ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਪਿੰਦਰੀ ਗੈਂਗ ਦੇ 10 ਗੈਂਗਸਟਰ ਗ੍ਰਿਫ਼ਤਾਰ

Monday, Aug 08, 2022 - 06:37 PM (IST)

ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਪਿੰਦਰੀ ਗੈਂਗ ਦੇ 10 ਗੈਂਗਸਟਰ ਗ੍ਰਿਫ਼ਤਾਰ

ਚੰਡੀਗੜ੍ਹ/ਰੂਪਨਗਰ (ਬਿਊਰੋ) : ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ ਰੂਪਨਗਰ ਪੁਲਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਪਿੰਦਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕੋਲੋਂ 7 ਨਾਜਾਇਜ਼ ਹਥਿਆਰ ਅਤੇ 51 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਜਿਨ੍ਹਾਂ ਨਾਲ ਸੀਨੀਅਰ ਸੁਪਰਡੈਂਟ ਆਫ ਪੁਲਸ (ਐੱਸ. ਐੱਸ. ਪੀ.) ਸੰਦੀਪ ਗਰਗ ਵੀ ਮੌਜੂਦ ਸਨ, ਨੇ ਦੱਸਿਆ ਕਿ ਪੁਲਸ ਟੀਮ ਨੇ ਗੈਂਗ ਦੇ ਸਰਗਣੇ ਪਰਮਿੰਦਰ ਸਿੰਘ ਉਰਫ ਪਿੰਦਰੀ, ਜੋ ਨੰਗਲ-ਰੂਪਨਗਰ-ਨੂਰਪੁਰ ਬੇਦੀ ਪੱਟੀ ’ਚ ਬਿਸ਼ਨੋਈ ਗੈਂਗ ਦੀ ਕਾਰਵਾਈ ਨੂੰ ਸੰਭਾਲ ਰਿਹਾ ਸੀ, ਦਾ ਪਤਾ ਲਗਾਉਣ ਲਈ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕੀਤੀ। ਭੁੱਲਰ ਨੇ ਦੱਸਿਆ ਕਿ ਇਸ ਖ਼ਤਰਨਾਕ ਗੈਂਗਸਟਰ ਦੇ ਖ਼ਿਲਾਫ਼ ਪਹਿਲਾਂ ਹੀ ਰੂਪਨਗਰ, ਹਰਿਆਣਾ, ਜਲੰਧਰ ਅਤੇ ਪਟਿਆਲਾ ਦੇ ਪੁਲਸ ਸਟੇਸ਼ਨਾਂ ’ਚ 22 ਐੱਫ. ਆਈ. ਆਰਜ਼ (ਜਿਸ ’ਚ ਕਤਲ ਦੀ ਕੋਸ਼ਿਸ਼ ਸਬੰਧੀ ਮਾਮਲਾ ਵੀ ਸ਼ਾਮਿਲ ਹੈ) ਦਰਜ ਹਨ।

