ਫਿਰੋਜ਼ਪੁਰ ਤੋਂ ਵੱਡੀ ਖ਼ਬਰ, ਕਾਂਗਰਸੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ

Sunday, Jun 23, 2024 - 07:16 PM (IST)

ਫਿਰੋਜ਼ਪੁਰ ਤੋਂ ਵੱਡੀ ਖ਼ਬਰ, ਕਾਂਗਰਸੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ

ਫਿਰੋਜ਼ਪੁਰ (ਵੈੱਬ ਡੈਸਕ, ਕੁਮਾਰ)- ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਜੇਲ੍ਹ ਦੇ ਬਾਹਰ ਗੋਲ਼ੀਆਂ ਮਾਰ ਕੇ ਕਾਂਗਰਸੀ ਆਗੂ ਦਾ ਕਤਲ ਕਰ ਦਿੱਤਾ ਗਿਆ। ਗੋਲ਼ੀਆਂ ਦਾ ਸ਼ਿਕਾਰ ਹੋਏ ਕਾਂਗਰਸੀ ਆਗੂ ਨੇ ਇਲਾਜ ਦੌਰਾਨ ਦਮ ਤੋੜਿਆ। ਮ੍ਰਿਤਕ ਕਾਂਗਰਸੀ ਆਗੂ ਦੀ ਪਛਾਣ ਲਲਿਤ ਕੁਮਾਰ ਵਜੋਂ ਹੋਈ ਹੈ, ਜਿਸ ਨੂੰ ਜੇਲ੍ਹ ਦੇ ਬਾਹਰ ਹਮਲਾਵਰਾਂ ਨੇ ਬੀਤੀ ਸ਼ਾਮ ਗੋਲ਼ੀਆਂ ਮਾਰੀਆਂ ਸਨ। ਕਰੀਬ 3 ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਲਲਿਤ ਕੁਮਾਰ ਦਾ ਸਾਥੀ ਜ਼ਮਾਨਤ 'ਤੇ ਬਾਹਰ ਆਇਆ ਸੀ, ਜਿਸ ਨੂੰ ਲਿਆਉਣ ਲਈ ਲਲਿਤ ਆਪਣੇ ਸਾਥੀਆਂ ਦੇ ਨਾਲ ਗਿਆ ਸੀ।  

PunjabKesari

ਲਲਿਤ ਕੁਮਾਰ ਨੂੰ ਤਿੰਨ ਗੋਲ਼ੀਆਂ ਲੱਗੀਆਂ ਸਨ ਅਤੇ ਲਲਿਤ ਕੁਮਾਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਲਲਿਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਥਾਣਾ ਫ਼ਿਰੋਜ਼ਪੁਰ ਪੁਲਸ ਨੇ ਕਾਰਵਾਈ ਕੀਤੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਲੈ ਗਈ ਹੈ। 

ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਡਿਊਟੀ ਤੋਂ ਘਰ ਜਾ ਰਹੇ ਹੋਮ ਗਾਰਡ ਦੀ ਦਰਦਨਾਕ ਮੌਤ

ਡਾਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਲਲਿਤ ਨੂੰ 21 ਤਾਰੀਖ਼ ਨੂੰ ਰਾਤ ਕਰੀਬ ਦਸ ਵਜੇ ਲਿਆਂਦਾ ਗਿਆ ਸੀ ਅਤੇ ਉਸ ਸਮੇਂ ਉਸ ਦੀ ਹਾਲਤ ਠੀਕ ਨਹੀਂ ਸੀ, ਬਹੁਤ ਜ਼ਿਆਦਾ ਖ਼ੂਨ ਵਹਿ ਗਿਆ ਸੀ ਅਤੇ ਅਸੀਂ ਉਸ ਦੀ ਸਰਜਰੀ ਲਈ ਚਾਰ-ਪੰਜ ਘੰਟੇ ਦਾ ਸਮਾਂ ਲਗਾ ਕੇ ਬਾਹਰ ਕੱਢਿਆ। ਇਕ ਗੋਲ਼ੀ ਅਜੇ ਵੀ ਅੰਦਰ ਸੀ, ਜੋਕਿ ਅਜੇ ਵੀ ਅੰਦਰ ਹੈ ਅਤੇ ਅਸੀਂ ਲਾਸ਼ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੇਟ ਵਿਚੋਂ ਨਿਕਲੀ ਗੋਲ਼ੀ ਵੀ ਪੁਲਸ ਨੂੰ ਦੇ ਦਿੱਤੀ ਗਈ ਹੈ। 
ਮੌਕੇ 'ਤੇ ਮੌਜੂਦ ਲਲਿਤ ਦੇ ਨਾਲ ਉਸ ਦੇ ਦੋਸਤ ਨੇ ਦੱਸਿਆ ਕਿ ਸਾਡੇ ਇਕ ਦੋਸਤ ਦੀ ਜ਼ਮਾਨਤ ਹੋ ਗਈ ਸੀ ਅਤੇ ਜਦੋਂ ਅਸੀਂ ਉਸ ਨੂੰ ਜੇਲ੍ਹ ਤੋਂ ਲੈਣ ਗਏ ਸੀ ਤਾਂ ਲਲਿਤ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਉਸ 'ਤੇ ਤਿੰਨ ਗੋਲ਼ੀਆਂ ਚਲਾਈਆਂ ਗਈਆਂ ਸਨ। ਉਨ੍ਹਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਇਹ ਸਭ ਕੁਝ ਕਾਂਗਰਸੀ ਕੌਂਸਲਰ ਦੀ ਸ਼ਹਿ 'ਤੇ ਹੋਇਆ ਹੈ।

