ਬੇਜ਼ੁਬਾਨਾਂ ''ਤੇ ਵੀ ਗਰਮੀ ਦਾ ਕਹਿਰ, ਬਾਜ਼ ਦੇ ਬੱਚੇ ਦੀ ਮੌਤ, ਦੂਜੇ ਬੇਹੋਸ਼ ਬੱਚੇ ਦੀ ਬਚਾਈ ਜਾਨ

06/17/2024 2:38:07 PM

ਚੰਡੀਗੜ੍ਹ (ਆਸ਼ੀਸ਼) : ਇਨ੍ਹੀਂ ਦਿਨੀਂ ਗਰਮੀ ਨੇ ਕਹਿਰ ਵਰ੍ਹਾਇਆ ਹੋਇਆ ਹੈ ਅਤੇ ਲੋਕ ਹੱਦ ਤੋਂ ਜ਼ਿਆਦਾ ਪਰੇਸ਼ਾਨ ਹਨ। ਇੱਥੋਂ ਤੱਕ ਕਿ ਬੇਜ਼ੁਬਾਨੇ ਪਸ਼ੂ ਅਤੇ ਪੰਛੀ ਵੀ ਇਸ ਤੋਂ ਬਚ ਨਹੀਂ ਸਕੇ। ਗਰਮੀ ਅਤੇ ਪਿਆਸ ਕਾਰਨ ਸੈਕਟਰ-46 ਦੀ ਗਰੀਨ ਬੈਲਟ ’ਚ 2 ਬਾਜ਼ ਦੇ ਬੱਚੇ ਡਿੱਗ ਪਏ। ਇਹ ਲੋਪ ਹੋ ਚੁੱਕੀ ਪ੍ਰਜਾਤੀ ਦੇ ਬੱਚੇ ਸਨ। ਕੁੱਝ ਲੋਕ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਇਨ੍ਹਾਂ ਬੱਚਿਆਂ ਨੂੰ ਬੰਨ੍ਹ ਕੇ ਉਨ੍ਹਾਂ ਨਾਲ ਖੇਡ ਰਹੇ ਸਨ। ਨਿਗਮ ਦੇ ਮੁਲਾਜ਼ਮ ਪਰਮਿੰਦਰ ਦੀ ਇਸ ’ਤੇ ਨਜ਼ਰ ਪਈ।

ਉਸ ਨੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ, ਉਦੋਂ ਤੱਕ ਇਕ ਬੱਚੇ ਦੀ ਮੌਤ ਹੋ ਚੁੱਕੀ ਸੀ ਪਰ ਦੂਜੇ ਨੂੰ ਬਚਾ ਲਿਆ ਗਿਆ, ਜਿਸ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਬੱਚੇ ਨੂੰ ਬਚਾ ਕੇ ਸੈਕਟਰ-46 ਦੇ ਕਮਿਊਨਿਟੀ ਸੈਂਟਰ ’ਚ ਲਿਆਂਦਾ ਗਿਆ, ਜਿੱਥੇ ਉਸ ’ਤੇ ਪਾਣੀ ਪਾ ਕੇ ਉਸ ਨੂੰ ਹੋਸ਼ ’ਚ ਲਿਆਂਦਾ ਗਿਆ ਤੇ ਪੀਣ ਲਈ ਪਾਣੀ ਦਿੱਤਾ ਗਿਆ, ਜਿਸ ਨਾਲ ਉਸ ਨੂੰ ਹੋਸ਼ ਆ ਗਿਆ।

ਇਸ ਤੋਂ ਬਾਅਦ ਬਰਡਮੈਨ ਦੇ ਨਾਂ ਨਾਲ ਮਸ਼ਹੂਰ ਡਾ. ਪ੍ਰਿੰਸ ਨਹਿਰਾ ਨੂੰ ਬੁਲਾਇਆ ਗਿਆ ਅਤੇ ਇਸ ਪੰਛੀ ਨੂੰ ਉਨ੍ਹਾਂ ਨੇ ਆਪਣੀ ਐਂਬੂਲੈਂਸ ’ਚ ਵਾਈਲਡ ਲਾਈਫ ਟੀਮ ਨੂੰ ਸੌਂਪ ਦਿੱਤਾ। ਹੁਣ ਇਹ ਪੰਛੀ ਸੁਰੱਖਿਅਤ ਹੈ। ਕੌਂਸਲਰ ਗੁਰਪ੍ਰੀਤ ਗਾਬੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਭਿਆਨਕ ਗਰਮੀ ’ਚ ਆਪਣੇ ਘਰਾਂ ਤੇ ਬਗ਼ੀਚਿਆਂ ’ਚ ਪਾਣੀ ਦੇ ਭਾਂਡੇ ਰੱਖ ਕੇ ਉਨ੍ਹਾਂ ਦੀ ਮਦਦ ਕਰਨ।
       


Babita

Content Editor

Related News