PU ''ਚ ਵੱਡਾ ਧਮਾਕਾ, ਨਵੇਂ ਵਾਈਸ ਚਾਂਸਲਰ ਨੇ ਚਾਰਜ ਸੰਭਾਲਦਿਆਂ ਹੀ ਪਿਛਲੇ VC ਦੇ ਸਾਰੇ ਆਦੇਸ਼ ਕੀਤੇ ਰੱਦ
Sunday, Apr 28, 2024 - 08:02 PM (IST)
ਪਟਿਆਲਾ (ਮਨਦੀਪ ਜੋਸਨ, ਰਾਜੇਸ਼ ਪੰਜੌਲਾ)- ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਲਗਾਏ ਗਏ ਨਵੇਂ ਵਾਈਸ ਚਾਂਸਲਰ-ਕਮ-ਉੱਚੇਰੀ ਸਿੱਖਿਆ ਸਕੱਤਰ ਅਤੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਕਮਲ ਕਿਸ਼ੋਰ ਯਾਦਵ ਨੇ ਪੀ.ਯੂ. ਵਿਚ ਆਪਣਾ ਅਹੁਦਾ ਸੰਭਾਲਦੇ ਹੀ ਧਮਾਕਾ ਕਰ ਦਿੱਤਾ। ਉਨ੍ਹਾਂ ਨੇ ਪੁਰਾਣੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਕੀਤੇ ਸਮੁੱਚੇ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਆਦੇਸ਼ ਕੀਤੇ ਕਿ ਉਹ ਸਮੁੱਚੀਆਂ ਫਾਈਲਾਂ ਮੂੜ ਪੇਸ਼ ਕਰਨ। ਨਵੇਂ ਵੀ.ਸੀ. ਦੇ ਇਸ ਫੈਸਲੇ ਨਾਲ ਸਾਰਾ ਦਿਨ ਯੂਨੀਵਰਸਿਟੀ ਅੰਦਰ ਪੂਰੀ ਤਰ੍ਹਾਂ ਗਰਮਾਹਟ ਰਹੀ।
ਜ਼ਿਕਰਯੋਗ ਹੈ ਕਿ ਕਮਲ ਕਿਸ਼ੋਰ ਯਾਦਵ ਪੰਜਾਬ ਕਾਡਰ ਦੇ 2003 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹਨ, ਜੋ ਪੰਜਾਬ ਸਰਕਾਰ ’ਚ ਵੱਖ-ਵੱਖ ਅਹਿਮ ਅਹੁਦਿਆਂ ’ਤੇ ਆਪਣੀ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ। ਉਹ ਪ੍ਰੋ. ਅਰਵਿੰਦ ਦੀ ਥਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਹਨ, ਜਿਨ੍ਹਾਂ ਦੀ 25 ਅਪ੍ਰੈਲ ਨੂੰ 3 ਸਾਲ ਦੀ ਟਰਮ ਪੂਰੀ ਹੋ ਚੁੱਕੀ ਹੈ।
ਨਵੇਂ ਵਾਈਸ ਚਾਂਸਲਰ ਕੇ.ਕੇ. ਯਾਦਵ ਵੱਲੋਂ ਸਿੱਧੇ ਤੌਰ ’ਤੇ ਆਪਣੇ ਸਾਈਨਾਂ ਹੇਠ ਜਾਰੀ ਕੀਤੇ ਆਦੇਸ਼ਾਂ ਤਹਿਤ ਹੁਣ 16 ਮਾਰਚ 2024 ਤੋਂ ਬਾਅਦ ਪੁਰਾਣੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਕੀਤੇ ਨੋਟੀਫਿਕੇਸ਼ਨ, ਸਰਕੂਲਰ, ਵੱਖ-ਵੱਖ ਆਦੇਸ਼, ਤਬਦੀਲੀਆਂ, ਪੋਸਟਿੰਗਾਂ, ਤਰੱਕੀਆਂ, ਅਧਿਆਪਨ ਅਤੇ ਗੈਰ-ਅਧਿਆਪਨ ਅਧਿਕਾਰੀਆਂ ਕਰਮਚਾਰੀਆਂ ਦੇ ਅਸਤੀਫੇ, ਮੁਅੱਤਲੀਆਂ, ਪ੍ਰਸ਼ਾਸ਼ਕੀ ਜਾਂ ਵਿੱਤੀ ਪ੍ਰਵਾਨਗੀਆਂ, ਕਿਸੇ ਵੀ ਕਿਸਮ ਦੇ ਭੁਗਤਾਨ ਸਮੇਤ ਹੋਰ ਸਮੁੱਚੇ ਆਰਡਰ ਰੱਦ ਕੀਤੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੇ ਨਾਂ ਲਗਭਗ ਤੈਅ, ਭਲਕੇ ਇਨ੍ਹਾਂ ਨਾਵਾਂ 'ਤੇ ਹਾਈਕਮਾਂਡ ਲਾਵੇਗੀ ਮੋਹਰ !
