ਤਿੰਨ ਸਾਲ ਪਹਿਲਾਂ ਵਾਪਰੇ ਬਿੱਲਾ ਕਤਲ ਕਾਂਡ ਦੇ ਕੇਸ 'ਚ ਆਇਆ ਨਵਾਂ ਮੋੜ, ਪਤਨੀ ਨੂੰ ਮਿਲੀਆਂ ਧਮਕੀਆਂ
Sunday, Apr 28, 2019 - 10:17 AM (IST)
ਜਲੰਧਰ (ਜ.ਬ.)— ਤਿੰਨ ਸਾਲ ਪਹਿਲਾਂ ਜੋਤੀ ਚੌਕ 'ਚ ਹੋਏ ਬਿੱਲਾ ਹੱਤਿਆ ਕਾਂਡ ਦੇ ਕੇਸ 'ਚ ਨਵਾਂ ਮੋੜ ਆਇਆ ਹੈ। ਬਿੱਲਾ ਦੀ ਪਤਨੀ ਨੇ ਥਾਣਾ-6 ਦੀ ਪੁਲਸ ਨੂੰ ਸ਼ਿਕਾਇਤ ਦੇ ਕੇ ਕਿਹਾ ਕਿ ਅਸ਼ੀਸ਼ ਮਨਕੋਟੀਆ ਨੇ ਉਨ੍ਹਾਂ ਦੇ ਬੇਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਅਤੇ ਕਿਹਾ ਕਿ ਜਿਸ ਤਰ੍ਹਾਂ ਉਸ ਦੇ ਪਤੀ ਨੂੰ ਮਰਵਾਇਆ ਗਿਆ ਸੀ ਉਹੀ ਹਾਲ ਉਸ ਦੇ ਬੇਟੇ ਦਾ ਵੀ ਹੋਵੇਗਾ। ਪੁਲਸ ਨੇ ਅਸ਼ੀਸ਼ ਮਨਕੋਟੀਆ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਸ਼ਿਕਾਇਤ 'ਚ ਮਮਤਾ ਰਾਣੀ ਪਤਨੀ ਸਵ. ਅਨਿਲ ਕੁਮਾਰ ਉਰਫ ਬਿੱਲਾ ਵਾਸੀ ਜੀ. ਟੀ. ਬੀ. ਐਵੇਨਿਊ ਨੇ ਦੋਸ਼ ਲਗਾਏ ਕਿ 19 ਅਪ੍ਰੈਲ ਨੂੰ ਜਦੋਂ ਉਹ ਆਪਣੇ ਬੇਟੇ ਅੰਕੁਰ ਅਤੇ ਨੌਕਰ ਪ੍ਰੇਮ ਥਾਪਰ ਨਾਲ ਘਰ 'ਚ ਮੌਜੂਦ ਸੀ ਤਾਂ ਮਹਾਰਾਜਾ ਗਾਰਡਨ 'ਚ ਰਹਿਣ ਵਾਲੇ ਅਸ਼ੀਸ਼ ਮਨਕੋਟੀਆ ਦੀ ਪਤਨੀ ਜੋਤੀ ਨੇ ਫੋਨ ਕਰਕੇ ਆਪਣੇ ਪਤੀ ਬਾਰੇ ਪੁੱਛਿਆ ਤਾਂ ਜਵਾਬ 'ਚ ਮਮਤਾ ਨੇ ਉਸ ਨੂੰ ਕਿਹਾ ਕਿ ਅਸ਼ੀਸ਼ ਉਨ੍ਹਾਂ ਦੇ ਘਰ ਨਹੀਂ ਆਇਆ ਪਰ ਕੁਝ ਸਮੇਂ ਬਾਅਦ ਅਸ਼ੀਸ਼ ਨੇ ਉਨ੍ਹਾਂ ਦੇ ਘਰ ਆ ਕੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ।
ਦੋਸ਼ ਹੈ ਕਿ ਅਸ਼ੀਸ਼ ਨੇ ਮਮਤਾ 'ਤੇ ਹੱਥ ਵੀ ਚੁੱਕਿਆ ਅਤੇ ਬਚਾਅ 'ਚ ਆਏ ਨੌਕਰ ਨਾਲ ਵੀ ਕੁੱਟਮਾਰ ਕੀਤੀ। ਮਮਤਾ ਨੇ ਸ਼ਿਕਾਇਤ 'ਚ ਦੋਸ਼ ਲਗਾਏ ਕਿ ਅਸ਼ੀਸ਼ ਨੇ ਉਸ ਨੂੰ ਇਹ ਵੀ ਧਮਕੀ ਦਿੱਤੀ ਕਿ ਜਿਸ ਤਰ੍ਹਾਂ ਉਸ ਨੇ ਉਸ ਦੇ ਪਤੀ ਨੂੰ ਮਰਵਾਇਆ ਉਹੀ ਹਾਲ ਉਸ ਦੇ ਬੇਟੇ ਦਾ ਵੀ ਹੋਵੇਗਾ। ਪੁਲਸ ਨੇ ਮਮਤਾ ਦੀ ਸ਼ਿਕਾਇਤ 'ਤੇ ਅਸ਼ੀਸ਼ ਮਨਕੋਟੀਆ 'ਤੇ ਕੇਸ ਦਰਜ ਕਰ ਲਿਆ ਹੈ।
ਜਿਮ ਤੋਂ ਵਾਪਸ ਆਉਂਦੇ ਬਿੱਲੇ ਨੂੰ ਮਾਰੀ ਸੀ ਗੋਲੀ
3 ਜੂਨ 2016 ਦੀ ਸਵੇਰੇ ਜੋਤੀ ਚੌਕ 'ਤੇ ਮੋਟਰਸਾਈਕਲ ਸਵਾਰਾਂ ਨੇ ਪਾਲ ਗਾਰਮੈਂਟਸ ਅਤੇ ਫਾਰੈਕਸ ਦੇ ਮਾਲਕ ਅਨਿਲ ਕੁਮਾਰ ਉਰਫ ਬਿੱਲਾ ਨੂੰ ਗੋਲੀ ਮਾਰ ਦਿੱਤੀ ਸੀ। ਥਾਣਾ-4 'ਚ ਹਤਿਆਰਿਆਂ ਖਿਲਾਫ ਕੇਸ ਦਰਜ ਹੋਇਆ ਸੀ। ਇਸ ਮਰਡਰ ਕੇਸ 'ਚ ਸ਼ਹਿਰ ਦੇ ਕਾਫੀ ਪ੍ਰਸਿੱਧ ਲੋਕਾਂ ਦੇ ਨਾਂ ਸਾਹਮਣੇ ਆਏ ਸਨ।