ਜਨਮ ਦੇਣ ਵਾਲੀ ਨੇ ਲਾਵਾਰਸ ਛੱਡੀ ਨਵਜੰਮੀ ਬੱਚੀ, ਨਰਸ ਬਣੀ ‘ਮਾਂ’

Tuesday, May 21, 2024 - 05:39 PM (IST)

ਜਨਮ ਦੇਣ ਵਾਲੀ ਨੇ ਲਾਵਾਰਸ ਛੱਡੀ ਨਵਜੰਮੀ ਬੱਚੀ, ਨਰਸ ਬਣੀ ‘ਮਾਂ’

ਸਮਰਾਲਾ (ਗਰਗ, ਬੰਗੜ) : ਜਿੱਥੇ ਕਹਿਰਾਂ ਦੀ ਗਰਮੀ ’ਚ ਵੱਡਿਆਂ-ਵੱਡਿਆਂ ਦਾ ਸਾਹ ਲੈਣਾ ਦੁਸ਼ਵਾਰ ਕੀਤਾ ਹੋਇਆ ਹੈ, ਉੱਥੇ ਹੀ ਇੱਕ ਮਾਂ ਆਪਣੇ ਕਲੇਜੇ ਦਾ ਟੁਕੜਾ ਨਵਜੰਮੀ ਬੱਚੀ ਨੂੰ ਅੱਤ ਦੀ ਗਰਮੀ ’ਚ ਮਰਨ ਲਈ ਲਾਵਾਰਸ ਹਾਲਤ ’ਚ ਛੱਡ ਗਈ। ਇੱਕ ਬੇਗਾਨੀ ਔਰਤ ਸਰਬਜੀਤ ਕੌਰ ਨੇ ਉਸ ਨੂੰ ਸੀਨੇ ਲਾਲ ਲਾਇਆ ਅਤੇ ਗੋਦ ਲੈਣ ਦਾ ਫ਼ੈਸਲਾ ਕਰ ਲਿਆ। ਉਸ ਨੇ ਕਿਹਾ ਕਿ ਉਹ ਉਸ ਦਾ ਪੂਰਾ ਇਲਾਜ ਕਰਵਾਉਣ ਦੇ ਨਾਲ-ਨਾਲ ਉਸ ਦਾ ਪਾਲਣ-ਪੋਸ਼ਣ ਵੀ ਕਰੇਗੀ। ਉਹ ਹਸਪਤਾਲ ’ਚ ਸਟਾਫ਼ ਨਰਸ ਵਜੋਂ ਸੇਵਾਵਾਂ ਨਿਭਾ ਰਹੀ ਹੈ ਅਤੇ ਉਸ ਦੀ ਕੋਈ ਔਲਾਦ ਨਹੀਂ ਪਰ ਇਸ ਮਾਸੂਮ ਨੂੰ ਦੇਖ ਕੇ ਉਸ ਨੂੰ ਇਹ ਮਹਿਸੂਸ ਹੋਇਆ ਕਿ ਪਰਮਾਤਮਾ ਨੇ ਉਸ ਦੀ ਝੋਲੀ ਭਰ ਦਿੱਤੀ ਹੈ। ਪਿੰਡ ਛੰਦੜਾ ਵਿਖੇ ਫੈਕਟਰੀ ਦੀ ਛੱਤ ’ਤੇ ਲਾਵਾਰਸ ਹਾਲਤ ’ਚ ਪਈ ਮਿਲੀ ਨਵਜੰਮੀ ਬੱਚੀ ਨੂੰ ਇਲਾਜ ਲਈ ਸਵੇਰੇ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਹਸਪਤਾਲ ਦੇ ਸਟਾਫ਼ ਅਤੇ ਡਾਕਟਰਾਂ ਨੇ ਇਸ ਬੱਚੀ ਨੂੰ ਬਚਾਉਣ ਲਈ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ। ਬੱਚੀ ਨੂੰ ਫੈਕਟਰੀ ਦੀ ਚੌੜੀ ਕੰਧਨੁਮਾ ਛੱਤ ’ਤੇ ਕੱਪੜੇ ’ਚ ਲਪੇਟ ਕੇ ਰੱਖਿਆ ਹੋਇਆ ਸੀ। ਅਰੁਣਾ ਦੇਵੀ ਨਾਂ ਦੀ ਪਰਵਾਸੀ ਮਜ਼ਦੂਰ ਔਰਤ ਸਵੇਰੇ 8 ਵਜੇ ਡਿਊਟੀ ਲਈ ਜਾ ਰਹੀ ਸੀ ਤਾਂ ਉਸ ਨੇ ਬੱਚੀ ਨੂੰ ਵੇਖਿਆ ਤੇ ਚੁੱਕ ਕੇ ਛਾਤੀ ਨਾਲ ਲਾ ਲਿਆ ਤੇ ਆਸਪਾਸ ਉਸ ਦੀ ਮਾਂ ਦੀ ਕਾਫ਼ੀ ਭਾਲ ਵੀ ਕੀਤੀ ਪਰ ਜਦੋਂ ਬੱਚੀ ਦਾ ਕੋਈ ਵਾਰਸ ਨਾ ਲੱਭਿਆ ਤਾਂ ਉਹ ਕੜਕਦੀ ਧੁੱਪ ’ਚ ਪਈ ਮਿਲੀ ਇਸ ਬੱਚੀ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲੈ ਆਈ। ਇੱਥੇ ਇਲਾਜ ਕਰ ਰਹੇ ਡਾ. ਰਮਨ ਨੇ ਦੱਸਿਆ ਕਿ ਪ੍ਰੀਮਚਿਊਰ ਕਰੀਬ 8 ਮਹੀਨੇ ਦੀ ਇਸ ਬੱਚੀ ਦਾ ਜਨਮ ਕੁਝ ਘੰਟੇ ਪਹਿਲਾਂ ਹੋਇਆ ਹੈ ਅਤੇ ਉਸ ਦਾ ਨਾੜੂ ਵੀ ਇੱਥੇ ਆਉਣ ਤੋਂ ਬਾਅਦ ਕੱਟਿਆ ਗਿਆ ਹੈ। ਬੱਚੀ ਨੂੰ ਸਪੈਸ਼ਲ ਚਾਈਲਡ ਕੇਅਰ ਵਾਰਡ ’ਚ ਰੱਖਿਆ ਗਿਆ, ਜਿੱਥੇ ਆਕਸੀਜਨ ਤੇ ਹੋਰ ਲੋਂੜੀਦਾ ਇਲਾਜ ਦੇਣ ਉਪਰੰਤ ਹਾਲਤ ਨਾਜ਼ੁਕ ਹੋਣ ਕਾਰਨ ਲੁਧਿਆਣਾ ਭੇਜਿਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਇਹ ਬੱਚੀ ਲਾਵਾਰਸ ਹਾਲਤ ’ਚ ਮਿਲੀ ਹੈ, ਇਸ ਲਈ ਅਸੀਂ ਸਥਾਨਕ ਪੁਲਸ ਨੂੰ ਇਸ ਬਾਰੇ ਸੂਚਨਾ ਭੇਜ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਦੀ 10 ਸਾਲਾਂ ਦੀ ਮਿਹਨਤ ਦੇ ਦਮ ’ਤੇ 400 ਦਾ ਅੰਕੜਾ ਪਾਰ ਕਰੇਗੀ ਭਾਜਪਾ : ਤਰੁਣ ਚੁਘ

