ਰਾਜਪਾਲ ਦੇ ਭਾਸ਼ਣ ''ਤੇ ਬਹਿਸ ''ਚ ਮਜੀਠੀਆ ਤੇ ਚੰਨੀ ਭਿੜੇ
Tuesday, Mar 27, 2018 - 07:23 AM (IST)

ਚੰਡੀਗੜ੍ਹ(ਭੁੱਲਰ)-ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਵੱਲੋਂ ਦਿੱਤੇ ਗਏ ਭਾਸ਼ਣ 'ਤੇ ਅੱਜ ਵੀ ਦੇਰ ਸ਼ਾਮ ਤੱਕ ਸੈਸ਼ਨ 'ਚ ਬਹਿਸ ਜਾਰੀ ਰਹੀ। 27 ਮਾਰਚ ਨੂੰ ਬਹਿਸ ਦੇ ਪੂਰਾ ਹੋਣ ਤੋਂ ਬਾਅਦ ਧੰਨਵਾਦ ਮਤਾ ਪਾਸ ਹੋਵੇਗਾ। ਇਸ ਦੌਰਾਨ ਮਾਹੌਲ ਕਾਫ਼ੀ ਗਰਮਾ ਗਰਮੀ ਵਾਲਾ ਰਿਹਾ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਭਿੜ ਗਏ ਤੇ ਇਕ-ਦੂਜੇ ਨਾਲ ਦੋਵਾਂ ਦੀ ਤਿੱਖੀ ਤਕਰਾਰਬਾਜ਼ੀ ਹੋਈ। ਮਜੀਠੀਆ ਨੇ ਜਦੋਂ ਬਹਿਸ 'ਚ ਹਿੱਸਾ ਲੈਂਦੇ ਹੋਏ ਰਾਜਪਾਲ ਭਾਸ਼ਣ 'ਚ ਸਰਕਾਰ ਵੱਲੋਂ ਰਾਜਧਾਨੀ ਚੰਡੀਗੜ੍ਹ, ਪੰਜਾਬੀ ਭਾਸ਼ਾਈ ਇਲਾਕੇ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਨੂੰ ਨਜ਼ਰ-ਅੰਦਾਜ਼ ਕੀਤੇ ਜਾਣ ਦੀ ਗੱਲ ਕੀਤੀ ਤਾਂ ਚੰਨੀ ਨੇ ਖੜ੍ਹੇ ਹੋ ਕੇ ਮਜੀਠੀਆ 'ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ 10 ਸਾਲ ਤੁਹਾਡਾ ਰਾਜ ਰਿਹਾ ਹੈ ਤਾਂ ਉਸ ਸਮੇਂ ਤੁਸੀਂ ਉਨ੍ਹਾਂ ਮੁੱਦਿਆਂ 'ਤੇ ਕੀ ਕਾਰਵਾਈ ਕੀਤੀ। ਹੁਣ ਕਿਸ ਮੂੰਹ ਨਾਲ ਗੱਲ ਕਰ ਰਹੇ ਹੋ? ਉਨ੍ਹਾਂ ਨੇ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਕੇਂਦਰ 'ਚ ਤੁਹਾਡੀ ਸਹਿਯੋਗੀ ਸਰਕਾਰ ਹੈ ਅਤੇ ਤੁਹਾਡੀ ਭੈਣ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਕੇਂਦਰ 'ਚ ਮੰਤਰੀ ਹਨ ਪਰ ਜੇਕਰ ਤੁਸੀਂ ਇਨ੍ਹਾਂ ਮਾਮਲਿਆਂ ਦਾ ਹੱਲ ਨਹੀਂ ਕਰਵਾ ਸਕਦੇ ਤਾਂ ਉਹ ਕੇਂਦਰ ਤੋਂ ਅਸਤੀਫਾ ਕਿਉਂ ਨਹੀਂ ਦੇ ਦਿੰਦੀ। ਇਸ 'ਤੇ ਮਜੀਠੀਆ ਨੇ ਕਿਹਾ ਕਿ ਚੰਨੀ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਨ੍ਹਾਂ ਨੇ ਪੰਜਾਬ ਦੇ ਮੁੱਦੇ ਛੱਡ ਦਿੱਤੇ ਹਨ। ਇਸ ਦੌਰਾਨ ਮਜੀਠੀਆ ਨੇ ਹੋਰ ਮੁੱਦਿਆਂ 'ਤੇ ਵੀ ਕੈਪਟਨ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸੀ ਮੈਂਬਰਾਂ ਨੇ ਵਿਚ-ਵਿਚ ਟੋਕਾ-ਟਾਕੀ ਜਾਰੀ ਰੱਖੀ। ਇਸ ਦੌਰਾਨ ਮਜੀਠੀਆ ਅਤੇ ਅਕਾਲੀ-ਭਾਜਪਾ ਮੈਂਬਰ ਬੋਲਣ ਲਈ ਪੂਰਾ ਸਮਾਂ ਨਾ ਮਿਲਣ ਅਤੇ ਕਾਂਗਰਸ ਵੱਲੋਂ ਜਾਣ-ਬੁਝ ਕੇ ਰੁਕਾਵਟਾਂ ਪਾਉਣ ਦੇ ਵਿਰੋਧ 'ਚ ਨਾਅਰੇਬਾਜ਼ੀ ਕਰਦੇ ਹੋਏ ਬਹਿਸ ਨੂੰ ਵਿਚਾਲੇ ਹੀ ਛੱਡ ਕੇ ਬਾਹਰ ਚਲੇ ਗਏ। ਅੱਜ ਹੋਈ ਬਹਿਸ 'ਚ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ, ਕੁਲਜੀਤ ਨਾਗਰਾ, ਬਲਵੀਰ ਸਿੱਧੂ, ਭਾਜਪਾ ਦੇ ਸੋਮ ਪ੍ਰਕਾਸ਼, ਆਮ ਆਦਮੀ ਪਾਰਟੀ ਦੇ ਐੱਚ. ਐੱਸ. ਫੂਲਕਾ ਅਤੇ ਜਗਦੇਵ ਸਿੰਘ ਆਦਿ ਨੇ ਵੀ ਹਿੱਸਾ ਲਿਆ।