ਪੰਜਾਬ ''ਚ ਵੱਡੀ ਵਾਰਦਾਤ! ਸਾਲੇ ਨੇ ਗੋਲ਼ੀਆਂ ਮਾਰ ਕੇ ਜੀਜੇ ਦਾ ਕੀਤਾ ਕਤਲ

Saturday, Jan 10, 2026 - 07:31 PM (IST)

ਪੰਜਾਬ ''ਚ ਵੱਡੀ ਵਾਰਦਾਤ! ਸਾਲੇ ਨੇ ਗੋਲ਼ੀਆਂ ਮਾਰ ਕੇ ਜੀਜੇ ਦਾ ਕੀਤਾ ਕਤਲ

ਬੰਗਾ (ਰਾਕੇਸ਼ ਅਰੋੜਾ)-ਬੰਗਾ ਸਟੈਂਡ ਦੇ ਬਾਹਰ ਅੰਦਾਜ਼ਨ ਦੋ ਮਹੀਨੇ ਪਹਿਲਾ ਚੱਲੀਆਂ ਗੋਲ਼ੀਆਂ ਦੀ ਦਹਿਸ਼ਤ ਹੁਣ ਤੱਕ ਲੋਕਾਂ ਦੇ ਦਿਲਾਂ ਵਿਚੋਂ ਨਿਕਲੀ ਵੀ ਨਹੀਂ ਸੀ ਕਿ ਬੀਤੀ ਦੇਰ ਰਾਤ ਫਿਰ ਤੋਂ ਚੱਲੀਆਂ ਗੋਲ਼ੀਆਂ ਨੇ ਸਥਾਨਕ ਨਿਵਾਸੀਆਂ ਦੇ ਰੌਗਟੇਂ ਖੜ੍ਹੇ ਕਰਕੇ ਸ਼ਹਿਰ ਅੰਦਰ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ। ਬੀਤੀ ਦੇਰ ਰਾਤ ਸਥਾਨਕ ਐੱਮ. ਸੀ. ਕਾਲੋਨੀ ਵਿਚ ਸਾਲੇ ਵੱਲੋਂ ਜੀਜੇ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਉਰਫ਼ ਗੋਪੀ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸਤਪਾਲ ਵਾਸੀ ਗੜ੍ਹਸ਼ੰਕਰ ਵਿਖੇ ਫਿਊਜੀਥਰੈਪੀ ਦਾ ਕੰਮ ਕਰਦੇ ਸਨ। ਗੋਪੀ 'ਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਮਨਦੀਪ ਸਿੰਘ ਪੁੱਤਰ ਹੁਕਮ ਸਿੰਘ ਨਿਵਾਸੀ ਬੰਗਾ ਨੇ ਗੋਲ਼ੀਆਂ ਚਲਾਈਆਂ। ਮਨਦੀਪ ਸਿੰਘ ਪੰਜਾਬ ਪੁਲਸ ਵਿਚ ਬਤੌਰ ਹੈਂਡ ਕਾਂਸਟੇਬਲ ਵਜੋਂ ਤਾਇਨਾਤ ਹਨ ਅਤੇ ਉਨ੍ਹਾਂ ਨੇ ਆਪਣੀ ਸਰਕਾਰੀ ਪਿਸਤੌਲ ਨਾਲ ਗੁਰਪ੍ਰੀਤ 'ਤੇ 3 ਤੋਂ 4 ਫਾਇਰ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ। ਉੱਥੇ ਹੋਈ ਇਸ ਗੋਲੀਬਾਰੀ ਵਿਚ ਇਕ ਗੋਲ਼ੀ ਘਰ ਦੇ ਗੁਆਂਢ ਰਹਿੰਦੀ ਅਰਚਨਾ ਮਿਸ਼ਰਾ ਪਤਨੀ ਨੀਰਜ਼ ਮਿਸ਼ਰਾ ਨਾਮੀ ਔਰਤ ਦੀ ਲੱਤ ਵਿਚ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। 

ਇਹ ਵੀ ਪੜ੍ਹੋ: ਪੰਜਾਬ 'ਚ 14 ਜਨਵਰੀ ਤੱਕ Alert! ਮੌਸਮ ਵਿਭਾਗ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ...