ਇਹ ਖ਼ਬਰ ਵੀ ਪੜ੍ਹੋ : ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ

ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ ਨੇ ਦੱਸਿਆ ਕਿ ਪਰਮਿੰਦਰ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਹੈ, ਜੋ ਗ੍ਰਿਫ਼ਤਾਰੀ ਤੋਂ ਬਚਣ ਲਈ ਹਿਮਾਚਲ ਪ੍ਰਦੇਸ਼ ’ਚ ਲੁਕਿਆ ਹੋਇਆ ਸੀ ਅਤੇ ਉਥੋਂ ਵੱਖ-ਵੱਖ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਹੋਰਨਾਂ ਅਪਰਾਧਾਂ ਤੋਂ ਇਲਾਵਾ ਇਸ ਖੇਤਰ ’ਚ ਨਸ਼ਾ ਸਮੱਗਲਿੰਗ ’ਚ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ’ਚ ਹੋਰ ਪੜਤਾਲ ਜਾਰੀ ਹੈ। ਐੱਸ. ਐੱਸ. ਪੀ. ਸੰਦੀਪ ਗਰਗ ਨੇ ਦੱਸਿਆ ਕਿ ਪਰਮਿੰਦਰ ਤੋਂ ਇਲਾਵਾ ਪੁਲਸ ਵੱਲੋਂ ਹੋਰਨਾਂ ਗੈਂਗਸਟਰਾਂ ਜਿਸ ’ਚ ਬਲਜਿੰਦਰ ਸਿੰਘ ਉਰਫ਼ ਬਿੱਲਾ, ਗੁਰਦੀਪ ਸਿੰਘ ਉਰਫ਼ ਗੋਗੀ, ਜਸਪ੍ਰੀਤ ਸਿੰਘ ਉਰਫ਼ ਮੱਕੜ, ਗੁਰਪ੍ਰੀਤ ਸਿੰਘ ਉਰਫ਼ ਭੋਲੂ, ਇਕਬਾਲ ਮੁਹੰਮਦ, ਸੁਰਿੰਦਰ ਸਿੰਘ ਉਰਫ਼ ਛਿੰਦਾ, ਦਾਰਾ ਸਿੰਘ ਉਰਫ਼ ਦਾਰਾ, ਸੁਖਵਿੰਦਰ ਸਿੰਘ ਉਰਫ਼ ਕਾਲਾ ਅਤੇ ਰੌਬਿਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 7 ਗ਼ੈਰ-ਕਾਨੂੰਨੀ ਹਥਿਆਰ, ਜਿਸ ’ਚ .32 ਬੋਰ ਦੇ ਦੋ ਦੇਸੀ ਪਿਸਤੌਲ, .30 ਬੋਰ ਦੇ ਦੋ ਦੇਸੀ ਪਿਸਤੌਲ, .315 ਬੋਰ ਦੇ ਦੋ ਦੇਸੀ ਪਿਸਤੌਲ ਅਤੇ .12 ਬੋਰ ਦੇ ਇਕ ਦੇਸੀ ਪਿਸਤੌਲ ਅਤੇ 51 ਜ਼ਿੰਦਾ ਕਾਰਤੂਸ ਅਤੇ ਇਕ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਗਰਗ ਨੇ ਕਿਹਾ ਕਿ ਇਹ ਸਾਰੇ ਖ਼ਤਰਨਾਕ ਅਪਰਾਧੀ ਹਨ। ਉਨ੍ਹਾਂ ਦੱਸਿਆ ਕਿ ਖ਼ਤਰਨਾਕ ਅਪਰਾਧੀ ਪਿੰਦਰੀ ਖ਼ਿਲਾਫ਼ 22 ਐੱਫ. ਆਈ. ਆਰ., ਬਲਜਿੰਦਰ ਦੇ ਖ਼ਿਲਾਫ਼ ਦੋ, ਗੁਰਪ੍ਰੀਤ, ਜਸਪ੍ਰੀਤ ਅਤੇ ਗੁਰਦੀਪ ਦੇ ਖ਼ਿਲਾਫ਼ ਇਕ-ਇਕ, ਇਕਬਾਲ ਮੁਹੰਮਦ ਦੇ ਖ਼ਿਲਾਫ਼ 7, ਸੁਰਿੰਦਰ ਦੇ ਖ਼ਿਲਾਫ਼ ਚਾਰ ਅਤੇ ਦਾਰਾ ਦੇ ਖ਼ਿਲਾਫ਼ 24 ਐੱਫ. ਆਈ. ਆਰ. ਦਰਜ ਹਨ।

ਇਹ ਵੀ ਪੜ੍ਹੋ : PAU ’ਚ ਚਾਂਸਲਰ ਸਣੇ ਸਿਖ਼ਰਲੀਆਂ ਖਾਲੀ ਪੋਸਟਾਂ ਨੂੰ ਲੈ ਕੇ ਅਕਾਲੀ ਦਲ ਨੇ ਘੇਰੀ ‘ਆਪ’ ਸਰਕਾਰ


author

Manoj

Content Editor

Related News