PunjabKesari

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ 'ਚ ਲੁਟੇਰਿਆਂ ਨੇ ਮਾਰਿਆ ਡਾਕਾ

ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰ ਚੱਲੀਆਂ ਗੋਲ਼ੀਆਂ ਵਿਚ ਜ਼ਖ਼ਮੀ ਹੋਏ ਸ਼ਿਕਾਇਤਕਰਤਾ ਮੁੱਦਈ ਲਲਿਤ ਪਾਸੀ ਵਾਸੀ ਖਟੀਕ ਮੰਡੀ ਫਿਰੋਜ਼ਪੁਰ ਛਾਉਣੀ ਦੇ ਦਿੱਤੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਸਲੀਮ ਅਤੇ ਅਜੇ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਫਿਰੋਜ਼ਪੁਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਜ ਇਲਾਜ ਦੌਰਾਨ ਲਲਿਤ ਦੀ ਮੌਤ ਹੋ ਗਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗਹਿਣਾ ਰਾਮ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੇ ਬਿਆਨਾਂ ਵਿਚ ਦੱਸਿਆ ਗਿਆ ਸੀ ਕਿ ਬੀਤੀ ਸ਼ਾਮ ਉਹ ਆਪਣੇ ਦੋਸਤ ਰਵੀ ਨੂੰ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਘਰ ਲਿਆਉਣ ਲਈ ਆਪਣੇ ਦੋਸਤਾਂ ਨਾਲ ਇਨੋਵਾ ਕਾਰ ’ਤੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਇਕ ਬੁਲਟ ਮੋਟਰਸਾਈਕਲ ’ਤੇ ਤਿੰਨ ਵਿਅਕਤੀ ਉਥੇ ਆਏ ਸਨ, ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਸੀ। ਸਲੀਮ ਕੋਲ ਪਿਸਤੌਲ ਸਨ ਅਤੇ ਅਜੇ ਮੋਟਰਸਾਈਕਲ ਚਲਾ ਰਿਹਾ ਸੀ ਤਾਂ ਸਲੀਮ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੇ ਪਿਸਤੌਲ ਨਾਲ ਉਸ ’ਤੇ ਸਿੱਧੇ ਫਾਇਰ ਕੀਤੇ, ਜੋ ਇਕ ਫਾਇਰ ਉਸ ਦੇ ਪੇਟ ਵਿਚ ਅਤੇ ਦੂਸਰਾ ਉਸ ਦੀ ਲੱਤ ਉਪਰ ਵਾਲੇ ਹਿੱਸੇ ਵਿਚ ਲੱਗਾ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਆਪਸ ਵਿਚ ਪੁਰਾਣਾ ਝਗੜਾ ਚੱਲ ਰਿਹਾ ਹੈ। ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਸ਼ਿਕਾਇਤਕਰਤਾ ਲਲਿਤ ਪਾਸੀ ਖ਼ਿਲਾਫ਼ ਪਹਿਲਾਂ ਹੀ ਕਤਲ, ਕਾਤਲਾਨਾ ਹਮਲਾ ਕਰਨ, ਲੜਾਈ-ਝਗੜੇ ਅਤੇ ਮਾਰਕੁੱਟ ਕਰਨ ਆਦਿ ਦੋਸ਼ਾਂ ਤਹਿਤ 8 ਮੁਕੱਦਮੇ ਵੱਖ ਵੱਖ ਥਾਣਿਆਂ ਵਿਚ ਦਰਜ ਹਨ ਅਤੇ ਉਹ ਜੁਲਾਈ 2023 ਤੋਂ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦਰਜ ਕੇਸ ਵਿਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਚਿੱਟੇ ਨੇ ਲਈ 24 ਸਾਲਾ ਨੌਜਵਾਨ ਦੀ ਜਾਨ, 4 ਭੈਣਾਂ ਦਾ ਸੀ ਇਕਲੌਤਾ ਭਰਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News