ਸਦਨ ''ਚ ਦਿਲ ਖੋਲ੍ਹ ਕੇ ਕਾਂਗਰਸ ''ਤੇ ਵਰ੍ਹੇ ''ਮਜੀਠੀਆ''

12/14/2018 12:13:59 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਹਿਮ ਮੁੱਦਿਆਂ 'ਤੇ ਦਿਲ ਖੋਲ੍ਹ ਕੇ ਕਾਂਗਰਸ ਨੂੰ ਘੇਰਿਆ। ਮਜੀਠੀਆ ਨੇ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ 'ਤੇ ਸਰਕਾਰ ਵਲੋਂ ਕਾਰਵਾਈ ਨਾ ਕਰਨ ਦਾ ਮੁੱਦਾ ਚੁੱਕਿਆ। ਇਸ ਤੋਂ ਇਲਾਵਾ ਕਮਲਨਾਥ ਦੇ ਮੁੱਦੇ 'ਤੇ ਵੀ ਉਨ੍ਹਾਂ ਸਦਨ 'ਚ ਹੰਗਾਮਾ ਕੀਤਾ। ਕਿਸਾਨਾਂ ਦੀ ਕੁਰਕੀ ਮਾਮਲੇ 'ਚ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੂਬ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਅੱਜ 400 ਤੋਂ ਵੱਧ ਕਿਸਾਨਾਂ ਦੀ ਕੁਰਕੀ ਹੋ ਗਈ ਅਤੇ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਦੋਂ ਕਿ ਕੈਪਟਨ ਨੇ ਕਿਹਾ ਸੀ ਕਿ ਕੁਰਕੀ ਬੰਦ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼ਗਨ ਸਕੀਮ, ਪੈਨਸ਼ਨ ਸਕੀਮ ਅਤੇ ਮਜ਼ਦੂਰਾਂ-ਕਿਸਾਨਾਂ ਸਬੰਧੀ ਮਾਮਲਿਆਂ 'ਚ ਕਾਂਗਰਸ ਹਰ ਥਾਂ ਫੇਲ ਹੋਈ ਹੈ। ਬਿਕਰਮ ਮਜੀਠੀਆ ਵਲੋਂ 1984 ਦੇ ਦੰਗਿਆਂ ਸੰਬਧੀ ਵੀ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ।


Babita

Content Editor

Related News