CM ਮਾਨ ਚੋਣ ਨਤੀਜਿਆਂ ਮਗਰੋਂ ਸੁਧਾਰਾਂ ਨੂੰ ਲਾਗੂ ਕਰਨ ’ਚ ਰੁੱਝੇ, ਜਲੰਧਰ ’ਚ ਸਥਾਪਿਤ ਹੋਵੇਗਾ ਮੁੱਖ ਮੰਤਰੀ ਹੈਲਪ ਡੈਸਕ

Friday, Jun 14, 2024 - 04:31 PM (IST)

ਜਲੰਧਰ (ਧਵਨ)- ਪੰਜਾਬ ’ਚ ਲੋਕ ਸਭਾ ਚੋਣਾਂ ਦੇ ਨਤੀਜੇ ਪਿੱਛੋਂ ਮੁੱਖ ਮੰਤਰੀ ਭਗਵੰਤ ਮਾਨ ਸੂਬੇ ’ਚ ਸੁਧਾਰਾਂ ਨੂੰ ਲਾਗੂ ਕਰਨ ’ਚ ਰੁਝ ਗਏ ਹਨ ਅਤੇ ਵੱਖ-ਵੱਖ ਲੋਕ ਸਭਾ ਸੀਟਾਂ ’ਚ ਪਾਰਟੀ ਨੂੰ ਮਿਲੀ ਹਾਰ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨੇ ਪਾਰਟੀ ਵਿਧਾਇਕਾਂ, ਆਗੂਆਂ ਅਤੇ ਵਾਲੰਟੀਅਰਾਂ ਨੂੰ ਸੰਕੇਤ ਦਿੱਤੇ ਹਨ ਕਿ ਵੱਡੇ ਪੱਧਰ ’ਤੇ ਪੰਜਾਬ ਸਰਕਾਰ ਸੁਧਾਰਾਂ ਨੂੰ ਲਾਗੂ ਕਰਨ ਜਾ ਰਹੀ ਹੈ ਤਾਂ ਕਿ ਆਮ ਜਨਤਾ ਨੂੰ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ- DGP ਗੌਰਵ ਯਾਦਵ ਦੀ ਸਖ਼ਤੀ, ਫੀਲਡ ਅਫ਼ਸਰਾਂ ਨੂੰ ਨਸ਼ਿਆਂ ਤੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਦੇ ਦਿੱਤੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ’ਚ ਮੁੱਖ ਮੰਤਰੀ ਹੈਲਪ ਡੈਸਕ ਸਥਾਪਿਤ ਕਰਨ ਦਾ ਭਰੋਸਾ ਦਿੱਤਾ ਹੈ। ਇਸ ਹੈਲਪ ਡੈਸਕ ਰਾਹੀਂ ਜਨਤਾ ਕੋਲੋਂ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਅਧਿਕਾਰੀਆਂ ਵੱਲੋਂ ਨਾਲੋ-ਨਾਲ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਜਲੰਧਰ ’ਚ ਬਣਨ ਵਾਲੇ ਹੈਲਪ ਡੈਸਕ ’ਤੇ ਉਹ ਖ਼ੁਦ ਨਜ਼ਰ ਰੱਖਣਗੇ। ਜਨਤਾ ਦੇ ਕੰਮਾਂ ਦਾ ਨਿਪਟਾਰਾ ਕਰਨ ’ਚ ਕਿਸੇ ਤਰ੍ਹਾਂ ਦੀ ਕਿਸੇ ਵੀ ਅਧਿਕਾਰੀ ਨੂੰ ਕੋਤਾਹੀ ਨਹੀਂ ਵਰਤਣ ਦੇਣਗੇ। ਪਾਰਟੀ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੁਣ ਵਿਕਾਸ ਨੂੰ ਹਰ ਸ਼ਹਿਰ ’ਚ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦਾ ਕਾਰਨ ਰਾਸ਼ਟਰੀ ਪੱਧਰ ’ਤੇ ਕਾਂਗਰਸ ਦੇ ਨਾਲ ‘ਆਪ’ ਦਾ ਗੱਠਜੋੜ ਵੀ ਸੀ ਪਰ ਲੋਕ ਸਭਾ ਚੋਣਾਂ ’ਚ ‘ਇੰਡੀਆ’ ਗੱਠਜੋੜ ਨੂੰ ਜਿਤਾਉਣਾ ਵੀ ਜ਼ਰੂਰੀ ਸੀ।

ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਪੱਧਰ ’ਤੇ ਸੁਧਾਰਾਂ ਨੂੰ ਲਾਗੂ ਕਰ ਰਹੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਪੁਲਸ ’ਚ ਵੀ ਸੁਧਾਰਾਂ ਨੂੰ ਲਾਗੂ ਕਰਵਾਇਆ ਹੈ, ਜਿਸ ਕਾਰਨ ਡੀ. ਜੀ. ਪੀ. ਗੌਰਵ ਯਾਦਵ ਨੇ ਸਪੈਸ਼ਲ ਡੀ. ਜੀ. ਪੀ., ਏ. ਡੀ. ਜੀ. ਪੀ., ਆਈ. ਜੀ., ਡੀ. ਆਈ. ਜੀ., ਪੁਲਸ ਕਮਿਸ਼ਨਰਾਂ, ਐੱਸ. ਐੱਸ. ਪੀਜ਼ ਅਤੇ ਥਾਣਿਆਂ ਦੇ ਐੱਸ. ਐੱਚ. ਓਜ਼ ਨੂੰ ਰੋਜ਼ਾਨਾ 11 ਤੋਂ 1 ਵਜੇ ਤੱਕ ਜਨਤਾ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ ਦੇ ਹੁਕਮ ਦਿੱਤੇ। ਇਸੇ ਤਰ੍ਹਾਂ ਮੁੱਖ ਮੰਤਰੀ ਸ਼ਹਿਰਾਂ ’ਚ ਹਰ ਵਾਰਡ ’ਚ ‘ਸਰਕਾਰ ਤੁਹਾਡੇ ਦੁਆਰ’ ਕੈਂਪਾਂ ਦੇ ਤਹਿਤ ਜੰਗੀ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਤੇ ਹੋਰ ਅਧਿਕਾਰੀਆਂ ਨੂੰ ਫੀਲਡ ’ਚ ਭੇਜਣਗੇ। ਮੁੱਖ ਮੰਤਰੀ ਨੇ ਇਹ ਵੀ ਸੰਕੇਤ ਪਾਰਟੀ ਆਗੂਆਂ ਨੂੰ ਦਿੱਤੇ ਹਨ ਕਿ ਲੋੜ ਪੈਣ ’ਤੇ ਉਹ ਖੁਦ ਅਚਾਨਕ ਫੀਲਡ ’ਚ ਜਾ ਕੇ ਇਨ੍ਹਾਂ ਕੈਂਪਾਂ ਦਾ ਨਿਰੀਖਣ ਕਰਨਗੇ ਅਤੇ ਵੇਖਣਗੇ ਕਿ ਅਸਲ ’ਚ ਅਧਿਕਾਰੀ ਜਨਤਾ ਨੂੰ ਲਾਭ ਦੇ ਰਹੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ ਦਾ ਨਾਂ ਬਦਲਣ ਨੂੰ ਲੈ ਕੇ ਸੁਨੀਲ ਜਾਖੜ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News