ਪੰਜਾਬ ''ਚ CM ਚਿਹਰਾ ਐਲਾਨਣ ਬਾਰੇ ਕਾਂਗਰਸ ਦਾ ਵੱਡਾ ਫ਼ੈਸਲਾ! ਸਚਿਨ ਪਾਇਲਟ ਨੇ ਕੀਤਾ ਖ਼ੁਲਾਸਾ

Thursday, Sep 10, 2026 - 06:31 PM (IST)

ਪੰਜਾਬ ''ਚ CM ਚਿਹਰਾ ਐਲਾਨਣ ਬਾਰੇ ਕਾਂਗਰਸ ਦਾ ਵੱਡਾ ਫ਼ੈਸਲਾ! ਸਚਿਨ ਪਾਇਲਟ ਨੇ ਕੀਤਾ ਖ਼ੁਲਾਸਾ

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ 'ਚ ਸਾਲ 2027 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਸਿਆਸੀ ਮੰਥਨ ਚੱਲ ਰਿਹਾ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪਾਰਟੀ ਪਹਿਲਾਂ ਤੋਂ ਕਿਸੇ ਇੱਕ ਆਗੂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣ ਦੇ ਹੱਕ 'ਚ ਨਹੀਂ ਹੈ। ਪਾਇਲਟ ਦਾ ਕਹਿਣਾ ਹੈ ਕਿ ਕਾਂਗਰਸ ਪੰਜਾਬ 'ਚ ਇੱਕਜੁੱਟ ਹੋ ਕੇ ਚੋਣ ਲੜੇਗੀ ਅਤੇ ਚੋਣ ਮੁਹਿੰਮ ਦੀ ਅਗਵਾਈ ਰਾਹੁਲ ਗਾਂਧੀ ਕਰਨਗੇ। ਜਦੋਂ ਪਾਰਟੀ ਨੂੰ ਬਹੁਮਤ ਮਿਲੇਗਾ, ਉਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਕਿਸ ਆਗੂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਣੀ ਹੈ। ਇੱਥੇ ਸਭ ਤੋਂ ਵੱਡਾ ਸਿਆਸੀ ਐਂਗਲ ਇਹ ਹੈ ਕਿ ਪੰਜਾਬ 'ਚ ਮੁੱਖ ਮੰਤਰੀ ਦੇ ਚਿਹਰੇ ਦਾ ਮੁੱਦਾ ਹਮੇਸ਼ਾ ਮਹੱਤਵਪੂਰਨ ਰਿਹਾ ਹੈ। 2017 ਦੀਆਂ ਚੋਣਾਂ 'ਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿਹਰੇ ਵਜੋਂ ਅੱਗੇ ਰੱਖਿਆ। ਕੈਪਟਨ ਦੇ ਨਾਂ 'ਤੇ ਚੋਣ ਮੁਹਿੰਮ ਚਲਾਈ ਗਈ ਅਤੇ ਕਾਂਗਰਸ ਸੱਤਾ 'ਚ ਆਈ। 2022 'ਚ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣ ਲੜੀ ਅਤੇ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ। ਇਸੇ ਲਈ ਹੁਣ ਕਾਂਗਰਸ ਦਾ ਇਹ ਫ਼ੈਸਲਾ ਕਿ ਪਹਿਲਾਂ ਤੋਂ ਕੋਈ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਨਹੀਂ ਜਾਵੇਗਾ, ਪੰਜਾਬ ਦੀ ਸਿਆਸਤ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਪਿੱਛੇ ਇੱਕ ਹੋਰ ਵੱਡਾ ਕਾਰਨ ਕਾਂਗਰਸ ਦੀ ਅੰਦਰੂਨੀ ਸਿਆਸਤ ਵੀ ਮੰਨੀ ਜਾ ਰਹੀ ਹੈ। ਪੰਜਾਬ ਕਾਂਗਰਸ 'ਚ ਕਈ ਸੀਨੀਅਰ ਆਗੂ ਮੁੱਖ ਮੰਤਰੀ ਦੀ ਦੌੜ 'ਚ ਆਪਣੇ ਆਪ ਨੂੰ ਸਮਰੱਥ ਮੰਨਦੇ ਹਨ। ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ ਸਮੇਤ ਕਈ ਵੱਡੇ ਚਿਹਰਿਆਂ ਦੀ ਆਪਣੀ-ਆਪਣੀ ਸਿਆਸੀ ਪਕੜ ਹੈ। ਅਜਿਹੇ 'ਚ ਜੇਕਰ ਪਾਰਟੀ ਚੋਣਾਂ ਤੋਂ ਪਹਿਲਾਂ ਕਿਸੇ ਇੱਕ ਚਿਹਰੇ ਦਾ ਐਲਾਨ ਕਰਦੀ ਹੈ ਤਾਂ ਦੂਜੇ ਆਗੂਆਂ 'ਚ ਨਾਰਾਜ਼ਗੀ ਜਾਂ ਧੜੇਬੰਦੀ ਵੱਧਣ ਦਾ ਖ਼ਤਰਾ ਵੀ ਰਹਿ ਸਕਦਾ ਹੈ। ਇਸ ਲਈ ਕਾਂਗਰਸ ਦਾ ਫਾਰਮੂਲਾ ਸਾਫ਼ ਨਜ਼ਰ ਆ ਰਿਹਾ ਹੈ-ਪਹਿਲਾਂ ਚੋਣ, ਫਿਰ ਚਿਹਰਾ। 