ਪੁਲਸ ਦੀ ਨਿਗਰਾਨੀ ਹੇਠ ਬੱਚੀ ਨੂੰ ਕੀਤਾ ਲੁਧਿਆਣੇ ਰੈਫਰ
ਬਾਅਦ ’ਚ ਕਟਾਣੀ ਚੌਕੀ ਪੁਲਸ ਨੇ ਪਹੁੰਚ ਕੇ ਬੱਚੀ ਨੂੰ ਆਪਣੀ ਨਿਗਰਾਨੀ ਹੇਠ ਸਰਕਾਰੀ ਹਸਪਤਾਲ ਲੁਧਿਆਣਾ ਰੈਫਰ ਕਰਵਾਇਆ। ਥਾਣਾ ਕੂੰਮਕਲਾਂ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਦੇ ਸਰਕਾਰੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਬੱਚੀ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦੋਂ ਬੱਚੀ ਨੂੰ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਤਾਂ ਸਟਾਫ ਨਰਸ ਸਰਬਜੀਤ ਕੌਰ ਨੇ ਬੱਚੀ ਨੂੰ ਗੋਦ ਲੈਣ ਦਾ ਫ਼ੈਸਲਾ ਕਰਦਿਆਂ ਕਿਹਾ ਕਿ ਬੱਚੀ ਨੂੰ ਜਿੱਥੇ ਵੀ ਰੈਫਰ ਕੀਤਾ ਜਾਵੇਗਾ, ਉਹ ਨਾਲ ਜਾਵੇਗੀ। ਉਸ ਦੇ ਕੋਈ ਔਲਾਦ ਨਹੀਂ ਸੀ ਅਤੇ ਉਹ ਕਰੀਬ 20 ਸਾਲਾਂ ਤੋਂ ਮਾਂ ਬਣਨ ਦੀ ਇੱਛਾ ਨਾਲ ਜੀਵਨ ਬਤੀਤ ਕਰ ਰਹੀ ਹੈ ਪਰ ਉਸ ਦੀ ਇਹ ਇੱਛਾ ਅੱਜ ਵੀ ਪੂਰੀ ਨਹੀਂ ਹੋ ਸਕੀ। ਸਰਬਜੀਤ ਕੌਰ ਨੇ ਕਿਹਾ ਕਿ ਪੁਲਸ ਨੇ ਕਾਨੂੰਨ ਅਨੁਸਾਰ ਮਾਸੂਮ ਬੱਚੀ ਨੂੰ ਆਪਣੀ ਨਿਗਰਾਨੀ ਹੇਠ ਲੁਧਿਆਣਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਹੈ ਅਤੇ ਜਦੋਂ ਬੱਚੀ ਠੀਕ ਹੋ ਜਾਵੇਗੀ ਤਾਂ ਉਹ ਕਾਨੂੰਨ ਅਨੁਸਾਰ ਬੱਚੀ ਨੂੰ ਗੋਦ ਲੈ ਸਕੇਗੀ।

ਇਹ ਖ਼ਬਰ ਵੀ ਪੜ੍ਹੋ : Fact Check : CM ਨਾਇਬ ਸਿੰਘ ਸੈਣੀ ਦੇ ਪ੍ਰੋਗਰਾਮ ’ਚ ਤੋੜਫੋੜ ਹੋਣ ਦੇ ਦਾਅਵੇ ਨਾਲ ਵਾਇਰਲ ਵੀਡੀਓ 3 ਸਾਲ ਪੁਰਾਣਾ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News