ਚੰਡੀਗੜ੍ਹ ''ਚ ਬਿਜਲੀ ਦੇ ਨਿੱਜੀਕਰਨ ਸਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਵਿਰੋਧ ਕਰਨਾ ਚਾਹੀਦੈ : ਬੀਰ ਦਵਿੰਦਰ
Tuesday, Jun 15, 2021 - 04:22 PM (IST)
ਚੰਡੀਗੜ੍ਹ : ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਬਿਜਲੀ ਦੇ ਨਿੱਜੀਕਰਨ ਦੀ ਯੋਜਨਾ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਵੀ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਬਿਜਲੀ ਦਾ ਨਿਜੀਕਰਨ ਕਰਨਾ ਭਾਰਤ ਸਰਕਾਰ ਦੀ ਇਕ ਮਾੜੀ ਚਾਲ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਦੀਪ ਸਿੱਧੂ' ਦੀ ਅਚਾਨਕ ਵਿਗੜੀ ਸਿਹਤ, ਅਣਪਛਾਤੇ ਨੇ ਦਿੱਤਾ ਸ਼ੱਕੀ ਪਦਾਰਥ
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਰਗੇ ਸ਼ਹਿਰ 'ਚ ਬਿਜਲੀ ਦੀ ਘਾਟ ਘੱਟ ਹੈ, ਕੀਮਤ ਵੀ ਘੱਟ ਹੈ ਅਤੇ ਚੰਗੀ ਖ਼ਪਤਕਾਰ ਸੇਵਾ ਹੈ, ਅਜਿਹੇ 'ਚ ਬਿਜਲੀ ਸਪਲਾਈ ਦਾ ਨਿਜੀਕਰਨ ਕਰਨਾ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂ. ਟੀ. ਦੇ ਸਾਰੇ ਬਿਜਲੀ ਵਿਭਾਗ ਪਿਛਲੇ ਲੰਬੇ ਸਮੇਂ ਤੋਂ ਮੁਨਾਫ਼ਾ ਕਮਾ ਰਹੇ ਹਨ ਅਤੇ ਪਿਛਲੇ ਵਿੱਤੀ ਵਰ੍ਹੇ ਦੌਰਾਨ ਇਹ 260 ਕਰੋੜ ਦੀ ਸੀਮਾ ਹੱਦ 'ਚ ਸੀ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ 'ਚ ਬਿਜਲੀ ਦੇ ਨਿੱਜੀਕਰਨ ਨਾਲ ਟੈਰਿਫ 'ਚ ਵਾਧਾ ਹੋਵੇਗਾ।
ਬੀਰ ਦਵਿੰਦਰ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਇਸ ਲਈ ਕੇਂਦਰ ਸਰਕਾਰ ਵੱਲੋਂ ਯੂ. ਟੀ. ਚੰਡੀਗੜ੍ਹ 'ਚ ਕਿਸੇ ਵੀ ਵਿਭਾਗ ਬਾਰੇ ਪੰਜਾਬ ਦੀ ਮਨਜ਼ੂਰੀ ਲਏ ਬਿਨਾਂ ਲੰਬੇ ਜਾਂ ਥੋੜ੍ਹੇ ਸਮੇਂ ਬਾਰੇ ਨੀਤੀਗਤ ਫ਼ੈਸਲਾ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਿੱਤਾਂ ਨਾਲ ਜੁੜੇ ਇਨ੍ਹਾਂ ਮਹੱਤਵਪੂਰਨ ਮੁੱਦਿਆਂ ਨੂੰ ਲੈ ਕੇ ਅਜੇ ਵੀ ਡੂ਼ੰਘੀ ਨੀਂਦ 'ਚ ਕਿਉਂ ਹਨ।
ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਅਗਲੀ ਬੈਠਕ 18 ਤਾਰੀਖ਼ ਨੂੰ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਉਨ੍ਹਾਂ ਕਿਹਾ ਕਿ ਇਹ ਚੰਗਾ ਹੁੰਦਾ, ਜੇਕਰ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਵਜ਼ਾਰਤ ਇਸ ਬਾਰੇ ਕੋਈ ਨੋਟਿਸ ਲੈਂਦੀ ਪਰ ਬਦਕਿਸਮਤੀ ਨਾਲ ਪੰਜਾਬ ਸਰਕਾਰ ਨੇ ਇਸ ਮੁੱਦੇ 'ਤੇ ਚੁੱਪ ਰਹਿਣ ਨੂੰ ਤਰਜ਼ੀਹ ਦਿੱਤੀ ਹੈ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਵੱਖਰੇ ਤੌਰ 'ਤੇ ਇਕ ਪੱਤਰ ਲਿਖ ਰਹੇ ਹਨ, ਜਿਸ 'ਚ ਉਹ ਇਸ ਮੁੱਦੇ ਦੇ ਖ਼ਿਲਾਫ਼ ਪਾਰਟੀਆਂ ਵੱਲੋਂ ਆਵਾਜ਼ ਉਠਾਉਣ ਦੀ ਮੰਗ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