ਵਿਦਿਆਰਥੀਆਂ ਨੂੰ ਵੱਡੀ ਰਾਹਤ, ਵਿਦਿਆਰਥੀ ਕੌਂਸਲ ਚੋਣਾਂ ਲੜਨ ਲਈ PU ਨੇ ਦਿੱਤੀ ਖ਼ਾਸ ਛੋਟ
Monday, Aug 24, 2026 - 02:10 PM (IST)
ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਨੇ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਡੀਨ ਸਟੂਡੈਂਟ ਵੈਲਫੇਅਰ ਦਫ਼ਤਰ ਵੱਲੋਂ ਜਾਰੀ ਨੋਟਿਸ ਅਨੁਸਾਰ ਚਾਰ ਸਾਲਾ ਅੰਡਰਗ੍ਰੈਜੂਏਟ ਕੋਰਸਾਂ ਦੇ ਵਿਦਿਆਰਥੀਆਂ ਲਈ ਚੋਣ ਲੜਨ ਦੀ ਵੱਧ ਤੋਂ ਵੱਧ ਉਮਰ ਸੀਮਾ ’ਚ ਇਕ ਸਾਲ ਦੀ ਛੋਟ ਮਨਜ਼ੂਰ ਕੀਤੀ ਗਈ ਹੈ। ਨੋਟਿਸ ’ਚ ਦੱਸਿਆ ਗਿਆ ਹੈ ਕਿ ਉਪ ਕੁਲਪਤੀ ਵੱਲੋਂ ਗਠਿਤ ਗ੍ਰੀਵੈਂਸ ਰੈਡਰੈੱਸਲ ਸੈੱਲ ਦੀ ਮੀਟਿੰਗ ਦੌਰਾਨ ਵਿਦਿਆਰਥੀਆਂ ਤੋਂ ਮਿਲੀਆਂ ਸ਼ਿਕਾਇਤਾਂ ਤੇ ਮੰਗਾਂ ’ਤੇ ਵਿਚਾਰ ਕੀਤਾ ਗਿਆ।
ਮੀਟਿੰਗ ’ਚ ਫ਼ੈਸਲਾ ਲਿਆ ਗਿਆ ਕਿ ਨਵੀਂ ਸਿੱਖਿਆ ਨੀਤੀ ਜਾਂ ਹੋਰ ਚਾਰ ਸਾਲਾ ਅੰਡਰਗ੍ਰੈਜੂਏਟ ਕੋਰਸਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਮਰ ਹੱਦ ’ਚ ਇਕ ਸਾਲ ਦੀ ਛੋਟ ਦਿੱਤੀ ਜਾਵੇਗੀ। ਇਸ ਫ਼ੈਸਲੇ ਤੋਂ ਬਾਅਦ ਪਹਿਲਾਂ 22 ਸਾਲ ਦੀ ਸੀਮਾ ਹੇਠ ਆਉਣ ਵਾਲੇ ਵਿਦਿਆਰਥੀ ਹੁਣ 23 ਸਾਲ ਦੀ ਉਮਰ ਤੱਕ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣ ਲੜਨ ਦੇ ਯੋਗ ਹੋਣਗੇ। ਡੀਨ ਸਟੂਡੈਂਟ ਵੈਲਫੇਅਰ ਦਫ਼ਤਰ ਨੇ ਇਹ ਨੋਟਿਸ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ, ਸਥਾਨਕ ਕਾਲਜਾਂ, ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਵਿਦਿਆਰਥੀ ਜੱਥੇਬੰਦੀਆਂ ਤੇ ਪਬਲਿਕ ਰਿਲੇਸ਼ਨਜ਼ ਵਿਭਾਗ ਨੂੰ ਲਾਗੂ ਕਰਨ ਅਤੇ ਜਾਣਕਾਰੀ ਲਈ ਜਾਰੀ ਕਰ ਦਿੱਤਾ ਹੈ।
