ਬਾਈਕ ਸਵਾਰ ਲੁਟੇਰਿਆਂ ਨੇ ਆਟੋ 'ਚ ਬੈਠੇ ਨੌਜਵਾਨ ਦਾ ਖੋਹਿਆ ਮੋਬਾਈਲ, ਨਾ ਛੱਡਣ 'ਤੇ ਘੜੀਸ ਕੇ ਲੈ ਗਏ ਨਾਲ

07/05/2022 11:45:51 AM

ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਦੇ ਝਬਾਲ ਰੋਡ 'ਤੇ ਇਕ ਆਟੋ 'ਚ ਬੈਠੇ ਨੌਜਵਾਨਾਂ ਤੋਂ ਦੋ ਬਾਈਕ ਸਵਾਰ ਲੁਟੇਰੇ ਮੋਬਾਈਲ ਖੋਹ ਕੇ ਫ਼ਰਾਰ ਹੋ ਜਾਣ ਦੀ ਸੂਚਨਾ ਮਿਲੀ ਹੈ। ਆਟੋ ’ਚ ਬੈਠੇ ਨੌਜਵਾਨ ਦੇ ਫੋਨ ਨੂੰ ਜਦੋਂ ਲੁਟੇਰਿਆਂ ਨੇ ਹੱਥ ਪਾਇਆ ਤਾਂ ਨੌਜਵਾਨ ਨੇ ਫੋਨ ਨਹੀਂ ਦਿੱਤਾ, ਜਿਸ ਕਾਰਨ ਉਹ ਆਟੋ ਤੋਂ ਸੜਕ 'ਤੇ ਡਿੱਗ ਪਿਆ। ਇਸ ਦੌਰਾਨ ਲੁਟੇਰੇ ਉਸ ਨੂੰ ਕਰੀਬ 50 ਮੀਟਰ ਤੱਕ ਘਸੀਟਦੇ ਹੋਏ ਲੈ ਕੇ ਗਏ। ਲੁੱਟ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ। ਫਿਲਹਾਲ ਇਸ ਸਨੈਚਿੰਗ ਦੌਰਾਨ ਜ਼ਖ਼ਮੀ ਹੋਏ ਸੁਰੇਸ਼ ਕੁਮਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜਾਣੋ ਪੂਰੀ ਘਟਨਾ ਦੇ ਬਾਰੇ

ਝਬਾਲ ਰੋਡ ਤੋਂ ਇੱਕ ਆਟੋ ਵਿੱਚ ਸਵਾਰ ਸੁਰੇਸ਼ ਕੁਮਾਰ ਆਪਣੇ ਕੰਮ ’ਤੇ ਜਾ ਰਿਹਾ ਸੀ। ਇਸ ਦੌਰਾਨ ਪਿੱਛੇ ਆਏ ਦੋ ਬਾਈਕ ਸਵਾਰ ਲੁਟੇਰਿਆਂ ਨੇ ਇੱਕ ਪਾਸੇ ਬੈਠੇ ਸੁਰੇਸ਼ ਕੁਮਾਰ ਦੇ ਹੱਥ ਵਿੱਚ ਫੜੇ ਮੋਬਾਈਲ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਸੁਰੇਸ਼ ਨੇ ਲੁਟੇਰਿਆਂ ਨੂੰ ਮੋਬਾਈਲ ਨਹੀਂ ਦਿੱਤੀ, ਜਿਸ ਕਾਰਨ ਉਹ ਆਟੋ ਤੋਂ ਹੇਠਾਂ ਡਿੱਗ ਗਿਆ। ਮੋਬਾਈਲ ਦਾ ਇੱਕ ਹਿੱਸਾ ਲੁਟੇਰੇ ਦੇ ਹੱਥ ਵਿੱਚ ਸੀ ਅਤੇ ਦੂਜਾ ਸੁਰੇਸ਼ ਦੇ ਹੱਥ ਵਿੱਚ ਸੀ, ਜਿਸ ਕਰਕੇ ਲੁਟੇਰੇ ਉਸ ਨੂੰ ਦੂਰ ਤੱਕ ਘਸੀਟ ਕੇ ਲੈ ਗਏ। ਜ਼ਖ਼ਮੀ ਹੋਣ ਕਾਰਨ ਸੁਰੇਸ਼ ਨੂੰ ਮੋਬਾਈਲ ਛੱਡਣਾ ਪਿਆ। ਅਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।

ਪੁਲਸ ਫੁਟੇਜ ਦੇ ਆਧਾਰ 'ਤੇ ਹੋ ਰਹੀ ਹੈ ਇਸ ਮਾਮਲੇ ਦੀ ਜਾਂਚ 
ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਏ ਦੋਵੇਂ ਬਾਈਕ ਸਵਾਰ ਲੁਟੇਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਫੁਟੇਜ ਨੂੰ ਆਪਣੇ ਕਬਜ਼ੇ 'ਚ ਲੈ ਕੇ ਲੁਟੇਰਿਆਂ ਦੀ ਭਾਲ ਅਤੇ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। 


rajwinder kaur

Content Editor

Related News