ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਹੁਣ ਅਪਲਾਈ ਕਰਨ ਵਾਲਿਆਂ ਦੀਆਂ ਪੱਕੀਆਂ ਫ਼ਾਈਲਾਂ...

Wednesday, Jun 25, 2025 - 10:27 AM (IST)

ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਹੁਣ ਅਪਲਾਈ ਕਰਨ ਵਾਲਿਆਂ ਦੀਆਂ ਪੱਕੀਆਂ ਫ਼ਾਈਲਾਂ...

ਲੁਧਿਆਣਾ (ਰਾਮ) : ਟਰਾਂਸਪੋਰਟ ਵਿਭਾਗ ’ਚ ਬੀਤੇ ਦਿਨੀਂ ਪਠਾਨਕੋਟ ਤੋਂ ਆਏ ਦੀਪਕ ਸਿੰਘ ਨੇ ਏ. ਟੀ. ਓ ਅਹੁਦਾ ਸੰਭਾਲਿਆ ਸੀ। ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਲਾਇਸੈਂਸ ਪ੍ਰਕਿਰਿਆ ਨੂੰ ਦਰੁੱਸਤ ਕਰਨ ਦੀ ਪਹਿਲ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਅਜੇ ਤੱਕ 2500 ਤੋਂ ਵੱਧ ਪੱਕੇ ਡਰਾਈਵਿੰਗ ਲਾਇਸੈਂਸਾਂ ਦੀਆਂ ਫਾਈਲਾਂ ਪਾਸ ਕਰ ਦਿੱਤੀਆਂ ਹਨ, ਜਿਸ ਨਾਲ ਬਿਨੈਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਦੀਪਕ ਸਿੰਘ ਦਾ ਕਹਿਣਾ ਹੈ ਕਿ ਉਹ ਬਿਨੈਕਾਰਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਜਲਦ ਤੋਂ ਜਲਦ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਅਤੇ ਸਬੰਧਿਤ ਕਾਗਜ਼ਾਤ ਉਪਲੱਬਧ ਕਰਵਾਉਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਹਾਈਵੇ 'ਤੇ ਵੱਡਾ ਹਾਦਸਾ, ਮਨਾਲੀ ਘੁੰਮਣ ਜਾਂਦੇ ਨੌਜਵਾਨਾਂ ਦੀ ਗੱਡੀ ਨੇ ਦਰੜ 'ਤਾ ਮੁੰਡਾ

ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਲਾਇਸੈਂਸਿੰਗ ਪ੍ਰਕਿਰਿਆ ਪਾਰਦਰਸ਼ੀ ਹੋਵੇ ਤਾਂ ਜੋ ਬਿਨੈਕਾਰਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਦੀਪਕ ਸਿੰਘ ਨੂੰ ਲੁਧਿਆਣਾ ’ਚ ਡਰਾਈਵਿੰਗ ਟੈਸਟ ਦੇ ਦੋਵੇਂ ਪ੍ਰਮੁੱਖ ਟਰੈਕਾਂ, ਸਰਕਾਰੀ ਕਾਲਜ ਦੇ ਟਰੈਕ ਅਤੇ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਟਰੈਕ ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੋਵੇਂ ਥਾਵਾਂ 'ਤੇ ਡਰਾਈਵਿੰਗ ਦਾ ਸੰਚਾਲਨ ਹੁੰਦਾ ਹੈ, ਜੋ ਸ਼ਹਿਰ ਲਈ ਜ਼ਰੂਰੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਟੈਸਟ ਪ੍ਰਕਿਰਿਆ ਨੂੰ ਹੋਰ ਵੱਧ ਸਾਫ਼ ਅਤੇ ਨਿਰਪੱਖ ਬਣਾਉਣਗੇ ਤਾਂ ਜੋ ਯੋਗ ਉਮੀਦਵਾਰਾਂ ਨੂੰ ਹੀ ਡਰਾਈਵਿੰਗ ਲਾਇਸੈਂਸ ਮਿਲਣ। ਉਨ੍ਹਾਂ ਨੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬਿਨੈਕਾਰਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਨਾਲ ਹੱਲ ਕਰਨ। ਦੀਪਕ ਸਿੰਘ ਦਾ ਮੰਨਣਾ ਹੈ ਕਿ ਬਿਨੈਕਾਰਾਂ ਨੂੰ ਪੂਰੀ ਜਾਣਕਾਰੀ ਉਪਲੱਬਧ ਕਰਵਾਉਣਾ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਹੱਲ ਕਰਨਾ ਵਿਭਾਗ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : 26 ਜੂਨ ਨੂੰ ਪੰਜਾਬੀਆਂ ਲਈ ਵੱਡਾ ਐਲਾਨ! CM ਮਾਨ ਨੇ ਸੱਦ ਲਈ ਕੈਬਨਿਟ ਮੀਟਿੰਗ

ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਦੀਪਕ ਸਿੰਘ ਦੀ ਸਰਗਰਮੀ ਅਤੇ ਮਿਹਨਤ ਦੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਟੀਮ ਦੇ ਆਉਣ ਨਾਲ ਵਿਭਾਗ ’ਚ ਸੁਧਾਰ ਦੀ ਉਮੀਦ ਵੱਧ ਗਈ ਹੈ ਅਤੇ ਬਿਨੈਕਾਰਾਂ ਨੂੰ ਬਿਹਤਰ ਸੁਵਿਧਾ ਮਿਲ ਸਕੇਗੀ। ਲੁਧਿਆਣਾ ਦੇ ਲੋਕ ਵੀ ਦੀਪਕ ਸਿੰਘ ਦੇ ਆਉਣ ਨਾਲ ਖੁਸ਼ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਲਾਇਸੈਂਸਿੰਗ ਪ੍ਰਕਿਰਿਆ ’ਚ ਸੁਧਾਰ ਹੋਵੇਗਾ ਅਤੇ ਵਿਭਾਗੀ ਕਾਰਜਾਂ ’ਚ ਪਾਰਦਰਸ਼ਤਾ ਆਵੇਗੀ। ਇਸ ਨਵੀਂ ਨਿਯੁਕਤੀ ਦੇ ਨਾਲ ਲੁਧਿਆਣਾ ਟਰਾਂਸਪੋਰਟ ਵਿਭਾਗ ਨੇ ਆਪਣੀਆਂ ਸੇਵਾਵਾਂ ਨੂੰ ਹੋਰ ਵਧੀਆ ਬਣਾਉਣ ਦੀ ਦਿਸ਼ਾ ’ਚ ਇਕ ਅਹਿਮ ਕਦਮ ਚੁੱਕਿਆ ਹੈ ਅਤੇ ਆਉਣ ਵਾਲੇ ਸਮੇਂ ’ਚ ਦੀਪਕ ਸਿੰਘ ਦੇ ਯਤਨਾਂ ਨਾਲ ਜ਼ਿਲ੍ਹੇ ਦੇ ਡਰਾਈਵਿੰਗ ਲਾਇਸੈਂਸਿੰਗ ਅਤੇ ਟ੍ਰੈਫਿਕ ਪ੍ਰਬੰਧਨ ’ਚ ਸਕਾਰਾਤਮਕ ਬਦਲਾਅ ਆਉਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News