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ, ਭਗਤ ਚੁੰਨੀ ਲਾਲ ਦੇ ਦਿਹਾਂਤ ਕਾਰਨ ਕੀਤਾ ਗਿਆ ਐਲਾਨ

ਰਾਹੁਲ ਗਾਂਧੀ ਦਾ ਚਿਹਰਾ ਕਿੰਨਾ ਕਾਰਗਰ?

ਹਾਲਾਂਕਿ ਕਾਂਗਰਸ ਵੱਲੋਂ ਰਾਹੁਲ ਗਾਂਧੀ ਨੂੰ ਚੋਣ ਮੁਹਿੰਮ ਦਾ ਕੇਂਦਰੀ ਚਿਹਰਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਪੰਜਾਬ 'ਚ ਇਸ ਰਣਨੀਤੀ ਦੀ ਕਾਮਯਾਬੀ ਵੀ ਇੱਕ ਵੱਡਾ ਸਵਾਲ ਹੈ। ਕੌਮੀ ਪੱਧਰ 'ਤੇ ਰਾਹੁਲ ਗਾਂਧੀ ਕਾਂਗਰਸ ਦੀ ਸਭ ਤੋਂ ਵੱਡੀ ਲੀਡਰਸ਼ਿਪ ਹਨ, ਪਰ ਸਵਾਲ ਇਹ ਹੈ ਕਿ ਕੀ ਪੰਜਾਬ ਦੀ ਜਨਤਾ ਪੰਜਾਬ ਵਿਧਾਨ ਸਭਾ ਦੀ ਚੋਣ 'ਚ ਕੌਮੀ ਚਿਹਰੇ ਨੂੰ ਉਸੇ ਤਰ੍ਹਾਂ ਸਵੀਕਾਰ ਕਰੇਗੀ, ਜਿਸ ਤਰ੍ਹਾਂ ਉਹ ਸੂਬਾਈ ਚਿਹਰੇ ਨੂੰ ਕਰਦੀ ਹੈ? ਪੰਜਾਬ ਦੀ ਸਿਆਸਤ 'ਚ ਵੋਟਰ ਕਈ ਵਾਰ ਸਥਾਨਕ ਲੀਡਰਸ਼ਿਪ, ਉਮੀਦਵਾਰ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਖ਼ਾਸ ਤਰਜ਼ੀਹ ਦਿੰਦਾ ਰਿਹਾ ਹੈ। ਇਸ ਲਈ ਕਾਂਗਰਸ ਲਈ ਇਹ ਰਣਨੀਤੀ ਕਿੰਨੀ ਪ੍ਰਭਾਵਸ਼ਾਲੀ ਰਹੇਗੀ, ਇਹ ਚੋਣਾਂ ਨੇੜੇ ਆਉਣ 'ਤੇ ਹੋਰ ਸਪੱਸ਼ਟ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਬਾਰੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਵਿਧਾਨ ਸਭਾ ਚੋਣਾਂ 'ਚ 3 ਵੱਖ-ਵੱਖ ਮਾਡਲ

ਹੁਣ ਤੱਕ ਦੇ ਸਾਰੇ ਸਿਆਸੀ ਸੰਕੇਤਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ 2027 ਦੀ ਪੰਜਾਬ ਵਿਧਾਨ ਸਭਾ ਚੋਣ 'ਚ ਤਿੰਨ ਵੱਖ-ਵੱਖ ਮਾਡਲ ਨਜ਼ਰ ਆ ਰਹੇ ਹਨ। ਭਾਜਪਾ ਕੌਮੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਨਾਲ ਪੰਜਾਬ 'ਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਾਂਝੀ ਟੀਮ ਵਜੋਂ ਚੋਣ ਲੜਨ ਅਤੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦੀ ਰਣਨੀਤੀ 'ਤੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਕੋਲ ਪਹਿਲਾਂ ਤੋਂ ਸੂਬਾਈ ਚਿਹਰਾ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹਨ, ਇਸ ਲਈ ਉਸ ਦੀ ਪੂਰੀ ਮੁਹਿੰਮ ਸਰਕਾਰ ਦੇ ਕੰਮ ਅਤੇ ਮਾਨ ਦੀ ਲੀਡਰਸ਼ਿਪ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਅਕਾਲੀ ਦਲ ਆਪਣੇ ਆਪ ਨੂੰ ਪੰਜਾਬ ਦੀ ਖੇਤਰੀ ਸਿਆਸਤ ਦੀ ਮਜ਼ਬੂਤ ਆਵਾਜ਼ ਵਜੋਂ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News