ਮੁੱਖ ਮੰਤਰੀ ਕੈਪਟਨ ਨਹੀਂ, ਆਰੂਸਾ ਚਲਾ ਰਹੀ ਹੈ ਸਰਕਾਰ: ਬੀਰ ਦਵਿੰਦਰ ਸਿੰਘ

Thursday, May 02, 2019 - 10:31 AM (IST)

ਮੁੱਖ ਮੰਤਰੀ ਕੈਪਟਨ ਨਹੀਂ, ਆਰੂਸਾ ਚਲਾ ਰਹੀ ਹੈ ਸਰਕਾਰ: ਬੀਰ ਦਵਿੰਦਰ ਸਿੰਘ

ਗੜ੍ਹਸ਼ੰਕਰ (ਅਮਰੀਕ)— ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਚੋਣ ਮੈਦਾਨ 'ਚ ਉਤਾਰੇ ਗਏ ਸ੍ਰੀ ਆਨੰਦਪੁਰ ਸਾਹਿਬ ਸੀਟ ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਮੁਤਾਬਕ ਪੰਜਾਬ ਦੀ ਵਜ਼ਾਰਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਉਨ੍ਹਾਂ ਦੀ ਪਾਕਿਸਤਾਨੀ ਦੋਸਤ ਆਰੂਸਾ ਆਲਮ ਚਲਾ ਰਹੀ ਹੈ। ਉਨ੍ਹਾਂ ਮੁਤਾਬਕ ਕੈਪਟਨ ਪੰਜਾਬ ਦੇ ਮੁੱਦਿਆਂ ਤੋਂ ਬੇਪਰਵਾਹ ਹੋ ਕੇ ਅਰਾਮ ਫਰਮਾ ਰਹੇ ਹਨ। ਦੱਸ ਦੇਈਏ ਕਿ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ 'ਚ ਆਪਣੇ ਦਫਤਰ ਦਾ ਉਦਘਾਟਨ ਕਰਨ ਆਏ ਸਨ, ਜਿੱਥੇ ਉਨ੍ਹਾਂ ਨੇ ਕਾਂਗਰਸ ਨੂੰ ਲੰਮੇ ਹੱਥੀਂ ਲੈਂਦੇ ਹੋਏ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਜੋ ਵਾਅਦੇ ਕਾਂਗਰਸ ਸਰਕਾਰ ਨੇ ਕੀਤੇ ਸਨ, ਉਨ੍ਹਾਂ 'ਚੋਂ ਇਕ ਵੀ ਵਾਅਦਾ ਕਾਂਗਰਸ ਨੇ ਪੂਰਾ ਨਹੀਂ ਕੀਤਾ ਅਤੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ, ਜਿਸ ਕਰਕੇ ਉਹ ਲੋਕਾਂ 'ਚ ਨਹੀਂ ਜਾ ਰਹੇ। 
ਸੁਖਪਾਲ ਖਹਿਰਾ ਵੱਲੋਂ ਵਿਧਾਇਕੀ ਤੋਂ ਦਿੱਤੇ ਅਸਤੀਫੇ ਬਾਰੇ ਬੀਰ ਦਵਿੰਦਰ ਨੇ ਕਿਹਾ ਕਿ ਅਜਿਹੇ ਦਿੱਤੇ ਅਸਤੀਫੇ ਸਵੀਕਾਰ ਨਹੀਂ ਕੀਤੇ ਜਾਂਦੇ ਕਿਉਂਕਿ ਅਸਤੀਫਾ ਸਿਰਫ 2 ਪੰਨਿਆਂ ਦਾ ਹੁੰਦਾ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਧਾਨਸਭਾ ਹਲਕਾ ਗੜ੍ਹਸ਼ੰਕਰ ਦੀ ਸਾਰ ਨਹੀਂ ਲਈ ਅਤੇ ਬੀਰ ਦਵਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਮਨੀਸ਼ ਤਿਵਾੜੀ ਨਾਲ ਹੈ।
ਜ਼ਿਕਰਯੋਗ ਹੈ ਕਿ ਕਿਸੇ ਵੇਲੇ ਕਾਂਗਰਸ 'ਚ ਕੈਪਟਨ ਦੇ ਸਾਥੀ ਰਹੇ ਬੀਰ ਦਵਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਕੈਪਟਨ ਨੂੰ ਲਗਾਤਾਰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਜਗਮੀਤ ਬਰਾੜ ਦੇ ਨਾਲ ਰਲ ਦੋਹਾਂ ਵੱਲੋਂ ਹੀ ਸੱਭ ਤੋਂ ਪਹਿਲਾਂ ਕਾਂਗਰਸ 'ਚ ਕੈਪਟਨ ਖਿਲਾਫ ਮੋਰਚਾ ਖੋਲਿਆ ਗਿਆ ਸੀ। ਟਕਸਾਲੀ ਨੇਤਾ ਦਾ ਕਹਿਣਾ ਹੈ ਕਿ ਕਾਂਗਰਸ 'ਚ ਕਈ ਨੇਤਾਵਾਂ ਦੀ ਬੇਕਦਰੀ ਕੀਤੀ ਜਾਂਦੀ ਹੈ।


author

shivani attri

Content Editor

Related News