''ਚਾਚੇ'' ਦੇ ਰਾਜ ''ਚ ਵੀ ''ਮਜੀਠੀਏ'' ਦੀ ਟੌਹਰ!

12/06/2017 4:43:09 AM

ਲੁਧਿਆਣਾ(ਮੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਬੀਤੀ ਕੱਲ ਲੁਧਿਆਣਾ 'ਚ ਆਪਣੇ ਕੇਸ ਦੇ ਮਾਮਲੇ ਵਿਚ ਬਿਆਨ ਕਲਮਬੰਦ ਕਰਵਾਉਣ ਆਏ ਸਨ। ਜਦੋਂ ਉਨ੍ਹਾਂ ਦਾ ਕਾਫਲਾ ਲੁਧਿਆਣਾ ਕਚਹਿਰੀ 'ਚ ਦਾਖਲ ਹੋਇਆ ਤਾਂ ਉਸ ਪਿੱਛੇ ਕੋਈ ਦਰਜਨ ਦੇ ਕਰੀਬ ਪੁਲਸ ਦੀਆਂ ਗੱਡੀਆਂ ਸ਼ਾਮਲ ਸਨ, ਜਿਨ੍ਹਾਂ 'ਚ ਦਿੱਲੀ ਪੁਲਸ, ਪੰਜਾਬ ਪੁਲਸ ਤੇ ਕਮਾਂਡੋ ਤਾਇਨਾਤ ਸਨ। ਸਥਾਨਕ ਪੁਲਸ ਨੇ ਵੀ ਕੋਰਟ ਦੇ ਮੁੱਖ ਦਾਖਲਾ ਗੇਟ ਤੋਂ ਲੈ ਕੇ ਪਾਰਕਿੰਗ ਤੱਕ ਪੁਲਸ ਤਾਇਨਾਤ ਕੀਤੀ ਹੋਈ ਸੀ। ਕੋਈ 6 ਘੰਟੇ ਕੋਰਟ 'ਚ ਬਿਤਾਉਣ ਉਪਰੰਤ ਜਦੋਂ ਸ. ਮਜੀਠੀਆ ਸਾਢੇ 3 ਵਜੇ ਆਪਣੇ ਕਾਫਲੇ ਨਾਲ ਨਿਕਲੇ ਤਾਂ ਉਸ ਤੋਂ ਵੱਡਾ ਲਾਮ ਲਸ਼ਕਰ ਉਨ੍ਹਾਂ ਦੇ ਪਿੱਛੇ ਗੁਜ਼ਰ ਰਿਹਾ ਸੀ, ਕਿਉਂਕਿ ਉਨ੍ਹਾਂ ਦੇ ਸਵਾਗਤ ਤੇ ਹਮਾਇਤ 'ਤੇ ਲੁਧਿਆਣੇ ਦੇ ਸਾਬਕਾ ਵਜ਼ੀਰ ਤੇ ਐੱਮ. ਐੱਲ. ਏ. ਦੀਆਂ ਗੱਡੀਆਂ ਵੀ ਉਨ੍ਹਾਂ ਦੇ ਪਿੱਛੇ ਲੱਗਣ ਨਾਲ ਦੇਖਣ ਵਾਲੇ ਰਾਹਗੀਰ ਹੈਰਾਨ ਸਨ ਕਿ ਕਿਸ ਤਰੀਕੇ ਨਾਲ ਸ. ਮਜੀਠੀਆ ਕੈਪਟਨ ਦੇ ਰਾਜ ਵਿਚ ਵੱਡੇ ਕਾਫਲੇ 'ਚ ਜਾ ਰਹੇ ਹਨ, ਜਦੋਂ ਕਿ ਇਕ ਰਾਹਗੀਰ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਦੇਖਿਆ ਭਾਈ ਚਾਚੇ ਦੇ ਰਾਜ ਵਿਚ ਵੀ ਮਜੀਠੀਏ ਦੀ ਪੂਰੀ ਟੌਹਰ ਕਿੱਦਾਂ ਲਿਸ਼ਕਾਂ ਮਾਰ ਰਹੀ ਹੈ। 


Related News