GST ਦੇ ਮੋਬਾਈਲ ਵਿੰਗ ਦੀ ਵੱਡੀ ਸਫਲਤਾ: ਸਕ੍ਰੈਪ ਨਾਲ ਲੱਦੇ 40 ਟਰੱਕ ਜ਼ਬਤ ਕੀਤੇ

Thursday, Nov 28, 2024 - 12:20 AM (IST)

GST ਦੇ ਮੋਬਾਈਲ ਵਿੰਗ ਦੀ ਵੱਡੀ ਸਫਲਤਾ: ਸਕ੍ਰੈਪ ਨਾਲ ਲੱਦੇ 40 ਟਰੱਕ ਜ਼ਬਤ ਕੀਤੇ

ਲੁਧਿਆਣਾ (ਸੇਠੀ) - ਸੂਬਾ ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਗੁਪਤ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਮੰਡੀ ਗੋਬਿੰਦਗੜ੍ਹ ਤੋਂ ਸਕ੍ਰੈਪ ਨਾਲ ਲੱਦੇ ਹੋਏ ਲਗਭਗ 40 ਟਰੱਕਾਂ ਨੂੰ ਫੜ ਕੇ ਜ਼ਬਤ ਕੀਤਾ ਹੈ।

ਜਾਣਕਾਰੀ ਮੁਤਾਬਕ ਟਰੱਕ ਚਾਲਕ ਮੌਕੇ ’ਤੇ ਬਿੱਲ/ਬਿਲਟੀ ਪੇਸ਼ ਨਹੀਂ ਕਰ ਸਕੇ, ਜਿਸ ਕਾਰਨ ਅਧਿਕਾਰੀਆਂ ਨੇ 40 ਟਰੱਕਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ਰੂ ਕਰ ਦਿੱਤੀ ਹੈ। ਇਹ ਕਾਰਵਾਈ ਐਨਫੋਰਸਮੈਂਟ ਡਾਇਰੈਕਟੋਰੇਟ ਪੰਜਾਬ ਜਸਕਰਨ ਸਿੰਘ ਬਰਾੜ ਦੇ ਨਿਰਦੇਸ਼ਾਂ ’ਤੇ ਕੀਤੀ ਗਈ, ਜਦੋਂਕਿ ਟਰੱਕਾਂ ਦੀ ਜਾਂਚ ਦੌਰਾਨ ਜਸਕਰਨ ਸਿੰਘ ਬਰਾੜ ਨੇ ਖੁਦ ਮੌਕੇ ’ਤੇ ਮੌਜੂਦ ਰਹਿ ਕੇ ਅਧਿਕਾਰੀਆਂ ਦੀ ਅਗਵਾਈ ਕੀਤੀ।

ਇਸ ਦੌਰਾਨ ਬਠਿੰਡਾ, ਫਾਜ਼ਿਲਕਾ, ਜਲੰਧਰ ਅਤੇ ਲੁਧਿਆਣਾ ਦੇ ਲਗਭਗ 8 ਤੋਂ 10 ਸਟੇਟ ਟੈਕਸ ਅਫਸਰਾਂ ਦੀਆਂ ਟੀਮਾਂ ਨੇ ਕਾਰਵਾਈ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਫੜੇ ਗਏ ਟਰੱਕਾਂ ’ਚ ਵਰਧਮਾਨ, ਆਦਰਸ਼ ਇਸਪਾਤ ਪ੍ਰਾਈਵੇਟ ਲਿਮ., ਬੱਸੀ ਅਲਾਏਜ਼, ਜੋਗਿੰਦਰਾ ਕਾਸਟਿੰਗ, ਚੋਪੜਾ ਅਲਾਏਜ਼, ਲਾਰਡ ਮਹਾਵੀਰ ਇੰਡਸਟਰੀ ਆਦਿ ਕੰਪਨੀਆਂ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਵਿਭਾਗ ਨੇ ਇਕ ਜਾਲ ਵਿਛਾਇਆ ਅਤੇ ਟਰੱਕਾਂ ਨੂੰ ਫੜ ਲਿਆ। ਦੱਸ ਦਿੱਤਾ ਜਾਵੇ ਕਿ ਹਰ ਟਰੱਕ ’ਚ ਲਗਭਗ 8 ਤੋਂ 10 ਲੱਖ ਰੁਪਏ ਦਾ ਟੈਕਸ ਅਤੇ ਪੈਨਲਟੀ ਮਿਲਣ ਦੀ ਸੰਭਾਵਨਾ ਹੈ। ਵਿਭਾਗ ਨੇ ਇਹ ਮਾਲ ਫੜ ਕੇ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਇਸ ਮਾਲ ਦੇ ਸਹੀ ਦਸਤਾਵੇਜ਼ ਵਿਭਾਗ ਨੂੰ ਨਾ ਮਿਲੇ ਤਾਂ ਵਿਭਾਗ ਇਨ੍ਹਾਂ ਤੋਂ ਬਣਦਾ ਟੈਕਸ ਅਤੇ ਪੈਨਲਟੀ ਵਸੂਲੇਗਾ।

ਇਸ ਕਾਰਵਾਈ ਨਾਲ ਮਹਾਨਗਰ ਦੇ ਕੁਝ ਕਾਰੋਬਾਰੀਆਂ ’ਚ ਡਰ ਦਾ ਮਾਹੌਲ ਵੀ ਹੈ, ਕਿਉਂਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਕਾਰਵਾਈ ਨਾਲ ਮਹਾਨਗਰ ਦੇ ਕੁਝ ਵੱਡੇ ਘਰਾਂ ਦਾ ਮਾਲ ਵੀ ਫੜਿਆ ਗਿਆ ਹੈ, ਜਿਨ੍ਹਾਂ ਕੰਪਨੀਆਂ ਦਾ ਮਾਲ ਹੈ, ਵਿਭਾਗ ਉਨ੍ਹਾਂ ਦੀ ਵੀ ਵੈਰੀਫਿਕੇਸ਼ਨ ਕਰੇਗਾ।


author

Inder Prajapati

Content Editor

Related News