ਪੁਲਸ ਤੇ ਨਿਹੰਗਾਂ ਵਿਚਾਲੇ ਹੋਏ ਵਿਵਾਦ ਦੀਆਂ ਖੁੱਲ੍ਹੀਆਂ ਨਵੀਆਂ ਪਰਤਾਂ, ਚਸ਼ਮਦੀਦਾਂ ਨੇ ਕੀਤੇ ਵੱਡੇ ਖ਼ੁਲਾਸੇ
Monday, Dec 04, 2023 - 05:52 PM (IST)
ਸੁਲਤਾਨਪੁਰ ਲੋਧੀ (ਸੋਢੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਕੁਝ ਦਿਨ ਪਹਿਲਾਂ ਪੁਲਸ ਦੇ ਨਿਹੰਗ ਸਿੰਘਾਂ ਨਾਲ ਹੋਏ ਵਿਵਾਦ ਨੂੰ ਲੈ ਕੇ ਰੋਜ਼ਾਨਾ ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਜਗ੍ਹਾ ਦੇ ਵਿਵਾਦ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀਕਰਨ ਕਰਦੇ ਹੋਏ ਇਸ ਦਾ ਰਾਜਸੀ ਲਾਹਾ ਲੈਣ ਲਈ ਬਕਾਇਦਾ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਸਾਹਮਣੇ ਰੋਸ ਧਰਨਾ ਸ਼ੁਰੂ ਕੀਤਾ ਗਿਆ ਹੈ ਅਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਆਦੇਸ਼ ’ਤੇ ਪੁਲਸ ਨੇ ਨਿਹੰਗ ਸਿੰਘਾਂ ਅਤੇ ਗੋਲ਼ੀਆਂ ਚਲਾਈਆਂ ਅਤੇ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਮਰਿਆਦਾ ਭੰਗ ਕੀਤੀ ਹੈ, ਜਦਕਿ ਗੁਰਦੁਆਰਾ ਬੇਰ ਸਾਹਿਬ ਸਾਹਮਣੇ ਉਸ ਦਿਨ ਵੀ ਮੌਜੂਦ ਰਹੇ ਦੁਕਾਨਦਾਰ ਦਵਿੰਦਰ ਸਿੰਘ (ਗੋਟੀ) ਨੇ ਕੈਮਰੇ ਸਾਹਮਣੇ ਸੱਚ ਦੇ ਖ਼ੁਲਾਸੇ ਨਿਡਰ ਹੋ ਕੇ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਜਿਸ ਦਿਨ 23 ਨਵੰਬਰ ਨੂੰ ਸਵੇਰੇ ਪੁਲਸ ਗੁਰਦੁਆਰਾ ਨਵਾਬ ਕਪੂਰ ਸਾਹਿਬ ਜੀ ਦੇ ਬਾਹਰ ਸੜਕ ’ਤੇ ਖੜ੍ਹੀ ਸੀ ਤਾਂ ਉਸ ਸਮੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਅੰਦਰੋਂ ਪੂਰੀ ਤਿਆਰੀ ਨਾਲ ਬਣਾਈ ਯੋਜਨਾ ਤਹਿਤ ਅੰਦਰੋਂ ਛਾਉਣੀ ਦੇ ਵੱਖ-ਵੱਖ ਮੋਰਚਿਆਂ ਤੋਂ ਨਿਹੰਗ ਸਿੰਘਾਂ ਦੇ ਬਾਣੇ ਵਿਚ ਖੜ੍ਹੇ ਵਿਅਕਤੀਆਂ ਵੱਲੋਂ ਤਾਬੜ ਤੋੜ ਗੋਲ਼ੀਆਂ ਚਲਾਈਆਂ ਗਈਆਂ ਅਤੇ ਇਕ ਪੁਲਸ ਮਲਾਜਮ ਜੋ ਸੜਕ ਵਿਚ ਡੰਡਾ ਲੈ ਕੇ ਖੜ੍ਹਾ ਸੀ, ਗੋਲ਼ੀ ਲੱਗਣ ਨਾਲ ਸ਼ਹੀਦ ਹੋ ਗਿਆ ਅਤੇ ਕਈ ਪੁਲਸ ਮੁਲਾਜ਼ਮਾਂ ਦੇ ਹੋਰ ਗੋਲ਼ੀਆਂ ਲੱਗੀਆਂ ਅਤੇ ਪੁਲਸ ਮੁਲਾਜ਼ਮ ਆਪਣੀਆਂ ਜਾਨਾਂ ਬਚਾਉਣ ਲਈ ਡੰਡੇ ਲੈ ਕੇ ਭੱਜਦੇ ਦੇਖੇ ਗਏ।
