ਕੱਲ੍ਹ ਪੰਜਾਬ ਦੇ ਨੌਜਵਾਨਾਂ ਲਈ ਵੱਡਾ ਐਲਾਨ ਕਰਨਗੇ ਮੁੱਖ ਮੰਤਰੀ, ਇਹ ਸਕੀਮ ਸਾਬਤ ਹੋਵੇਗੀ ਵਰਦਾਨ

07/24/2017 6:23:39 PM

ਮੋਹਾਲੀ (ਨਿਆਮੀਆਂ)— ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਮੌਕੇ ਰਾਜ ਦੇ ਨੌਜਵਾਨਾਂ ਨਾਲ ਰਾਜ ਵਿਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਲਕੇ ਆਈ. ਐੱਸ. ਬੀ. (ਇੰਡੀਅਨ ਸਕੂਲ ਆਫ ਬਿਜ਼ਨੈੱਸ) ਦੇ ਆਡੀਟੋਰੀਅਮ ਵਿਚ ਹੋਣ ਵਾਲੇ ਸਮਾਗਮ ਮੌਕੇ ਪੰਜਾਬ ਵਿਚ 'ਆਪਣੀ ਗੱਡੀ, ਆਪਣਾ ਰੁਜ਼ਗਾਰ' ਸਕੀਮ ਨੂੰ ਸ਼ੁਰੂ ਕਰਨ ਮੌਕੇ ਵੱਡੀ ਗਿਣਤੀ ਵਿਚ ਦੋ ਪਹੀਆ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਮੌਕੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਸਖਸ਼ੀਅਤਾਂ ਵੀ ਸ਼ਮੂਲੀਅਤ ਕਰਨਗੀਆਂ।
ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਯਤਨਾਂ ਸਦਕਾ ਉਬੇਰ ਮੋਟੋ ਦੇ ਸਹਿਯੋਗ ਨਾਲ ਇਸ ਸਕੀਮ ਨੂੰ ਸ਼ੁਰੂ ਕੀਤਾ ਜਾਵੇਗਾ।  ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਮੈਸਰਜ਼ ਓਲਾ ਅਤੇ ਮੈਸਰਜ਼ ਉਬੇਰ ਵਰਗੇ ਅੰਤਰਰਾਸ਼ਟਰੀ ਓਪਰੇਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਸ਼ਹੀਦ ਭਗਤ ਸਿੰਘ ਰੁਜ਼ਗਾਰ ਸਿਰਜਨ ਯੋਜਨਾ : ਆਪਣੀ ਗੱਡੀ, ਆਪਣਾ ਰੁਜ਼ਗਾਰ ਸਕੀਮ ਅਧੀਨ ਅਗਲੇ ਪੰਜ ਸਾਲਾਂ ਦੌਰਾਨ ਤਿੰਨ ਲੱਖ ਨੌਕਰੀਆਂ ਪ੍ਰਦਾਨ ਕਰਨ ਦਾ ਇਤਿਹਸਾਕ ਫੈਸਲਾ ਲਿਆ ਗਿਆ ਹੈ। ਸੂਬੇ ਵਿਚ ਬੇਰੁਜ਼ਗਾਰ ਨੌਜਵਾਨਾਂ ਦੀ ਵੱਡੀ ਗਿਣਤੀ ਸਾਡੇ ਲਈ ਚਿੰਤਾਂ ਦਾ ਵਿਸ਼ਾ ਹੈ ਅਤੇ ਮੌਜੂਦਾ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਤਹੱਈਆ ਕੀਤਾ ਹੈ।

ਪੰਜਾਬ ਵਿਚ ਸ਼ਹੀਦ ਭਗਤ ਸਿੰਘ ਰੁਜ਼ਗਾਰ ਸਿਰਜਨਾ ਯੋਜਨਾ: 
ਆਪਣੀ ਗੱਡੀ ਆਪਣਾ ਰੁਜ਼ਗਾਰ ਸਕੀਮ ਰਾਜ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋਵੇਗੀ। ਜਿਸ ਦਾ ਆਮ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਪੰਜਾਬ ਸਰਕਾਰ ਨੇ ਰਾਜ ਵਿਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਪੰਜਾਬ ਦੀ ਚੇਅਰਮੈਨਸ਼ਿਪ ਅਧੀਨ ਇਕ ਰੁਜ਼ਗਾਰ ਕਮਿਸ਼ਨ ਸਥਾਪਿਤ ਕਰਨ ਦਾ ਫੈਸਲਾ ਵੀ ਲਿਆ ਹੈ। ਜਿਸ ਤਹਿਤ ਜ਼ਿਲ੍ਹਾ ਬਿਊਰੋ ਨੂੰ ਪੇਸ਼ੇਵਰ ਢੰਗ ਨਾਲ ਚਲਾਇਆ ਜਾਵੇਗਾ ਅਤੇ ਆਨਲਾਇਨ ਰਜਿਸ਼ਟਰੇਸ਼ਨ ਸੁਵਿਧਾ ਲਈ ਸਹਾਇਤਾ ਸੈਲ ਹੋਣਗੇ। ਦੇਸ਼-ਵਿਦੇਸ਼ਾਂ ਵਿਚ ਰਾਜ ਦੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਵਸੀਲੇ ਜੁਟਾਏ ਜਾਣਗੇ। ਇਸ ਸਕੀਮ ਤਹਿਤ ਸਾਲ 2017-18 ਲਈ ਸਲਾਨਾ ਬਜਟ ਵਿਚ 10 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਸਹਾਇਤਾ ਅਤੇ ਰੁਜ਼ਗਾਰ ਅਧੀਨ ਨੌਜਵਾਨਾਂ ਦੀਆਂ ਨੌਕਰੀਆਂ ਤੱਕ ਪਹੁੰਚ ਲਈ ਸਿੱਖਿਆ ਸਿਖਲਾਈ ਹੁਨਰ ਵਿਕਾਸ ਅਤੇ ਦੂਸਰੀਆਂ ਸੇਵਾਵਾ ਵਿਚ ਸਹਾਇਤਾ ਲਈ ਹਰੇਕ ਜ਼ਿਲ੍ਹੇ ਵਿਚ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਤ ਕੀਤੇ ਜਾਣਗੇ।


Kulvinder Mahi

News Editor

Related News