ਲੁਧਿਆਣਾ ''ਚ ਆਜ਼ਾਦ ਹੋਏ ''ਪੰਛੀ'', ਕੈਦ ਕਰਨ ਵਾਲੇ ਜ਼ਰਾ ਸਾਵਧਾਨ!
Tuesday, Jan 28, 2020 - 01:16 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਹੁਣ ਮਾਸੂਮ ਪੰਛੀਆਂ ਨੂੰ ਪਿੰਜਰੇ 'ਚ ਕੈਦ ਕਰਨ ਅਤੇ ਉਨ੍ਹਾਂ ਦੀ ਖਰੀਦੋ-ਫਰੋਖਤ ਕਰਨ ਵਾਲਿਆਂ ਨੂੰ ਕਿਸੇ ਵੀ ਹਾਲ 'ਚ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਸਮਾਜ ਸੇਵੀ ਜਾਨਵੀ ਬਹਿਲ ਦੇ ਯਤਨਾਂ ਸਦਕਾ ਪੰਜਾਬ ਪੁਲਸ ਨੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਇਸ 'ਤੇ ਪਾਬੰਦੀ ਲਾ ਦਿੱਤੀ ਹੈ ਅਤੇ ਅਜਿਹਾ ਕਰਨਾ ਕਾਨੂੰਨ ਦੀ ਉਲੰਘਣਾ ਹੋਵੇਗਾ। ਸਮਾਜ ਸੇਵੀ ਸੰਸਥਾਵਾਂ ਵਲੋਂ ਲਗਾਤਾਰ ਚਲਾਈ ਗਈ ਮੁਹਿੰਮ ਤੋਂ ਬਾਅਦ ਹੁਣ ਲੁਧਿਆਣਾ 'ਚ ਪੰਛੀਆਂ ਨੂੰ ਪਿੰਜਰਿਆਂ ਤੋਂ ਆਜ਼ਾਦ ਕਰ ਦਿੱਤਾ ਗਿਆ ਹੈ ਅਤੇ ਪੰਛੀ ਖਰੀਦਣ ਅਤੇ ਵੇਚਣ ਵਾਲੇ ਵੀ ਹੁਣ ਕਾਨੂੰਨ ਤੋਂ ਡਰਨ ਲੱਗੇ ਹਨ।
ਲੁਧਿਆਣਾ ਦੇ ਮਾਡਲ ਟਾਊਨ ਦੇ ਐੱਸ. ਐੱਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਸਮਾਜ ਸੇਵਿਕਾ ਜਾਨਵੀ ਬਹਿਲ ਦੇ ਲਗਾਤਾਰ ਯਤਨਾਂ ਤੋਂ ਬਾਅਦ ਹੁਣ ਪੰਛੀਆਂ ਨੂੰ ਆਜ਼ਾਦ ਕਰਵਾ ਦਿੱਤਾ ਗਿਆ ਹੈ। ਜਾਨਵੀ ਬਹਿਲ ਨੇ ਕਿਹਾ ਹੈ ਕਿ ਪੰਛੀਆਂ ਨੂੰ ਕੈਦ ਕਰਨਾ ਬੇਹੱਦ ਸ਼ਰਮਨਾਕ ਹੈ। ਉਸ ਨੇ ਕਿਹਾ ਕਿ ਪੰਛੀਆਂ ਨੂੰ ਵੀ ਆਪਣੀ ਜ਼ਿੰਦਗੀ ਜਿਊਣ ਦਾ ਪੂਰਾ ਅਧਿਕਾਰੀ ਹੈ ਅਤੇ ਕਿਸੇ ਵੀ ਪੰਛੀ ਨੂੰ ਕੈਦ ਕਰਨਾ ਕਾਨੂੰਨ ਦੇ ਖਿਲਾਫ ਹੈ।