ਟਰਾਂਸਫਾਰਮਰ ਨੂੰ ਅੱਗ ਲੱਗਣ ਨਾਲ ਹੋਇਆ ਵੱਡਾ ਧਮਾਕਾ, 3 ਬਿਜਲੀ ਕਰਮਚਾਰੀ ਝੁਲਸੇ

Monday, Jul 10, 2023 - 02:09 AM (IST)

ਫਰੀਦਕੋਟ (ਚਾਵਲਾ)-ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਗੋਲੇਵਾਲਾ ਵਿਚ ਬਣੇ 66 ਕੇ.ਵੀ. ਗਰਿੱਡ ਵਿਚ ਭਾਰੀ ਮੀਂਹ ਕਾਰਨ ਪਾਣੀ ਪੈ ਜਾਣ ਕਰਕੇ ਟ੍ਰਾਂਸਫਾਰਮਰ ਨੂੰ ਅਚਾਨਕ ਬੀਤੇ ਦਿਨੀਂ ਸ਼ਾਮ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਬਹੁਤ ਵੱਡਾ ਧਮਾਕਾ ਹੋ ਗਿਆ ਤਾਂ ਅੱਗ ਦੀਆਂ ਲਾਟਾਂ ਲਗਭਗ 50, 50, ਫੁੱਟ ਉੱਚੀਆਂ ਦਿਖਾਈ ਦਿੱਤੀਆਂ। ਬਿਜਲੀ ਘਰ ਦੇ ਨੇੜੇ ਇਕੋਦਮ ਕਾਲ਼ੇ ਧੂੰਏਂ ਕਾਰਨ ਹਨੇਰਾ ਜਿਹਾ ਛਾ ਗਿਆ। ਜਿਸ ਸਮੇਂ ਗਰਿੱਡ ਵਿਚ ਅੱਗ ਲੱਗੀ, ਉਸ ਸਮੇਂ ਗਰਿੱਡ ਵਿਚ 3 ਕਰਮਚਾਰੀ ਕੰਮ ਕਰ ਰਹੇ ਸਨ ਤੇ ਅੱਗ ਲੱਗਣ ਕਾਰਨ ਜਦੋਂ ਧਮਾਕਾ ਹੋਇਆ ਤਾਂ ਤਿੰਨੋਂ ਕਰਮਚਾਰੀ ਗੋਲਡੀ ਪੁੱਤਰ ਪ੍ਰੀਤਮ ਸਿੰਘ ਵਾਸੀ ਗੋਲੇਵਾਲਾ, ਜਸਮੇਲ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਗੋਲੇ ਵਾਲਾ ਅਤੇ ਕੁਲਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਠੇ ਪਿੱਪਲੀ ਜ਼ਿਲ੍ਹਾ ਬਠਿੰਡਾ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਤੇ ਝੁਲਸ ਗਏ ਹਨ, ਜਿਨ੍ਹਾਂ ਨੂੰ ਮੌਕੇ ’ਤੇ ਹੋਰ ਕਰਮਚਾਰੀਆਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਵਿਖੇ ਦਾਖ਼ਲ ਕਰਵਾਇਆ ।

ਇਹ ਖ਼ਬਰ ਵੀ ਪੜ੍ਹੋ : ਭਾਰੀ ਬਰਸਾਤ ਦੌਰਾਨ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਪੈ ਗਿਆ ਚੀਕ-ਚਿਹਾੜਾ

PunjabKesari

ਇਸ ਸਮੇਂ ਕੌਮੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਅਸੀਂ ਇਸ ਤੋਂ ਪਹਿਲਾਂ ਕਈ ਵਾਰ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਲਿਖ ਕੇ ਦੇ ਚੁੱਕੇ ਹਾਂ, ਜਿਨ੍ਹਾਂ ਵਿਚ ਚੇਅਰਮੈਨ ਪੰਜਾਬ, ਐੱਸ. ਈ. ਫਰੀਦਕੋਟ ਨੂੰ ਮਿਲ ਕੇ ਇਹ ਦੱਸ ਚੁੱਕੇ ਹਾਂ ਕਿ 66 ਕੇ. ਵੀ. ਗੋਲੇਵਾਲਾ ਵਿਚ ਜੋ ਟ੍ਰਾਂਸਫਾਰਮਰ ਲੱਗਾ ਹੈ, ਦੀ ਮਿਆਦ ਖ਼ਤਮ ਹੋ ਚੁੱਕੀ ਹੈ, ਇਹ ਕਿਸੇ ਵੇਲੇ ਵੀ ਬੰਦ ਹੋ ਸਕਦਾ ਹੈ ਜਾਂ ਕੋਈ ਹਾਦਸੇ ਦਾ ਕਾਰਨ ਬਣ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਵਿਜੀਲੈਂਸ ਨੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੂੰ ਕੀਤਾ ਗ੍ਰਿਫ਼ਤਾਰ

 ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀ ਇਸ ਪਾਸੇ ਧਿਆਨ ਦਿੰਦੇ ਤਾਂ ਇਹ ਹਾਦਸਾ ਹੋਣੋਂ ਟਲ ਸਕਦਾ ਸੀ। ਮਹਿਕਮੇ ਦੀ ਅਣਗਹਿਲੀ ਕਾਰਨ ਤਿੰਨ ਕਰਮਚਾਰੀਆਂ ਨੂੰ ਅੱਜ ਦੁੱਖ ਭੋਗਣਾ ਪਿਆ ਹੈ। ਇਥੇ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਉਪਰ ਇਹ ਰੋਸ ਜ਼ਾਹਿਰ ਕੀਤਾ ਕਿ ਬਿਜਲੀ ਘਰ ਵਿਚ ਅੱਗ ਲੱਗਣ ਦਾ ਪਤਾ ਲੱਗਣ ’ਤੇ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਦਾ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਅਤੇ ਨਾ ਹੀ ਸਮਾਂ ਰਹਿੰਦੇ ਕੋਈ ਅੱਗ ਬੁਝਾਉਣ ਵਾਲ਼ੀ ਗੱਡੀ ਟਾਈਮ ਸਿਰ ਆਈ ਹੈ।

ਅੱਗ ਲੱਗਣ ਦਾ ਪਤਾ ਲੱਗਣ ’ਤੇ ਫਰੀਦਕੋਟ ਦੇ ਐੱਮ. ਐੱਲ. ਏ. ਗੁਰਦਿੱਤ ਸਿੰਘ ਸੇਖੋਂ ਵੀ ਇਸ ਮੌਕੇ ਪਹੁੰਚ ਗਏ ਸਨ। ਥਾਣਾ ਸਦਰ ਫਰੀਦਕੋਟ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਵੀ ਆਪਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਹੋਏ ਸਨ। ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਕਰਮਚਾਰੀਆਂ ਦੀ ਹਾਲਤ ਠੀਕ ਹੈ ਪਰ ਅੱਗ ਲੱਗਣ ਦੇ ਨਾਲ ਉਨ੍ਹਾਂ ਦੇ ਸਰੀਰ ਉਪਰੋਂ ਕਾਫੀ ਹੱਦ ਤੱਕ ਮਾਸ ਸੜ ਗਿਆ ਹੈ।


Manoj

Content Editor

Related News