ਪੰਜਾਬ ''ਚ ਸ਼ੁਰੂ ਹੋਵੇਗਾ ਭਾਰਤ ਦਾ ਸਭ ਤੋਂ ਵੱਡਾ ਸਟਾਰਟ ਅਪ ਹੱਬ

01/17/2018 7:46:19 AM

ਮੋਹਾਲੀ  (ਨਿਆਮੀਆਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ (ਐੱਸ. ਟੀ. ਪੀ. ਆਈ.) ਦਾ ਮੋਹਾਲੀ ਵਿਖੇ ਇਕ ਕੇਂਦਰ ਸਥਾਪਿਤ ਕਰਨ ਲਈ ਸਹਿਮਤੀ ਪੱਤਰ 'ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਸੂਬਾ ਸਰਕਾਰ ਦਾ ਸਰਕਾਰੀ ਸਮਰਥਨ ਵਾਲਾ ਭਾਰਤ ਦਾ ਸਭ ਤੋਂ ਵੱਡਾ ਸ਼ੁਰੂਆਤੀ ਧੁਰਾ (ਸਟਾਰਟ ਅਪ ਹੱਬ) ਸਥਾਪਤ ਕਰਨ ਦਾ ਵਿਚਾਰ ਹੈ। ਇਸ ਸਹਿਮਤੀ ਪੱਤਰ 'ਤੇ ਉਦਯੋਗ ਵਿਭਾਗ, ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ, ਇੰਡੀਅਨ ਸਕੂਲ ਆਫ ਬਿਜ਼ਨੈੱਸ (ਆਈ. ਐੱਸ. ਬੀ.) ਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ. ਟੀ. ਯੂ.) ਨੇ ਦਸਤਖਤ ਕੀਤੇ ਹਨ। ਆਈ. ਐੱਸ. ਬੀ. ਤੇ ਪੀ. ਟੀ. ਯੂ. ਇਸ ਸ਼ੁਰੂਆਤੀ ਧੁਰੇ ਦੇ ਭਾਈਵਾਲ ਵਜੋਂ ਕੰਮ ਕਰਨਗੇ।  ਮੋਹਾਲੀ ਵਿਚ ਹੋਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਇਸ ਲਈ 100 ਕਰੋੜ ਦਾ ਫੰਡ ਦੇਣ ਦਾ ਐਲਾਨ ਕੀਤਾ ਹੈ। ਇਸ ਨੂੰ 45000 ਵਰਗ ਫੁਟ ਖੇਤਰ ਵਿਚ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਉਦਯੋਗ ਨੂੰ ਸੁਵਿਧਾ ਪ੍ਰਦਾਨ ਕਰਨ ਲਈ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦਾ ਨਵਾਂ ਸਟਾਰਟ ਅਪ ਪੋਰਟਲ ਵੀ ਸ਼ੁਰੂ ਕੀਤਾ ਹੈ, ਜੋ ਸਾਰੇ ਦਾਅਵੇਦਾਰਾਂ ਨੂੰ ਆਪਸ ਵਿਚ ਜੋੜੇਗਾ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਪੰਜਾਬ ਵਿਚ ਹਵਾਈ ਸੰਪਰਕ ਨੂੰ ਬੜ੍ਹਾਵਾ ਦੇਣ ਲਈ ਛੋਟੇ ਹਵਾਈ ਜਹਾਜ਼ਾਂ (20 ਸੀਟਾਂ ਵਾਲੇ) ਲਈ ਹਵਾਈ ਪੱਟੀਆਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਹਵਾਈ ਫੌਜ ਦੇ ਮੁਖੀ ਨਾਲ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਵਾਈ ਤੇ ਥਲ ਸੈਨਾ ਦੇ ਮੁਖੀਆਂ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਦੇ ਨਾਲ ਸੀ. ਏ. ਟੀ.-3 ਉਡਾਣਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ 90 ਲੱਖ ਯੋਗ ਨੌਜਵਾਨ ਨੌਕਰੀਆਂ ਦੀ ਭਾਲ ਵਿਚ ਹਨ, ਜਿਸ ਕਰਕੇ ਸਰਕਾਰ ਵੱਧ ਤੋਂ ਵੱਧ ਸਨਅਤੀ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਸੁਧਾਰਨ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਕਿ ਨੌਜਵਾਨਾਂ ਨੂੰ ਨੌਕਰੀਆਂ ਦੇ ਹਾਣ ਦਾ ਬਣਾਇਆ ਜਾ ਸਕੇ।ਇਸ ਮੌਕੇ ਮੁੱਖ ਮੰਤਰੀ ਨੇ ਖਰੜ ਤੋਂ ਅੰਗਹੀਣ ਯਤੀਮ ਲੜਕੀ ਜੋਤਿਕਾ ਸ਼ਰਮਾ ਨੂੰ ਇਕ ਲੈਪਟਾਪ ਤੇ 15 ਹਜ਼ਾਰ ਰੁਪਏ ਦਿੱਤੇ। ਇਸ ਲੜਕੀ ਨੇ ਸਰਕਾਰ ਕੋਲੋਂ ਸਹਾਇਤਾ ਮੰਗੀ ਸੀ ਤਾਂ ਕਿ ਉਹ ਆਪਣੇ ਘਰ 'ਚ ਕੰਮ ਕਰ ਸਕੇ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ, ਸਕੱਤਰ ਸਨਅਤ ਤੇ ਵਪਾਰ ਰਾਕੇਸ਼ ਵਰਮਾ, ਇਨਫੋਸਿਸ ਮੋਹਾਲੀ ਦੇ ਮੁਖੀ ਡਾ. ਸਮੀਰ ਗੋਇਲ ਅਤੇ ਸੈਲੂਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਪੰਕਜ ਮਹਿੰਦਰੂ ਹਾਜ਼ਰ ਸਨ।


Related News