ਪੰਜਾਬ ਸਰਕਾਰ ਵਲੋਂ ਘੱਟਗਿਣਤੀ ਵਰਗ ਦੀ ਭਲਾਈ ਲਈ ਕੀਤਾ ਵੱਡਾ ਉਪਰਾਲਾ

Friday, Feb 10, 2023 - 11:24 AM (IST)

ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਵਲੋਂ ਸੂਬੇ ਦੇ ਘੱਟਗਿਣਤੀ ਵਰਗ ਦੇ ਗਰੀਬ ਲੋਕਾਂ ਦੀ ਭਲਾਈ ਲਈ ਵੱਖ-ਵੱਖ ਸਵੈ-ਰੁਜ਼ਗਾਰ ਸਕੀਮਾਂ ਅਧੀਨ ਸਸਤੀਆਂ ਵਿਆਜ ਦਰਾਂ ’ਤੇ ਕਰਜ਼ੇ ਦੇਣ ਲਈ ਸਾਲ 2022-23 ਵਾਸਤੇ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਦੇ ਘੱਟਗਿਣਤੀ ਵਰਗ ਦੇ ਗਰੀਬ ਲੋਕਾਂ ਨੂੰ ਸਵੈ-ਰੁਜ਼ਗਾਰ ਸਕੀਮਾਂ ਅਧੀਨ ਕਰਜ਼ਾ ਦੇਣ ਲਈ ਪੰਜਾਬ ਸਰਕਾਰ ਵਲੋਂ ਐੱਨ.ਐੱਮ.ਡੀ.ਐੱਫ਼.ਸੀ. ਤੋਂ ਟਰਮ ਲੋਨ (ਮਿਆਦੀ ਕਰਜ਼ਾ) ਲੈਣ ਸਬੰਧੀ ਆਪਣੇ ਹਿੱਸੇ ਵਜੋਂ ਇਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਰਾਸ਼ਟਰੀ ਕਾਰਪੋਰੇਸ਼ਨ ਐੱਨ.ਐੱਮ.ਡੀ.ਐੱਫ਼.ਸੀ. ਵਲੋਂ ਇਸ ਸਕੀਮ ਅਧੀਨ 18.00 ਕਰੋੜ ਰੁਪਏ ਦੀ ਰਾਸ਼ੀ ਮਿਲਾ ਕੇ ਪੰਜਾਬ ਰਾਜ ਦੇ ਘੱਟਗਿਣਤੀ ਵਰਗ ਦੇ ਵਿਅਕਤੀਆਂ ਨੂੰ 19.00 ਕਰੋੜ ਰੁਪਏ ਦੇ ਕਰਜੇ ਵੰਡੇ ਜਾਣਗੇ। ਨਿਗਮ ਵਲੋਂ ਯੋਗ ਵਿਅਕਤੀਆਂ ਨੂੰ ਕਰਜੇ ਵੰਡਣ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ’ਤੇ ਅਵੇਅਰਨੈੱਸ ਕੈਂਪ ਵੀ ਲਗਾਏ ਜਾਣਗੇ। ਯੋਗ ਵਿਅਕਤੀ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਪ੍ਰਾਪਤ ਕਰਕੇ ਸਵੈ-ਰੁਜ਼ਗਾਰ ਸ਼ੁਰੂ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕੈਨੇਡਾ ’ਚ ਆਰਥਿਕ ਮੰਦੀ ਦਾ ਖਮਿਆਜਾ ਭੁਗਤ ਰਹੇ ਭਾਰਤੀ ਵਿਦਿਆਰਥੀ, ਲੱਖਾਂ ਵਿਦਿਆਰਥੀ ਭੁੱਖਮਰੀ ਦੀ ਕਗਾਰ ’ਤੇ    

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਅਧੀਨ ਪਿਛਲੇ 5 ਸਾਲਾਂ ਵਿਚ ਸਾਲ 2020-21 ਦੋਰਾਨ ਇਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ। ਇਹ ਕਰਜ਼ਾ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਸਬਜ਼ੀਆਂ ਉਗਾਉਣ, ਸ਼ਹਿਦ ਦੀਆਂ ਮੱਖੀਆਂ ਪਾਲਣ, ਕਾਰਪੈਂਟਰੀ, ਫਰਨੀਚਰ, ਲੁਹਾਰਾ ਕੰਮ, ਆਟਾ ਚੱਕੀ, ਕੋਹਲੂ, ਆਟੋ ਰਿਕਸ਼ਾ (ਪੈਸੰਜਰ, ਢੋਆ ਢੁਆਈ), ਜਨਰਲ ਸਟੋਰ (ਕਰਿਆਨਾ, ਕੈਟਲ ਫੀਡ, ਪੋਲਟਰੀ ਫੀਡ), ਹਾਰਡਵੇਅਰ ਸਟੋਰ (ਮੈਨਟਰੀ ਅਤੇ ਬਿਲਡਿੰਗ ਮੈਟੀਰੀਅਲ ਲੋਹਾ) ਆਦਿ ਲਈ ਦਿੱਤਾ ਜਾਂਦਾ ਹੈ। ਇਹ ਕਰਜ਼ਾ ਕੱਪੜਾ, ਰੈਡੀਮੇਡ ਗਾਰਮੈਂਟ ਸ਼ਾਪ, ਕਿਤਾਬਾਂ, ਸਟੇਸ਼ਨਰੀ ਦੀ ਦੁਕਾਨ, ਸਾਈਕਲ ਸੇਲ ਤੇ ਰਿਪੇਅਰ, ਫੋਟੋਸਟੇਟ ਮਸ਼ੀਨ, ਟੇਲਰਿੰਗ, ਖੇਤੀਬਾੜੀ ਦੇ ਸੰਦਾਂ ਲਈ (ਫੈਬਰੀਕੇਸ਼ਨ), ਆਟੋ ਮੋਬਾਇਲ ਰਿਪੇਅਰ, ਸਪੇਅਰ ਪਾਰਟਸ ਸ਼ਾਪ, ਇਲੈਕਟ੍ਰੋਨਿਕਸ, ਇਲੈਕਟ੍ਰੀਕਲ ਸੇਲ ਤੇ ਰਿਪੇਅਰ, ਫੈਬਰੀਕੇਸ਼ਨ ਯੂਨਿਟ, ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ, ਹੌਜ਼ਰੀ ਯੂਨਿਟ, ਸਮਾਲ ਸਕੇਲ ਇੰਡਸਟ੍ਰੀਅਲ ਯੂਨਿਟ (ਕੋਈ ਵੀ ਸਮਾਨ ਬਣਾਉਣ ਦਾ ਕਾਰੋਬਾਰ), ਸਵੀਟ ਸ਼ਾਪ, ਢਾਬਾ, ਬਿਊਟੀ ਪਾਰਲਰ ਲਈ ਵੀ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਨਗਰ ਕੌਂਸਲ ਖੰਨਾ ਅਤੇ ਮਲੋਟ ’ਚ ਕੂੜੇ ਦਾ ਨਿਪਟਾਰਾ ਕਰਨ ਲਈ ਸਰਕਾਰ ਖਰਚੇਗੀ 5.46 ਕਰੋੜ ਰੁਪਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News