ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਇਕ ਹੋਰ ਵੱਡਾ ਝਟਕਾ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
Friday, Sep 15, 2023 - 03:09 PM (IST)
ਲੁਧਿਆਣਾ (ਹਿਤੇਸ਼) : ਲੋਕਲ ਬਾਡੀਜ਼ ਵਿਭਾਗ ਵੱਲੋਂ ਪਿਛਲੇ ਕੁੱਝ ਸਮੇਂ ਦੌਰਾਨ ਮੁਲਾਜ਼ਮਾਂ ਨੂੰ ਇਕ ਤੋਂ ਬਾਅਦ ਇਕ ਵੱਡੇ ਝਟਕੇ ਦਿੱਤੇ ਜਾ ਰਹੇ ਹਨ। ਇਸ ਦੇ ਤਹਿਤ ਹੁਣ ਵਾਧੂ ਚਾਰਜ ਲੈਣ ਵਾਲੇ ਮੁਲਾਜ਼ਮਾਂ ਨੂੰ ਇਸ ਦਾ ਕੋਈ ਫ਼ਾਇਦਾ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਆਰਡਰ ਹੈੱਡ ਆਫਿਸ ਵੱਲੋਂ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ਦੇ ਕਮਿਸ਼ਨਰਾਂ, ਏ. ਡੀ. ਸੀ. ਅਰਬਨ ਡਿਵੈਲਪਮੈਂਟ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਮਿਊਂਸੀਪਲ ਕਮੇਟੀਆਂ ਦੇ ਈ. ਓਜ਼ ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਮੁਤਾਬਕ ਸਰਕਾਰ ਜਾਂ ਲੋਕਲ ਪੱਧਰ ’ਤੇ ਦਿੱਤੇ ਗਏ ਵਾਧੂ ਚਾਰਜ ਨਾਲ ਸਬੰਧਿਤ ਮੁਲਾਜ਼ਮਾਂ ਨੂੰ ਐਫੀਡੇਵਿਟ ਦੇਣਾ ਪਵੇਗਾ ਕਿ ਉਹ ਇਸ ਦੇ ਬਦਲੇ ਕੋਈ ਵਿੱਤੀ ਲਾਭ ਕਲੇਮ ਨਹੀਂ ਕਰਨਗੇ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਪ੍ਰਮੋਸ਼ਨ ਦੌਰਾਨ ਸੀਨੀਅਰਤਾ ਸੂਚੀ ਜਾਂ ਤਜੁਰਬੇ ਵਜੋਂ ਵਧੀਕ ਚਾਰਜ ਦਾ ਕੋਈ ਫ਼ਾਇਦਾ ਨਹੀਂ ਮਿਲੇਗਾ। ਇਸ ਮਾਮਲੇ ’ਚ ਰਿਪੋਰਟ ਪਿਛਲੇ 3 ਮਹੀਨੇ ਤੋਂ ਪੈਂਡਿੰਗ ਚੱਲ ਰਹੀ ਹੈ, ਜਿਸ ਸਬੰਧੀ ਸਰਕਾਰ ਵੱਲੋਂ 3 ਦਿਨ ਦੀ ਮੋਹਲਤ ਦਿੱਤੀ ਗਈ ਹੈ। ਇਸ ਤੋਂ ਬਾਅਦ ਐਫੀਡੇਵਿਟ ਨਾ ਦੇਣ ਵਾਲੇ ਮੁਲਾਜ਼ਮਾਂ ’ਤੇ ਵਾਧੂ ਚਾਰਜ ਵਾਪਸ ਲੈਣ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, 'ਮੌਸਮ' ਨੂੰ ਲੈ ਕੇ ਵਿਭਾਗ ਨੇ ਕੀਤੀ ਭਵਿੱਖਬਾਣੀ
ਨਗਰ ਨਿਗਮ ’ਚ ਨਾਜਾਇਜ਼ ਤੌਰ ’ਤੇ ਕੰਮ ਕਰ ਰਹੇ ਹਨ ਮੁਲਾਜ਼ਮ
ਲੋਕਲ ਬਾਡੀਜ਼ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਵਾਧੂ ਚਾਰਜ ਦੇਣ ਨਾਲ ਜੁੜਿਆ ਇਕ ਮਾਮਲਾ ਇਹ ਵੀ ਹੈ ਕਿ ਨਗਰ ਨਿਗਮ ’ਚ ਕਈ ਮੁਲਾਜ਼ਮ ਨਾਜਾਇਜ਼ ਤੌਰ ’ਤੇ ਵੀ ਕੰਮ ਕਰ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਬਿਨਾਂ ਮਨਜ਼ੂਰ ਦੇ ਕਿਸੇ ਵੀ ਮੁਲਾਜ਼ਮ ਨੂੰ ਵਾਧੂ ਚਾਰਜ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਅਤੇ ਤਹਿਬਾਜ਼ਾਰੀ ਸ਼ਾਖਾ ’ਚ ਕਈ ਕਲਰਕ ਨਾਜਾਇਜ਼ ਤੌਰ ’ਤੇ ਇੰਸਪੈਕਟਰ ਦਾ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਐੱਸ. ਈ. ਰਣਜੀਤ ਸਿੰਘ ਨੂੰ ਐੱਮ. ਟੀ. ਪੀ. ਦਾ ਚਾਰਜ ਦੇਣ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਨਹੀਂ ਲਈ ਗਈ। ਉੱਧਰ ਲੋਕਲ ਬਾਡੀਜ਼ ਵਿਭਾਗ ਵੱਲੋਂ ਫਰਜ਼ੀ ਡਿਗਰੀ ਅਤੇ ਸਰਟੀਫਿਕੇਟ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਤਿਆਰੀ ਚੱਲ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਮੁਫ਼ਤ ਮਿਲੇਗੀ ਇਹ ਸਹੂਲਤ, ਜਾਰੀ ਹੋਈ ਹਸਪਤਾਲਾਂ ਦੀ List
ਮੁਲਾਜ਼ਮਾਂ ਨੂੰ ਲਗਾਤਾਰ ਮਿਲ ਰਹੇ ਝਟਕੇ
ਲੋਕਲ ਬਾਡੀਜ਼ ਵਿਭਾਗ ਦੇ ਮੁਲਾਜ਼ਮਾਂ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਪਹਿਲਾਂ ਡਿਸਟੈਂਸ ਐਜੂਕੇਸ਼ਨ ਜ਼ਰੀਏ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਨ ਵਾਲੇ ਮੁਲਾਜ਼ਮਾਂ ਦੀ ਪ੍ਰਮੋਸ਼ਨ 'ਤੇ ਸਰਕਾਰ ਨੇ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ ਵਿਭਾਗ 'ਚ ਫਰਜ਼ੀ ਸਰਟੀਫਿਕੇਟਾਂ ਸਹਾਰੇ ਨੌਕਰੀ ਕਰ ਰਹੇ ਮੁਲਾਜ਼ਮਾਂ ਦੀ ਛੁੱਟੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਅਤੇ ਹੁਣ ਵਾਧੂ ਚਾਰਜ ਲੈਣ ਵਾਲੇ ਮੁਲਾਜ਼ਮਾਂ ਨੂੰ ਇਸ ਦਾ ਕੋਈ ਫ਼ਾਇਦਾ ਨਾ ਦੇਣ ਦਾ ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8