ਪੰਜਾਬ 'ਚ ਅੱਧੀ ਰਾਤੀ ਹੋਇਆ ਵੱਡਾ ਐਨਕਾਊਂਟਰ, ਪੁਲਸ ਟੀਮ ਤੇ ਬਦਮਾਸ਼ਾਂ ਵਿਚਾਲੇ ਹੋਈ ਤਾਬੜਤੋੜ ਫਾਇਰਿੰਗ
Thursday, Aug 01, 2024 - 09:56 PM (IST)
ਮਾਛੀਵਾੜਾ ਸਾਹਿਬ (ਟੱਕਰ) - ਅੱਜ ਦੇਰ ਰਾਤ ਪੰਜਾਬ 'ਚ ਵੱਡਾ ਐਨਕਾਊਂਟਰ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੇ ਪੁਲਸ ਨੇ ਗ਼ੋਲੀਬਾਰੀ ਕਰ ਕੇ ਇਕ ਕਾਲਜ 'ਚ ਹੋਈ ਫਾਇਰਿੰਗ ਮਾਮਲੇ 'ਚ ਲੋੜੀਂਦੇ ਬਦਮਾਸ਼ਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਨੀਲੋਂ ਪੁਲ ਨੂੰ ਜਾਂਦੀ ਸੜਕ ’ਤੇ ਪਿੰਡ ਪਾਲ ਮਾਜਰਾ ਨੇੜੇ ਖੰਨਾ ਪੁਲਸ ਦੇ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਵਿਚ ਇੱਕ ਕ੍ਰਿਸ਼ਨਾ ਸਾਹਨੀ ਜਖ਼ਮੀ ਹੋ ਗਿਆ, ਜਦਕਿ ਦੂਜੇ ਸਾਥੀ ਜਤਿਨ ਮੌਂਗਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਗੈਂਗਸਟਰਾਂ ਨਾਲ ਹੋਏ ਐਨਕਾਊਂਟਰ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਅਵਨੀਤ ਕੌਂਡਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਏ.ਐੱਸ. ਕਾਲਜ ਖੰਨਾ ਵਿਚ ਬਦਮਾਸ਼ਾਂ ਨੇ ਫਾਈਰਿੰਗ ਕੀਤੀ ਸੀ, ਜਿਸ ਵਿਚ ਇੱਕ ਵਿਅਕਤੀ ਜਖ਼ਮੀ ਹੋ ਗਿਆ ਸੀ ਅਤੇ ਫਿਰ ਇਨ੍ਹਾਂ ਬਦਮਾਸ਼ਾਂ ਨੇ ਇਕ ਪੈਟਰੋਲ ਪੰਪ ’ਤੇ ਲੁੱਟ ਕੀਤੀ ਸੀ। ਪੁਲਸ ਨੇ ਇਸ ਗਿਰੋਹ ਦੇ ਇੱਕ ਵਿਅਕਤੀ ਅਜੇ ਰਾਠੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਦੀ ਭਾਲ ’ਚ ਪਿੱਛਾ ਕੀਤਾ ਜਾ ਰਿਹਾ ਸੀ।
ਸੀ.ਆਈ.ਏ. ਸਟਾਫ਼ ਖੰਨਾ ਦੀ ਟੀਮ ਵਲੋਂ ਇਨ੍ਹਾਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਰਹਿੰਦ ਨਹਿਰ ਕਿਨਾਰੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ 1 ਮੋਟਰਸਾਈਕਲ ’ਤੇ ਸਵਾਰ ਹੋ ਕੇ 2 ਨੌਜਵਾਨਾਂ ਨੂੰ ਪੁਲਸ ਨੇ ਰੋਕਿਆ ਪਰ ਇਹ ਦੋਵੇਂ ਸੜਕ ਕਿਨਾਰੇ ਮੋਟਰਸਾਈਕਲ ਛੱਡ ਕੇ ਨਹਿਰ ਵਾਲੇ ਜੰਗਲੀ ਖੇਤਰ ਵਿਚ ਭੱਜ ਗਏ। ਪੁਲਸ ਟੀਮ ਵਲੋਂ ਜਦੋਂ ਇਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਇਨ੍ਹਾਂ ਦੋਵਾਂ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ ਅਤੇ ਇੱਕ ਗੋਲੀ ਪੁਲਸ ਦੀ ਸਰਕਾਰੀ ਗੱਡੀ ’ਤੇ ਵੀ ਲੱਗੀ।
ਐੱਸ.ਐੱਸ.ਪੀ. ਕੌਂਡਲ ਨੇ ਦੱਸਿਆ ਕਿ ਪੁਲਸ ਨੇ ਇਨ੍ਹਾਂ ਗੈਂਗਸਟਰਾਂ ’ਤੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਈਰਿੰਗ ਕੀਤੀ ਜਿਸ ਵਿਚ ਇੱਕ ਗੋਲੀ ਕ੍ਰਿਸ਼ਨਾ ਸਾਹਨੀ ਦੀ ਲੱਤ ਵਿਚ ਲੱਗੀ ਤੇ ਉਹ ਡਿੱਗ ਗਿਆ। ਪੁਲਸ ਟੀਮ ਨੇ ਤੁਰੰਤ ਮੁਸਤੈਦੀ ਵਰਤਦਿਆਂ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਪਹਿਚਾਣ ਕ੍ਰਿਸ਼ਨਾ ਸਾਹਨੀ ਤੇ ਜਤਿਨ ਮੌਂਗਾ ਵਾਸੀ ਲੁਧਿਆਣਾ ਵਜੋਂ ਹੋਈ। ਜਖ਼ਮੀ ਕ੍ਰਿਸ਼ਨਾ ਸਾਹਨੀ ਨੂੰ ਸਿਵਲ ਹਸਪਤਾਲ ਸਮਰਾਲਾ ਵਿਚ ਦਾਖਲ ਕਰਵਾ ਦਿੱਤਾ ਹੈ ਜਦਕਿ ਜਤਿਨ ਮੌਂਗਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੇ ਇਨ੍ਹਾਂ ਦੋਵਾਂ ਕੋਲੋਂ 2 ਨਾਜਾਇਜ਼ ਪਿਸਤੌਲ ਵੀ ਬਰਾਮਦ ਕੀਤੇ ਹਨ। ਇਸ ਐਂਨਕਾਊਂਟਰ ਵਿਚ ਦੋਵੇਂ ਪਾਸਿਓਂ ਕੁੱਲ 5 ਤੋਂ 6 ਗੋਲੀਆਂ ਚੱਲੀਆਂ ਦੱਸੀਆਂ ਜਾ ਰਹੀਆਂ ਹਨ। ਐੱਸ.ਐੱਸ.ਪੀ. ਕੌਂਡਲ ਨੇ ਕਿਹਾ ਕਿ ਪੁਲਸ ਜ਼ਿਲ੍ਹਾ ਖੰਨਾ ਦੀ ਇਹ ਵੱਡੀ ਪ੍ਰਾਪਤੀ ਹੈ ਅਤੇ ਏ.ਐੱਸ. ਕਾਲਜ ਵਿਚ ਜੋ ਵੀ ਫਾਈਰਿੰਗ ਕਰਨ ਵਾਲੇ ਲੋੜੀਂਦੇ ਬਾਕੀ ਬਦਮਾਸ਼ ਜਾਂ ਗੈਂਗਸਟਰ ਹਨ ਉਹ ਜਲਦ ਕਾਬੂ ਕਰ ਲਏ ਜਾਣਗੇ। ਐਂਨਕਾਊਂਟਰ ਵਾਲੀ ਘਟਨਾ ਦਾ ਜਾਇਜ਼ਾ ਲੈਣ ਲਈ ਐੱਸ.ਪੀ.ਡੀ ਸੌਰਵ ਜਿੰਦਲ, ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ, ਡੀ.ਐੱਸ.ਪੀ. ਗੁਰਪ੍ਰਤਾਪ ਸਿੰਘ ਰੰਧਾਵਾ, ਥਾਣਾ ਮੁਖੀ ਪਵਿੱਤਰ ਸਿੰਘ ਵੀ ਪੁੱਜੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e