ਮੌਕੇ ’ਤੇ ਜਾਣਕਾਰੀ ਦਿੰਦੇ ਮ੍ਰਿਤਕ ਗੁਰਪ੍ਰੀਤ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਮਨਦੀਪ ਸਿੰਘ ਉਸ ਦਾ ਸਕਾ ਭਰਾ ਹੈ ਅਤੇ ਪੰਜਾਬ ਪੁਲਸ ਵਿਚ ਬਤੌਰ ਹੈੱਡ ਕਾਸਟੇਂਬਲ ਵਜੋਂ ਤਾਇਨਾਤ ਹੈ ਅਤੇ ਉਹ ਬੰਗਾ ਦੇ ਮੰਸਦਾ ਪੱਟੀ ਹੱਪੋਵਾਲ ਰੋਡ ਦਾ ਨਿਵਾਸੀ ਹੈ। ਉਸ ਨੇ ਦੱਸਿਆ ਕਿ ਉਸ ਦੀ ਦੂਜੀ ਭੈਣ ਦੇ ਸੁਹਰੇ ਪਰਿਵਾਰ ਵਿਚ ਕਿਸੇ ਕਰੀਬੀ ਰਿਸ਼ਤੇਦਾਰ ਦਾ ਵਿਆਹ ਸੀ ਅਤੇ ਮਨਦੀਪ ਨੂੰ ਉਕਤ ਪਰਿਵਾਰ ਵੱਲੋਂ ਨਹੀਂ ਬੁਲਾਇਆ ਗਿਆ ਸੀ, ਜਿਸ ਨੂੰ ਲੈ ਕੇ ਮਨਦੀਪ ਨਾਰਾਜ਼ ਸੀ ਅਤੇ ਉਨ੍ਹਾਂ ਨੂੰ ਵੀ ਉਪਰੋਕਤ ਵਿਆਹ ਵਿਚ ਜਾਣ ਤੋਂ ਰੋਕ ਰਿਹਾ ਸੀ। ਉਸ ਨੇ ਦੱਸਿਆ ਕਿ ਕਰੀਬੀ ਰਿਸ਼ਤੇਦਾਰੀ ਹੋਣ ਕਾਰਨ ਵਿਆਹ ਵਿਚ ਦੇਰ ਰਾਤ ਜ਼ਰੂਰ ਗਏ ਅਤੇ ਬਿਨਾਂ ਵਿਆਹ ਵੇਖੇ ਸ਼ਗਨ ਦੇਣ ਉਪਰੰਤ ਤੁਰੰਤ ਵਾਪਸ ਮੁੜ ਆਏ ਤਾਂ ਕਿ ਮਨਦੀਪ ਉਨ੍ਹਾਂ ਨਾਲ ਨਾਰਾਜ਼ ਨਾ ਹੋਵੇ।

PunjabKesari

ਉਸ ਨੇ ਦੱਸਿਆ ਕਿ ਮਨਦੀਪ ਨੇ ਪਹਿਲਾਂ ਉਨ੍ਹਾਂ ਦੇ 12 ਸਾਲ ਦੇ ਬੇਟੇ ਨੂੰ ਫੋਨ ਕਰਕੇ ਪੁੱਛਿਆ ਕਿ ਤੁਸੀਂ ਵਿਆਹ ਗਏ ਸੀ ਤਾਂ ਬੇਟੇ ਨੇ ਕਿਹਾ ਨਹੀਂ ਉਹ ਵਿਆਹ ’ਤੇ ਨਹੀਂ ਗਏ ਅਤੇ ਫਿਰ ਉਸ ਨੇ ਇਸ ਦੀ ਪੁਸ਼ਟੀ ਕਿਸੇ ਹੋਰ ਕਰੀਬੀ ਰਿਸ਼ਤੇਦਾਰ ਤੋਂ ਕੀਤੀ ਤਾਂ ਉਸ ਨੇ ਮਨਦੀਪ ਨੂੰ ਦੱਸ ਦਿੱਤਾ ਕਿ ਉਹ ਵਿਆਹ ’ਤੇ ਆਏ ਸਨ ਅਤੇ ਸ਼ਗਨ ਦੇ ਕੇ ਤੁਰੰਤ ਨਿਕਲ ਗਏ। ਇਸ ਗੱਲ ਤੋਂ ਨਾਰਾਜ਼ ਮਨਦੀਪ ਤੈਸ਼ ਵਿਚ ਆ ਗਿਆ ਅਤੇ ਪਹਿਲਾਂ ਉਸ ਨੇ ਆਪਣੇ ਘਰ ਆਪਣੇ ਮਾਤਾ-ਪਿਤਾ ਨਾਲ ਗਾਲੀ-ਗਲੋਚ ਕੀਤਾ ਅਤੇ ਫਿਰ ਉਨ੍ਹਾਂ ਦੇ ਘਰ ਆ ਗਿਆ ਅਤੇ ਆਪਣੀ ਕਾਰ ਲਿਆ ਕੇ ਸਿੱਧੀ ਉਨ੍ਹਾਂ ਦੇ ਗੇਟ ਵਿਚ ਮਾਰੀ ਅਤੇ ਗੇਟ ਤੋੜ ਦਿੱਤਾ ਅਤੇ ਗਾਲੀ ਗਲੋਚ ਕਰਨ ਲੱਗ ਪਿਆ।

ਇਹ ਵੀ ਪੜ੍ਹੋ: ਆਤਿਸ਼ੀ ਵੀਡੀਓ ਮਾਮਲੇ 'ਚ ਸੁਨੀਲ ਜਾਖੜ ਨੇ ਫੋਰੈਂਸਿਕ ਜਾਂਚ 'ਤੇ ਚੁੱਕੇ ਸਵਾਲ (ਵੀਡੀਓ)

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੁੰਡਾ ਨਾ ਖੋਲ੍ਹਣ ’ਤੇ ਮਨਦੀਪ ਨੇ ਉਨ੍ਹਾਂ ਦੇ ਘਰ ਅੰਦਰ ਲੱਗੇ ਜਾਲੀ ਵਾਲੇ ਦਰਵਾਜ਼ੇ ਨੂੰ ਤੋੜ ਦਿੱਤਾ। ਉਸ ਨੇ ਦੱਸਿਆ ਮਨਦੀਪ ਨੂੰ ਗੁੱਸੇ ਵਿਚ ਵੇਖ ਉਹ ਆਪਣੇ ਪਤੀ ਅਤੇ ਬੱਚਿਆਂ ਸਮੇਤ ਘਰ ਦੀ ਛੱਤ ’ਤੇ ਚਲੇ ਗਏ ਅਤੇ ਮਨਦੀਪ ਦੇ ਜਾਣ ਦਾ ਇੰਤਜ਼ਾਰ ਕਰਨ ਲੱਗੇ। ਉਸ ਨੇ ਦੱਸਿਆ ਮਨਦੀਪ ਦਾ ਰੋਲਾ ਰੱਪਾ ਸੁਣ ਕੇ ਮੁੱਹਲੇ ਵਿਚ ਰਹਿੰਦੇ ਆਂਢ-ਗੁਆਂਢ ਦੇ ਲੋਕਾਂ ਨੂੰ ਇੱਕਠਾ ਹੁੰਦਾ ਵੇਖ ਮਨਦੀਪ ਉੱਥੋਂ ਚਲਾ ਗਿਆ ਅਤੇ ਉਹ ਵੀ ਘਰ ਦੀ ਛੱਤ ਤੋਂ ਹੇਠਾਂ ਆ ਗਏ ਅਤੇ ਗਲੀ ਵਿਚ ਖੜ੍ਹਾ ਕੇ ਉਨ੍ਹਾਂ ਦੇ ਪਤੀ ਨੇ ਇਸ ਦੀ ਜਾਣਕਾਰੀ ਬੰਗਾ ਪੁਲਸ ਨੂੰ ਦਿੱਤੀ।