ਨਵੇਂ ਵੀ.ਸੀ. ਵੱਲੋਂ ਜਾਰੀ ਆਦੇਸ਼ਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਨੀਤੀਗਤ ਫੈਸਲਾ ਲਿਆ ਗਿਆ ਹੈ ਜਾਂ ਇਸ ਤਰ੍ਹਾਂ ਦੇ ਵੱਖ-ਵੱਖ ਫੈਸਲੇ ਪਿਛਲੇ ਸਮੇਂ ’ਚ ਕੀਤੇ ਗਏ ਹਨ, ਉਨ੍ਹਾਂ ਨੂੰ ਮੁੜ ਤੋਂ ਰਿਵਿਊ ਕੀਤਾ ਜਾਵੇਗਾ ਅਤੇ ਇਹ ਸਾਰੀਆਂ ਫਾਈਲਾਂ ਮੁੜ ਪੇਸ਼ ਹੋਣਗੀਆਂ।
ਇਨ੍ਹਾਂ ਵਿਭਾਗਾਂ ਨੂੰ ਜਾਰੀ ਹੋਏ ਆਦੇਸ਼
ਪੰਜਾਬੀ ਯੂਨੀਵਰਸਿਟੀ ਦੇ ਸਮੁੱਚੇ ਵਿਭਾਗਾਂ ਦੇ ਮੁਖੀ ਸਾਹਿਬਾਨ, ਸਮੂਹ ਅਧਿਆਪਕ ਖੋਜ, ਗੈਰ-ਅਧਿਆਪਨ ਵਿਭਾਗ ਬਰਾਂਚਾਂ, ਨੇਬਰਹੁੱਡ ਕੈਂਪਾਂ, ਡੀਨ ਅਕਾਦਮਿਕ ਮਾਮਲੇ, ਰਜਿਸਟਰਾਰ, ਵਿੱਤੀ ਅਫਸਰ, ਡਾਇਰੈਕਟਰ ਲੋਕ ਸੰਪਰਕ, ਡਾਇਰੈਕਟਰ ਈ.ਐੱਮ.ਆਰ.ਸੀ., ਕੰਟਰੋਲਰ ਪ੍ਰੀਖਿਆਵਾਂ, ਡੀਨ ਵਿਦਿਆਰਥੀ ਭਲਾਈ, ਡੀਨ ਰਿਸਚਰ, ਡੀਨ ਕਾਲਜ ਵਿਕਾਸ ਕੌਂਸਲ, ਡਾਇਰੈਕਟਰ ਕੰਸਟੀਚਿਊਟ ਕਾਲਜਾਂ ਨੂੰ ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਜਾਰੀ ਹੋਏ ਹਨ।
ਸਰਕਾਰ ਕੋਲ ਪੁਰਾਣੇ ਵੀ.ਸੀ. ਵੱਲੋਂ ਕੀਤੇ ਆਦੇਸ਼ਾਂ ਦੀਆਂ ਸਨ ਸ਼ਿਕਾਇਤਾਂ
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਕੋਲ ਪੁਰਾਣੇ ਵਾਈਸ ਚਾਂਸਲਰ ਵੱਲੋਂ ਪਿਛਲੇ ਸਮੇਂ ’ਚ ਆਪਣੇ ਮਨਮਰਜ਼ੀ ਨਾਲ ਕੀਤੇ ਆਦੇਸ਼ਾਂ ਦੀਆਂ ਸ਼ਿਕਾਇਤਾਂ ਸਨ। ਇਥੋਂ ਤੱਕ ਕਿ ਅਧਿਆਪਕ ਸੰਘ ਤਾਂ ਸਿੱਧੇ ਤੌਰ ’ਤੇ ਵਾਈਸ ਚਾਂਸਲਰ ਦੀ ਕੁਆਲੀਫਿਕੇਸ਼ਨ ਨੂੰ ਹੀ ਹਾਈਕੋਰਟ ’ਚ ਚੈਲੰਜ ਕੀਤਾ ਸੀ। ਇਸ ਤੋਂ ਬਿਨਾਂ ਅਧਿਆਪਕ ਸੰਘ ਅਤੇ ਹੋਰ ਵਰਗਾਂ ਨੇ ਦਰਜਨਾਂ ਸ਼ਿਕਾਇਤਾਂ ਪੰਜਾਬ ਸਰਕਾਰ ਨੂੰ ਕੀਤੀਆਂ ਹੋਈਆਂ ਸਨ। ਪੰਜਾਬੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਜਿਹੜੇ ਕਿ ਇਸੇ ਵਿਭਾਗ ਦੇ ਸੈਕਟਰੀ ਹਨ, ਕੋਲ ਵੀ ਕਈ ਸ਼ਿਕਾਇਤਾਂ ਪੈਂਡਿੰਗ ਚਲੀ ਆ ਰਹੀਆਂ ਸਨ, ਜਿਸ ਕਾਰਨ ਉਨ੍ਹਾਂ ਆਉਂਦੇ ਹੀ ਅਜਿਹੇ ਆਦੇਸ਼ਾਂ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ- ਇਕ ਹੋਰ ਨੂੰਹ ਨੇ ਵਿਦੇਸ਼ ਜਾ ਕੇ ਬਦਲਿਆ ਰੰਗ ! 30 ਲੱਖ ਲਾ ਕੇ ਕੈਨੇਡਾ ਭੇਜਣ ਵਾਲੇ ਪਤੀ ਅੱਗੇ ਰੱਖ'ਤੀ ਤਲਾਕ ਦੀ ਮੰਗ
ਡੀਨਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗਾਂ ’ਚ ਕੰਮਕਾਜ ਦਾ ਲਿਆ ਜਾਇਜ਼ਾ
ਪੰਜਾਬ ਸਰਕਾਰ ਦੇ ਉੱਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਪੰਜਾਬੀ ਯੂਨੀਵਰਸਿਟੀ ਵਿਖੇ ਉੱਪ-ਕੁਲਪਤੀ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਯੂਨੀਵਰਸਿਟੀ ਵਿਖੇ ਵੱਖ-ਵੱਖ ਵਰਗਾਂ ਨਾਲ ਸਾਰਾ ਦਿਨ ਹੰਗਾਮੀ ਮੀਟਿੰਗਾਂ ਕੀਤੀਆਂ ਅਤੇ ਨੀਤੀਗਤ ਫੈਸਲੇ ਲਏ।
ਕਮਲ ਕਿਸ਼ੋਰ ਯਾਦਵ ਦੇ ਯੂਨੀਵਰਸਿਟੀ ਪਹੁੰਚਣ ’ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਤਿਵਾੜੀ ਦੀ ਅਗਵਾਈ ਹੇਠ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਉਪਰੰਤ ਵਾਈਸ ਚਾਂਸਲਰ ਕੇ.ਕੇ. ਯਾਦਵ ਨੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਵੱਖ-ਵੱਖ ਫ਼ੈਕਲਟੀਆਂ ਦੇ ਡੀਨ ਅਤੇ ਵਿਭਾਗ ਦੇ ਮੁਖੀਆਂ ਨਾਲ ਵੱਖੋ ਵੱਖਰੀਆਂ ਮੀਟਿੰਗ ਕਰ ਕੇ ਯੂਨੀਵਰਸਿਟੀ ਦੇ ਕੰਮਕਾਜ ਦਾ ਜਾਇਜ਼ਾ ਲਿਆ।
ਇਸ ਦੌਰਾਨ ਯਾਦਵ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਨੂੰ ਬੜ੍ਹਾਵਾ ਦੇਣ ਲਈ ਬਾਖੂਬੀ ਕੰਮ ਕਰ ਰਹੀ ਹੈ। ਇਸ ਕਰ ਕੇ ਉਨ੍ਹਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਹ ਇਸ ਕਾਰਜ ਨੂੰ ਅੱਗੇ ਲਿਜਾਣ ਲਈ ਕੰਮ ਕਰਨਗੇ। ਉਨ੍ਹਾਂ ਨੇ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਕਾਲਜਾਂ ਦੇ ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਸਣੇ ਵੱਖ-ਵੱਖ ਵਰਗਾਂ ਤੋਂ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਪੰਜਾਬੀ ਯੂਨੀਵਰਸਿਟੀ ਦੇ ਵਿਦਿਅਕ ਸਣੇ ਸਾਰੇ ਕਾਰਜਾਂ ’ਚ ਸੁਧਾਰ ਲਿਆਂਦਾ ਜਾ ਸਕੇ।
ਇਹ ਵੀ ਪੜ੍ਹੋ- ਅਮਰੀਕਾ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਿਆ ਭਾਰਤੀ ਪਰਿਵਾਰ
ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਵਾਈਸ ਚਾਂਸਲਰ ਨਾਲ ਮੀਟਿੰਗ
ਵਾਈਸ ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੁਟਾ) ਅਤੇ ਗ਼ੈਰ-ਅਧਿਆਪਨ ਸੰਘ ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕੀਤੀ। ਇਨ੍ਹਾਂ ਮੀਟਿੰਗਾਂ ਦੌਰਾਨ ਉਨ੍ਹਾਂ ਸਾਰੀਆਂ ਧਿਰਾਂ ਨਾਲ ਸੰਵਾਦ ਰਚਾਇਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਇਸ ਮੌਕੇ ਪੂਟਾ ਨੇ ਪੁਰਾਣੇ ਵੀ.ਸੀ. ਦੀਆਂ ਸ਼ਿਕਾਇਤਾਂ ਦੀ ਝੜੀ ਵੀ ਲਗਾ ਦਿੱਤੀ। ਇਹ ਵੀ ਵੱਡਾ ਕਾਰਨ ਰਿਹਾ ਹੈ ਕਿ ਨਵੇਂ ਵੀ.ਸੀ. ਨੂੰ ਪੁਰਾਣੇ ਵੀ.ਸੀ. ਦੇ ਸਮੁੱਚੇ ਆਦੇਸ਼ ਰੱਦ ਕਰਨੇ ਪਏ। ਪੰਜਾਬੀ ਯੂਨੀਵਰਸਿਟੀ ’ਚ ਚੱਲ ਰਹੀ 54ਵੀਂ ਪੰਜਾਬ ਹਿਸਟਰੀ ਕਾਨਫਰੰਸ ’ਚ ਵੀ ਉਨ੍ਹਾਂ ਨੇ ਹਾਜ਼ਰੀ ਲਵਾਈ। ਇਸ ਦੀ ਸਫ਼ਲਤਾ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਉੱਚੇਰੀ ਸਿੱਖਿਆ ਦੇ ਡਿਪਟੀ ਡਾਇਰੈਕਟਰ ਡਾ. ਅਸ਼ਵਨੀ ਭੱਲਾ ਵੀ ਮੌਜੂਦ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e