀਆਂ ਵਿਰੋਧੀ ਪਾਰਟੀਆਂ ’ਤੇ ਕੇਂਦਰੀ ਏਜੰਸੀਆਂ ਰਾਹੀਂ ਦਬਾਅ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਕਾਰਨ ਗਰੀਬਾਂ ਤੇ ਮੱਧ ਵਰਗ ਅੰਦਰ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਦੇਸ਼ ਵਿਚ ਮਹਿੰਗਾਈ ਕਾਰਨ ਸਾਰੇ ਵਰਗਾਂ ਦੇ ਲੋਕ ਨਾਰਾਜ਼ ਹਨ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਜਲੰਧਰ ਲੋਕ ਸਭਾ ਸੀਟ ਦੀ ਉਪ-ਚੋਣ ਆਮ ਆਦਮੀ ਪਾਰਟੀ ਲਈ ਬਹੁਤ ਅਹਿਮ ਹੈ ਕਿਉਂਕਿ ਇਸ ਚੋਣ ਨੂੰ ਜਿੱਤ ਕੇ ‘ਆਪ’ ਭਾਜਪਾ ਤੇ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਸਿਰਫ ਆਮ ਆਦਮੀ ਪਾਰਟੀ ਵਿਚ ਹੀ ਜਨਤਾ ਦਾ ਭਰੋਸਾ ਹੈ।
ਭਾਜਪਾ ਦੇ ਕੇਂਦਰੀ ਮੰਤਰੀਆਂ ਵੱਲੋਂ ਆਮ ਆਦਮੀ ਪਾਰਟੀ ਅਤੇ ਉਸ ਦੇ ਨੇਤਾਵਾਂ ਖ਼ਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਟਿੱਪਣੀ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸਲ ਵਿਚ ਭਾਜਪਾ ਕੋਲ ਆਪਣੀਆਂ ਪ੍ਰਾਪਤੀਆਂ ਗਿਣਵਾਉਣ ਲਈ ਕੁਝ ਵੀ ਨਹੀਂ ਹੈ ਜਦੋਂਕਿ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਲੋਕਾਂ ਨੂੰ ਮੁਫਤ ਬਿਜਲੀ ਦੇ ਕੇ ਇਤਿਹਾਸਿਕ ਕਦਮ ਚੁੱਕਿਆ ਹੈ। ਗਰੀਬਾਂ ਦੇ ਜ਼ੀਰੋ ਬਿੱਲ ਆ ਰਹੇ ਹੋ ਅਤੇ ਉਨ੍ਹਾਂ ਨੂੰ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਰਕਾਰ ਨੇ ਮੁਫਤ ਬਿਜਲੀ ਦੀ ਰਾਹਤ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਸਾਲ ਆਮ ਆਦਮੀ ਦੇ ਪੱਖ ਵਿਚ ਇਤਿਹਾਸਿਕ ਫਤਵਾ ਦਿੱਤਾ ਸੀ । ਉਨ੍ਹਾਂ ਕਿਹਾ ਕਿ ਇੱਕ ਸਾਲ ਦੇ ਅੰਦਰ ਸਾਡੀ ਸਰਕਾਰ ਨੇ ਸਰਕਾਰੀ ਨੌਕਰੀਆਂ ਦਾ ਟੋਕਰਾ ਖੋਲ ਦਿੱਤਾ ਹੈ ਜਦੋਂ ਕਿ ਹੋਰ ਪਾਰਟੀਆਂ ਸਰਕਾਰੀ ਨੌਕਰੀਆਂ ਅੰਤਮ ਸਾਲ ਵਿਚ ਦਿੰਦੀਆਂ ਸੀ । ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਸਾਰੇ ਗਾਰੰਟੀਆਂ ਨੂੰ ਪੂਰਾ ਕਰੇਗੀ । ਪੰਜਾਬ ਦੀ ਮਾਲੀ ਹਾਲਤ ਤੇਜ਼ੀ ਨਾਲ ਮਜ਼ਬੂਤ ਹੋ ਰਹੀ ਹੈ। ਇਸ ਤੋਂ ਸਰਕਾਰ ਨੂੰ ਆਪਣੇ ਸਾਰੇ ਵਾਅਦੀਆਂ ਨੂੰ ਪੂਰਾ ਕਰਣ ਵਿਚ ਮਦਦ ਮਿਲੇਗੀ । ਉਨ੍ਹਾਂ ਨੇ ਜਲੰਧਰ ਦੇ ਮਤਦਾਤਾਵਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਅਪੀਲ ਕੀਤੀ ।