PunjabKesari

ਇਸ ਤੋਂ ਪਹਿਲਾ ਕਿ ਪੁਲਸ ਉੱਥੇ ਆਉਂਦੀ ਘਰ ਦੇ ਆਂਢ-ਗੁਆਂਢ ਰਹਿੰਦੇ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਘਰ ਨੂੰ ਬੰਦ ਕਰਕੇ ਉਨ੍ਹਾਂ ਦੇ ਘਰ ਆ ਜਾਣ ਅਤੇ ਮਾਹੌਲ ਠੰਡਾ ਹੋਣ ’ਤੇ ਚਲੇ ਜਾਣ ਤਾਂ ਮਨਦੀਪ ਸਾਹਮਣੇ ਖਾਲੀ ਪਏ ਇਕ ਪਲਾਟ ਦੀਆਂ ਝਾੜੀਆਂ ਵਿਚੋਂ ਤੇਜ਼ੀ ਨਾਲ ਬਾਹਰ ਨਿਕਲ ਆਇਆ ਅਤੇ ਉਸ ਨੇ ਆਪਣੇ ਹੱਥ ਵਿਚ ਫੜੀ ਪਿਸਤੌਲ ਨਾਲ ਗੁਰਪ੍ਰੀਤ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹ ਲਹੂ-ਲੁਹਾਨ ਹੋ ਕੇ ਗਲੀ ਵਿਚ ਡਿੱਗ ਪਿਆ।

ਉਸ ਨੇ ਦੱਸਿਆ ਕਿ ਮਨਦੀਪ ਨੇ ਉਨ੍ਹਾਂ ਦੇ 12 ਸਾਲਾ ਬੇਟੇ ’ਤੇ ਵੀ ਗੋਲ਼ੀ ਚਲਾਈ ਪਰ ਉਹ ਗੋਲ਼ੀ ਉਨ੍ਹਾਂ ਦੇ ਬੇਟੇ ਨੂੰ ਲੱਗਣ ਦੀ ਬਜਾਏ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੀ ਅਰਚਨਾ ਮਿਸ਼ਰਾ ਨਾਮੀ ਔਰਤ ਦੀ ਲੱਤ ਵਿਚ ਲੱਗ ਗਈ, ਜਿਸ ਤੋਂ ਬਾਅਦ ਮਨਦੀਪ ਆਪਣੀ ਕਾਰ ਵਿਚ ਸਵਾਰ ਹੋ ਕੇ ਉਥੋਂ ਭੱਜ ਗਿਆ। ਉਨ੍ਹਾਂ ਨੇ ਦੱਸਿਆ ਕਿ ਵਾਰਦਾਤ ਦੌਰਾਨ ਜ਼ਖ਼ਮੀ ਹੋਏ ਗੁਰਪ੍ਰੀਤ ਉਰਫ਼ ਗੋਪੀ ਅਤੇ ਅਰਚਨਾ ਨੂੰ ਮੌਕੇ ’ਤੇ ਹਾਜ਼ਰ ਸਥਾਨਕ ਨਿਵਾਸੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਪੁਹੰਚਾਇਆ, ਜਿੱਥੇ ਡਾਕਟਰੀ ਟੀਮ ਵੱਲੋਂ ਗੁਰਪ੍ਰੀਤ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਗਿਆ ਜਦਕਿ ਅਰਚਨਾ ਮਿਸ਼ਰਾ ਨਾਮੀ ਔਰਤ ਹਸਪਤਾਲ ਵਿਚ ਜ਼ੇਰੇ ਇਲਾਜ਼ ਹੈ। ਗੁਰਪ੍ਰੀਤ ਆਪਣੇ ਪਿੱਛੇ ਦੋ ਬੇਟੀਆਂ, ਜਿਨ੍ਹਾਂ ਵਿਚ ਇਕ 14 ਸਾਲ ਦੀ ਅਤੇ ਇਕ ਮਾਤਰ 7 ਮਹੀਨਿਆਂ ਦੀ ਹੈ ਅਤੇ 12 ਸਾਲਾ ਇਕ ਬੇਟੇ ਨੂੰ ਛੱਡ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਕੁਝ ਸਮੇ ਬਾਅਦ ਬੰਗਾ ਪੁਲਸ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਭਿਆਨਕ ਸੜਕ ਹਾਦਸੇ ਦੌਰਾਨ ASI ਦੀ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News