ਇਹ ਵੀ ਪੜ੍ਹੋ : ਮੋਬਾਇਲ ਸੁਣਦਿਆਂ 20 ਸਾਲਾ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ
ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਗਈ ਸੀ ਪੁਲਸ
ਦਵਿੰਦਰ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਉਸ ਦਿਨ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਨੂੰ ਅੰਦਰੋਂ ਜਿੰਦਰਾ ਲਗਾਇਆ ਹੋਇਆ ਸੀ ਅਤੇ ਪੁਲਸ ਗੁਰਦੁਆਰਾ ਸਾਹਿਬ ਦੇ ਅੰਦਰ ਬਿਲਕੁਲ ਨਹੀਂ ਗਈ, ਸਗੋਂ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਨਿਹੰਗ ਸਿੰਘਾਂ ਦੀ ਛਾਉਣੀ ਜਿੱਥੇ ਸਿੰਘਾਂ ਦੀ ਰਿਹਾਇਸ਼ ਅਤੇ ਘੋੜੇ ਆਦਿ ਬੰਨੇ ਜਾਂਦੇ ਹਨ, ਉਸ ਪਾਸੇ ਦੀ ਪੁਲਸ ਛਾਉਣੀ ਅੰਦਰ ਦਾਖ਼ਲ ਹੋਈ ਸੀ ਪਰ ਜਿਉਂ ਹੀ ਨਿਹੰਗ ਸਿੰਘਾਂ ਨੇ ਗੋਲ਼ੀਆਂ ਦਾ ਮੀਂਹ ਵਰਾ ਦਿੱਤਾ ਤਾਂ ਪੁਲਸ ਮੁਲਾਜ਼ਮ ਆਪਣੀਆਂ ਜਾਨਾਂ ਬਚਾਉਣ ਲਈ ਸੜਕ 'ਤੇ ਖੜ੍ਹੀਆਂ ਬੱਸਾਂ ਪਿੱਛੇ ਛੁਪ ਗਏ। ਇਸ ਦੌਰਾਨ ਪੁਲਸ ਨੇ ਨਿਹੰਗਾਂ ਵਾਲੇ ਪਾਸੇ ਅੱਥਰੂ ਗੈਸ ਗੋਲੇ ਵੀ ਸੁੱਟੇ ਪਰ ਫਿਰ ਵੀ ਗੋਲ਼ੀਆਂ ਬੰਦ ਨਾ ਹੋਈਆਂ।
ਗੁਰਸਿੱਖ ਆਗੂ ਦਵਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਜਗ੍ਹਾ ’ਤੇ ਕਬਜ਼ਾ ਕਰਨਾ ਮੰਦਭਾਗਾ ਕਾਰਵਾਈ ਸੀ ਅਤੇ ਜਿਸ ਕਾਰਨ ਮਾਹੌਲ 2 ਦਿਨ ਤਣਾਅ ਪੂਰਨ ਰਿਹਾ ਸੀ ਪਰ ਪੁਲਸ ਨੇ ਬੜੀ ਸੂਝਬੂਝ ਨਾਲ ਗੋਲ਼ੀ ਨਾ ਚਲਾ ਕੇ ਇਸ ਮਾਮਲੇ ਨੂੰ ਸ਼ਾਂਤ ਕੀਤਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਨਗਰੀ ਸੁਲਤਾਨਪੁਰ ਲੋਧੀ ਪੂਰੀ ਤਰ੍ਹਾਂ ਅਮਨ ਸ਼ਾਂਤੀ ਹੈ ਪਰ ਕੁਝ ਲੋਕ ਜਾਣਬੁੱਝ ਕੇ ਇਥੇ ਦਾ ਮਾਹੌਲ ਵਿਗਾੜਨ ਲਈ ਝੂਠਾ ਪ੍ਰਚਾਰ ਕਰਕੇ ਸੰਗਤਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵਿਚ ਹਨ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸੱਚਾਈ ਜਾਣੇ ਬਿਨਾਂ ਕੋਈ ਗੱਲ ਨਾ ਕਰਨ ਅਤੇ ਸੱਚ ਇਹੀ ਹੈ ਕਿ ਪੁਲਸ ਨੇ ਗੋਲ਼ੀਬਾਰੀ ਨਹੀਂ ਕੀਤੀ, ਕਿਉਂਕਿ ਜੇਕਰ ਪੁਲਸ ਨੇ ਗੋਲ਼ੀਬਾਰੀ ਕੀਤੀ ਹੁੰਦੀ ਤਾਂ ਬਹੁਤ ਸਾਰੇ ਨਿਹੰਗ ਸਿੰਘ ਜ਼ਖ਼ਮੀ ਹੋ ਜਾਣੇ ਸਨ, ਜਦਕਿ ਕਿਸੇ ਦੇ ਗੋਲ਼ੀ ਲੱਗਣ ਦੀ ਖ਼ਬਰ ਨਹੀਂ ਹੈ। ਪੁਲਸ ਨੇ ਸੂਝ ਬੂਝ ਤੋਂ ਕੰਮ ਲਿਆ ਅਤੇ ਆਪਣੇ ਜ਼ਖ਼ਮੀ ਮੁਲਾਜ਼ਮਾਂ ਨੂੰ ਤੁਰੰਤ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਦੇ 1 ਹੋਮਗਾਰਡ ਦੇ ਪੁਲਸ ਮੁਲਾਜ਼ਮ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ, ਜਿਸ ਦਾ ਬਹੁਤੇ ਸਿਆਸੀ ਆਗੂਆਂ ਨੂੰ ਕੋਈ ਦੁੱਖ਼ ਨਹੀਂ ਹੋਇਆ, ਜੋਕਿ ਸ਼ਰਮਨਾਕ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੇ ਮਾਸੀ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ
ਇਸੇ ਹੀ ਤਰ੍ਹਾਂ ਇਕ ਹੋਰ ਸ਼ਰਧਾਲੂ ਵਿਅਕਤੀ ਕੁੰਦਨ ਸਿੰਘ ਨਿਵਾਸੀ ਫ਼ੌਜੀ ਕਾਲੋਨੀ ਨੇ ਗੁਰਦੁਆਰਾ ਬੇਰ ਸਾਹਿਬ ਦਰਸ਼ਨ ਕਰਨ ਉਪਰੰਤ ਗੱਲਬਾਤ ਕਰਦੇ ਦੱਸਿਆ ਕਿ ਉਹ ਆਮ ਅੰਮ੍ਰਿਤ ਵੇਲੇ ਗੁਰਦੁਆਰਾ ਬੇਰ ਸਾਹਿਬ ਦਰਸ਼ਨ ਕਰਨ ਆਉਂਦਾ ਹੈ ਅਤੇ ਉਸ ਦਿਨ ਵੀ ਜਦ ਮੈਂ ਗੁਰਦੁਆਰਾ ਬੇਰ ਸਾਹਿਬ ਤੋਂ ਬਾਹਰ ਮੋਟਰ ਸਾਈਕਲ ਪਾਰਕਿੰਗ ਵੱਲੋਂ ਬਾਹਰ ਜਾ ਰਿਹਾ ਸੀ ਤਾਂ ਗੋਲ਼ੀਆਂ ਦੀ ਆਵਾਜ਼ ਸੁਣੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਾਲੇ ਪਾਸਿਓਂ ਪੁਲਸ 'ਤੇ ਗੋਲ਼ੀਆਂ ਚਲਾਈਆਂ ਜਾ ਰਹੀਆਂ ਸਨ। ਮੈਂ ਵੀ ਵੇਖਿਆ ਕਿ ਪੁਲਸ ਮੁਲਾਜ਼ਮ ਡਾਂਗਾਂ ਲੈ ਕੇ ਆਏ ਸਨ ਅਤੇ ਅੱਗਿਓਂ ਜਦ ਗੋਲ਼ੀਆਂ ਚੱਲੀਆਂ ਤਾਂ ਆਪਣੇ ਬਚਾਓ ਲਈ ਭੱਜਦੇ ਨਜ਼ਰ ਆਏ।
ਉਨ੍ਹਾਂ ਦੱਸਿਆ ਕਿ ਛਾਉਣੀ ਨਿਹੰਗ ਸਿੰਘਾਂ ਦੇ ਅੰਦਰੋਂ ਲਲਕਾਰਦੇ ਹੋਏ ਨਿਹੰਗ ਸਿੰਘ ਪੁਲਸ ਨੂੰ ਗੋਲ਼ੀਬਾਰੀ ਕਰਕੇ ਭਜਾ ਰਹੇ ਸਨ, ਜਦਕਿ ਪੁਲਸ ਨੇ ਗੋਲ਼ੀ ਨਹੀਂ ਚਲਾਈ। ਮੈਂ ਖ਼ੁਦ ਆਪਣੇ ਅੱਖੀ ਵੇਖਿਆ ਕਿ ਉਸ ਸਮੇਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦਾ ਗੁਰਦੁਆਰਾ ਬੇਰ ਸਾਹਿਬ ਵਾਲੇ ਪਾਸੇ ਗੇਟ ਨੂੰ ਜਿੰਦਰਾ ਲੱਗਾ ਹੋਇਆ ਸੀ ਅਤੇ ਪੁਲਸ ਗੁਰਦੁਆਰਾ ਸਾਹਿਬ ਵਾਲੇ ਪਾਸੇ ਬਿਲਕੁਲ ਨਹੀਂ ਗਈ, ਜਦਕਿ ਪਿਛਲੇ ਪਾਸਿਓਂ ਛਾਉਣੀ ਅੰਦਰ ਕੁਝ ਮੁਲਾਜ਼ਮ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਹ ਵੀ ਅੰਦਰੋਂ ਗੋਲ਼ੀਬਾਰੀ ਹੋਣ ’ਤੇ ਭੱਜਦੇ ਨਜ਼ਰ ਆਏ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਵੱਡੀ ਖ਼ਬਰ, ਵਿਆਹ ਸਮਾਗਮ 'ਚ ਸ਼ਾਮਲ ਹੋਣ ਗਏ 'ਆਪ' ਆਗੂ ਦੀ ਮਿਲੀ ਲਾਸ਼
ਸਾਜਿਸ਼ ਤਹਿਤ ਕੀਤੀ ਗਈ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼
ਇਕ ਹੋਰ ਸ਼ਰਧਾਲੂ ਨੇ ਗੱਲਬਾਤ ਕਰਦੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਚ ਪ੍ਰਕਾਸ਼ ਪੁਰਬ ਸਮੇਂ ਸਾਜਿਸ਼ ਤਹਿਤ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਜੋ ਗੋਲੀਬਾਰੀ ਕਰਕੇ ਇਸ ਨੂੰ ਵੀ ਬਰਗਾੜੀ ਕਾਂਡ ਬਣਾਇਆ ਜਾ ਸਕੇ ਪਰ ਸੂਝਵਾਨ ਪੁਲਸ ਅਧਿਕਾਰੀਆਂ ਗੁੱਸਾ ਪੀ ਲਿਆ ਅਤੇ ਜਵਾਬੀ ਗੋਲ਼ੀ ਨਹੀਂ ਚਲਾਈ। ਉਨ੍ਹਾਂ ਵੀ ਸਪੱਸ਼ਟ ਕੀਤਾ ਕਿ ਗੁਰਦੁਆਰਾ ਸਾਹਿਬ ਅੰਦਰ ਪੁਲਸ ਵੱਲੋਂ ਜੋੜਿਆ ਸਮੇਤ ਦਾਖ਼ਲ ਹੋਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਅਸੀਂ ਐਸਾ ਕੁਝ ਨਹੀਂ ਵੇਖਿਆ। ਉਨ੍ਹਾਂ ਇਥੋਂ ਤੱਕ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖ ਹਾਂ। ਉਨ੍ਹਾਂ ਇਹ ਸਰਕਾਰ ਤੋਂ ਵੀ ਮੰਗ ਕੀਤੀ ਕਿ ਵਾਦ ਵਿਵਾਦ ਵਾਲੀ ਇਸ ਜਗ੍ਹਾ ’ਤੇ ਗੁਰਦੁਆਰਾ ਬੇਰ ਸਾਹਿਬ ਦੀ ਵੱਡੀ ਪਾਰਕਿੰਗ ਬਣਾਈ ਜਾਵੇ ਤਾਂ ਜੋ ਸਦਾ ਲਈ ਵਿਵਾਦ ਖ਼ਤਮ ਹੋ ਸਕੇ। ਦੂਜੇ ਪਾਸੇ ਬੁੱਢਾ ਦਲ ਦੇ ਮੁਖੀ ਬਾਬਾ ਮਾਨ ਸਿੰਘ ਦੇ ਧੜੇ ਵੱਲੋਂ ਲਗਾਤਾਰ ਇਹੋ ਦੋਸ਼ ਲਗਾਏ ਜਾ ਰਹੇ ਸਨ ਕਿ ਪੁਲਸ ਨੇ ਗੋਲ਼ੀਬਾਰੀ ਕੀਤੀ ਹੈ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕੀਤੀ ਹੈ। ਹੁਣ ਇਹ ਮਾਮਲਾ ਰਾਜਨੀਤਕ ਰੰਗ ਫੜ ਗਿਆ ਹੈ।
ਇਹ ਵੀ ਪੜ੍ਹੋ : ਵਿਆਹ ਸਮਾਗਮ 'ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਮਚਿਆ ਚੀਕ-ਚਿਹਾੜਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।