ਪਟਿਆਲਾ : ਬਿੰਦਰਾ ਕਾਲੋਨੀ ’ਚ ਟੁੱਲੂ ਪੰਪ ਉਤਾਰਨ ਗਈ ਨਿਗਮ ਦੀ ਟੀਮ ਨੂੰ ਲੋਕਾਂ ਨੇ ਘੇਰਿਆ
Saturday, Jul 23, 2022 - 12:09 AM (IST)
ਪਟਿਆਲਾ (ਕੰਵਲਜੀਤ, ਬਲਜਿੰਦਰ) : ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਜੇਲ੍ਹ ਰੋਡ ’ਤੇ ਸਥਿਤ ਬਿੰਦਰਾ ਕਾਲੋਨੀ 'ਚ ਸ਼ੁੱਕਰਵਾਰ ਜਦੋਂ ਨਗਰ ਨਿਗਮ ਦੀ ਟੀਮ ਨੇ ਟੁੱਲੂ ਪੰਪ ਉਤਾਰ ਲਏ ਤਾਂ ਲੋਕਾਂ ਨੇ ਨਿਗਮ ਦੇ ਅਫ਼ਸਰ ਅਤੇ ਗੱਡੀ ਘੇਰ ਲਈ। ਲੋਕਾਂ ਨੇ ਨਗਰ ਨਿਗਮ ਦੀ ਟੀਮ ਨੂੰ ਕਿਹਾ ਕਿ ਉਨ੍ਹਾਂ ਟੁੱਲੂ ਪੰਪ ਸ਼ੌਕ ਨਾਲ ਨਹੀਂ ਲਗਾਏ, ਸਗੋਂ ਪਾਣੀ ਨਹੀਂ ਆ ਰਿਹਾ, ਇਸ ਲਈ ਮਜਬੂਰੀ ’ਚ ਲਗਾਏ ਹਨ। ਲੋਕਾਂ ਨੇ ਦੱਸਿਆ ਕਿ ਪਹਿਲਾਂ ਬਾਹਰ ਪਾਣੀ ਲਈ ਹੌਦੀਆਂ ਬਣਵਾਈਆਂ ਗਈਆਂ ਸਨ, ਉਹ ਵੀ ਨਗਰ ਨਿਗਮ ਨੇ ਬੰਦ ਕਰਵਾ ਦਿੱਤੀਆਂ। ਉਨ੍ਹਾਂ ਨੂੰ ਬਿਨਾਂ ਟੁੱਲੂ ਪੰਪ ਦੇ ਪਾਣੀ ਮਿਲ ਜਾਵੇ ਤਾਂ ਉਨ੍ਹਾਂ ਟੁੱਲੂ ਪੰਪ ਲਗਾਉਣ ਦੀ ਕੀ ਲੋੜ ਹੈ।
ਖ਼ਬਰ ਇਹ ਵੀ : ਲਾਰੈਂਸ ਬਿਸ਼ਨੋਈ ਦੀ ਆਡੀਓ ਆਈ ਸਾਹਮਣੇ ਤਾਂ ਉਥੇ ਫਿਰੋਜ਼ਪੁਰ 'ਚ ਲਿਖੇ ਖਾਲਿਸਤਾਨ ਪੱਖੀ ਨਾਅਰੇ, ਪੜ੍ਹੋ TOP 10
ਦੂਜੇ ਪਾਸੇ ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਟੁੱਲੂ ਪੰਪ ਕਾਰਨ ਡਾਇਰੀਆ ਫੈਲਦਾ ਹੈ ਅਤੇ ਲੋਕ ਬਿਮਾਰ ਹੁੰਦੇ ਹਨ। ਟੁੱਲੂ ਪੰਪ ਦੀ ਮੋਟਰ ਪਾਣੀ ਨੂੰ ਤੇਜ਼ੀ ਨਾਲ ਖਿੱਚਦੀ ਹੈ, ਜਿਸ ਕਾਰਨ ਪਾਈਪਾਂ ਦੇ ਜੋੜਾਂ ’ਤੇ ਅਸਰ ਪੈਂਦਾ ਹੈ। ਉਸ ਵਿੱਚੋਂ ਕਈ ਵਾਰ ਮਿੱਟੀ ਅਤੇ ਜਾਂ ਫਿਰ ਸੀਵਰੇਜ ਦਾ ਪਾਣੀ ਵੀ ਖਿੱਚ ਲੈਂਦੀ ਹੈ। ਨਗਰ ਨਿਗਮ ਵੱਲੋਂ ਬਿਮਾਰੀਆਂ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਰ-ਵਾਰ ਕਿਹਾ ਜਾਂਦਾ ਹੈ ਤੇ ਟੁੱਲੂ ਪੰਪ ਨਾ ਚਲਾਉਣ ਦੀ ਵੀ ਅਪੀਲ ਕੀਤੀ ਜਾਂਦੀ ਪਰ ਲੋਕਾਂ ਦੇ ਨਾ ਮੰਨਣ ਕਾਰਨ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ। ਜਦੋਂ ਦੋਵਾਂ ਧਿਰਾਂ ਅੜ ਗਈਆਂ ਤਾਂ ਮਾਮਲਾ ਕਾਫੀ ਗਰਮਾ ਗਿਆ। ਲੋਕਾਂ ਨੇ ਰੋਡ ਜਾਮ ਦੀ ਤਿਆਰੀ ਕਰ ਲਈ ਅਤੇ ਨਗਰ ਨਿਗਮ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਖੂਨ-ਪਸੀਨੇ ਦੀ ਕਮਾਈ, ਲੁਟੇਰਿਆਂ ਨੇ ਉਡਾਈ, ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਨੰਗਲ ਨਿਵਾਸੀ ਝੰਜੋੜੇ
ਨਗਰ ਨਿਗਮ ਪੁਲਸ ਟੀਮ ਦੀ ਅਗਵਾਈ ਕਰ ਰਹੇ ਏ. ਐੱਸ. ਆਈ. ਗੋਪਾਲ ਸ਼ਰਮਾ ਨੇ ਦੱਸਿਆ ਕਿ ਦੋਵਾਂ ਧਿਰਾਂ ’ਚ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਕਿ ਇੱਥੋਂ ਦਾ ਇਕ ਵਫਦ ਸੋਮਵਾਰ ਨੂੰ ਨਗਰ ਨਿਗਮ ਵਿਖੇ ਕਮਿਸ਼ਨਰ ਨੂੰ ਮਿਲੇਗਾ ਤੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇਗਾ। ਟੀਮ ਨੇ ਲੋਕਾਂ ਦੇ ਟੁੱਲੂ ਪੰਪ ਵੀ ਵਾਪਸ ਕਰ ਦਿੱਤੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।