ਸਚਿਨ ਪਾਇਲਟ ਦੇ ਪੰਜਾਬ ਦੌਰੇ ਤੋਂ ਪਹਿਲਾਂ ਵੱਡੀਆਂ ਤਿਆਰੀਆਂ, ਪੋਸਟਰਾਂ ਨੇ ਖਿੱਚਿਆ ਧਿਆਨ
Tuesday, Sep 15, 2026 - 01:14 PM (IST)
ਚੰਡੀਗੜ੍ਹ (ਵੈੱਬ ਡੈਸਕ, ਅੰਕੁਰ ਤਾਂਗੜੀ) : ਪੰਜਾਬ ਕਾਂਗਰਸ 'ਚ ਪਿਛਲੇ ਕੁੱਝ ਸਮੇਂ ਤੋਂ ਚੱਲ ਰਹੇ ਅੰਦਰੂਨੀ ਸਿਆਸੀ ਘਮਾਸਾਨ ਦਰਮਿਆਨ ਅੱਜ ਦਾ ਦਿਨ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਪੰਜਾਬ ਦੌਰੇ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ-15 ਸਥਿਤ ਕਾਂਗਰਸ ਭਵਨ 'ਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਾਇਲਟ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਆਗੂਆਂ ਅਤੇ ਵਰਕਰਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਸਚਿਨ ਪਾਇਲਟ ਦਿੱਲੀ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਆਉਣ ਮਗਰੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇੱਕ ਮੰਚ ’ਤੇ ਇਕੱਠੀ ਨਜ਼ਰ ਆ ਸਕਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਕਾਂਗਰਸ 'ਚ ਵੱਖ-ਵੱਖ ਧੜਿਆਂ ਵਿਚਾਲੇ ਚੱਲ ਰਹੀਆਂ ਖਿੱਚਤਾਣਾਂ ਦੇ ਮੱਦੇਨਜ਼ਰ ਅੱਜ ਦਾ ਪ੍ਰਦਰਸ਼ਨ ਅਤੇ ਇਕੱਠ ਪਾਰਟੀ ਦੀ ਏਕਤਾ ਲਈ ਵੀ ਵੱਡੀ ਕਸੌਟੀ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੰਨੀ ਨੂੰ ਮਨਾਉਣ ’ਚ ਕਾਮਯਾਬ ਹੋਏ ਪਾਇਲਟ! ਇੰਚਾਰਜ ਬਣਨ ਮਗਰੋਂ ਅੱਜ ਪਹਿਲੀ ਵਾਰ ਪੁੱਜਣਗੇ ਪੰਜਾਬ
ਕਾਂਗਰਸ ਭਵਨ ਦੇ ਆਲੇ-ਦੁਆਲੇ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਸਟੇਜ ਤਿਆਰ ਕੀਤੀ ਗਈ ਹੈ, ਜਦੋਂ ਕਿ ਵੱਡੀ ਗਿਣਤੀ 'ਚ ਪਹੁੰਚਣ ਵਾਲੇ ਕਾਂਗਰਸੀ ਵਰਕਰਾਂ ਨੂੰ ਧਿਆਨ 'ਚ ਰੱਖਦਿਆਂ ਬੈਰੀਕੇਡਿੰਗ ਵੀ ਕੀਤੀ ਗਈ ਹੈ। ਸਟੇਜ ਤੋਂ ਦੂਰ ਰਹਿਣ ਵਾਲੇ ਵਰਕਰਾਂ ਲਈ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ, ਤਾਂ ਜੋ ਉਹ ਪੂਰੇ ਪ੍ਰੋਗਰਾਮ ਨੂੰ ਦੇਖ ਸਕਣ। ਇਸ ਦੇ ਨਾਲ ਹੀ ਕਾਂਗਰਸ ਭਵਨ ਨੂੰ ਆਉਣ ਵਾਲੀਆਂ ਸੜਕਾਂ ’ਤੇ ਵੀ ਆਵਾਜਾਈ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਹਨ। ਵੱਡੇ ਇਕੱਠ ਦੇ ਮੱਦੇਨਜ਼ਰ ਟ੍ਰੈਫਿਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਕਾਂਗਰਸੀ ਵਰਕਰਾਂ ਦੇ ਬੈਠਣ ਲਈ ਗੱਦੇ ਵਿਛਾਏ ਜਾ ਰਹੇ ਹਨ ਅਤੇ ਹੋਰ ਪ੍ਰਬੰਧ ਵੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਫਾਇਰਮੈਨ ਭਰਤੀ ਵਿਵਾਦ ਮਾਮਲੇ 'ਚ ਹਾਈਕੋਰਟ ਨੇ ਲਾਈ ਰੋਕ, ਪੜ੍ਹੋ ਕੀ ਸੁਣਾਇਆ ਫ਼ੈਸਲਾ
ਪੋਸਟਰਾਂ ਨੇ ਵੀ ਖਿੱਚਿਆ ਧਿਆਨ
ਅੱਜ ਦੇ ਪ੍ਰੋਗਰਾਮ ਤੋਂ ਪਹਿਲਾਂ ਕਾਂਗਰਸ ਭਵਨ ਦੇ ਆਲੇ-ਦੁਆਲੇ ਲਗਾਏ ਗਏ ਪੋਸਟਰ ਵੀ ਸਿਆਸੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਚਿਨ ਪਾਇਲਟ ਨਾਲ ਜੁੜੀਆਂ ਤਸਵੀਰਾਂ ਵਾਲੇ ਪੋਸਟਰ ਲਗਾਏ ਗਏ ਹਨ। ਇਨ੍ਹਾਂ 'ਚ ਸਥਾਨਕ ਕਾਂਗਰਸੀ ਆਗੂਆਂ ਵੱਲੋਂ ਆਪਣੀ ਮੌਜੂਦਗੀ ਦਰਜ ਕਰਵਾਉਣ ਦੀ ਕੋਸ਼ਿਸ਼ ਵੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਸੋਨੀਆ ਗਾਂਧੀ ਸਮੇਤ ਕਾਂਗਰਸ ਦੇ ਹੋਰ ਕੌਮੀ ਆਗੂਆਂ ਦੇ ਪੋਸਟਰ ਵੀ ਨਜ਼ਰ ਆ ਰਹੇ ਹਨ। ਗੁਲਜ਼ਾਰ ਸਿੰਘ ਦੇ ਇਨਸਾਫ਼ ਨਾਲ ਜੁੜੇ ਬੈਨਰ ਅਤੇ ਪੋਸਟਰ ਵੀ ਪ੍ਰੋਗਰਾਮ ਵਾਲੀ ਥਾਂ ’ਤੇ ਲਗਾਏ ਗਏ ਹਨ। ਕਾਂਗਰਸ ਵੱਲੋਂ ਇਸ ਮੁੱਦੇ ਨੂੰ ਲੈ ਕੇ ਰੋਸ ਮਾਰਚ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਚਿਨ ਪਾਇਲਟ ਦੇ ਸਾਹਮਣੇ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨਾ ਸਭ ਤੋਂ ਵੱਡੀ ਚੁਣੌਤੀ ਰਹੇਗੀ। ਪਾਰਟੀ ਦੇ ਅੰਦਰ ਵੱਖ-ਵੱਖ ਆਗੂਆਂ ਅਤੇ ਧੜਿਆਂ ਵਿਚਾਲੇ ਪਿਛਲੇ ਸਮੇਂ ਦੌਰਾਨ ਕਈ ਵਾਰ ਮਤਭੇਦ ਸਾਹਮਣੇ ਆ ਚੁੱਕੇ ਹਨ। ਅਜਿਹੇ ਵਿੱਚ ਅੱਜ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਇਲਟ ਦੇ ਸਵਾਗਤ ਅਤੇ ਪ੍ਰੋਗਰਾਮ ਦੌਰਾਨ ਕਿਹੜੇ-ਕਿਹੜੇ ਆਗੂ ਅਤੇ ਧੜੇ ਇੱਕ ਮੰਚ ’ਤੇ ਇਕੱਠੇ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
