ਜਲੰਧਰ ਵਿਖੇ ਜਿਮਖਾਨਾ ਕਲੱਬ ਦੀ ਮੀਟਿੰਗ 'ਚ ਵੱਡਾ ਫ਼ੈਸਲਾ, ਸਹੂਲਤਾਂ ਦੀ ਫ਼ੀਸ ਕੀਤੀ ਦੁੱਗਣੀ

Wednesday, Apr 02, 2025 - 01:06 PM (IST)

ਜਲੰਧਰ ਵਿਖੇ ਜਿਮਖਾਨਾ ਕਲੱਬ ਦੀ ਮੀਟਿੰਗ 'ਚ ਵੱਡਾ ਫ਼ੈਸਲਾ, ਸਹੂਲਤਾਂ ਦੀ ਫ਼ੀਸ ਕੀਤੀ ਦੁੱਗਣੀ

ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਦਾ ਵੱਕਾਰੀ ਜਲੰਧਰ ਜਿਮਖਾਨਾ ਕਲੱਬ, ਜਿਹੜਾ ਕਦੇ ਆਪਣੇ ਮੈਂਬਰਾਂ ਨੂੰ ਰਿਆਇਤੀ ਦਰਾਂ ’ਤੇ ਸਹੂਲਤਾਂ ਦੇਣ ਲਈ ਜਾਣਿਆ ਜਾਂਦਾ ਸੀ, ਹੁਣ ਸਮੇਂ ਦੇ ਨਾਲ-ਨਾਲ ਇਕ ਕਾਰੋਬਾਰੀ ਰੂਪ ਲੈਂਦਾ ਨਜ਼ਰ ਆ ਰਿਹਾ ਹੈ। ਮੰਗਲਵਾਰ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਇਕ ਮਹੱਤਵਪੂਰਨ ਮੀਟਿੰਗ ਕਲੱਬ ਪ੍ਰਧਾਨ ਅਤੇ ਡਿਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਵਾਈਸ ਪ੍ਰੈਜ਼ੀਡੈਂਟ ਅਮਿਤ ਕੁਕਰੇਜਾ, ਸੈਕਟਰੀ ਸੰਦੀਪ ਬਹਿਲ, ਜੁਆਇੰਟ ਸੈਕਟਰੀ ਅਨੂ ਮਾਟਾ, ਖਜ਼ਾਨਚੀ ਸੌਰਭ ਖੁੱਲ੍ਹਰ ਸਮੇਤ ਐਗਜ਼ੀਕਿਊਟਿਵ ਕਮੇਟੀ ਦੇ ਹੋਰ ਮੈਂਬਰ ਪ੍ਰੋ. ਵਿਪਨ ਝਾਂਜੀ, ਨਿਤਿਨ ਬਹਿਲ, ਮਹਿੰਦਰ ਸਿੰਘ, ਹਰਪ੍ਰੀਤ ਸਿੰਘ ਗੋਲਡੀ, ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ ਧਵਨ, ਅਤੁਲ ਤਲਵਾੜ, ਜਗਜੀਤ ਸਿੰਘ ਕੰਬੋਜ, ਸੀ. ਏ. ਰਾਜੀਵ ਬਾਂਸਲ ਅਤੇ ਸ਼ਾਲੀਨ ਜੋਸ਼ੀ ਹਾਜ਼ਰ ਰਹੇ।

ਇਸ ਮੀਟਿੰਗ ਵਿਚ ਇਕ ਵੱਡਾ ਫ਼ੈਸਲਾ ਲਿਆ ਗਿਆ ਕਿ ਹੁਣ ਕਲੱਬ ਦੇ ਹਰੇਕ ਮੈਂਬਰ ਨੂੰ 2950 ਰੁਪਏ ਡਿਵੈੱਲਪਮੈਂਟ ਚਾਰਜ ਦੇਣਾ ਹੋਵੇਗਾ (ਇਸ ਵਿਚ 18 ਫ਼ੀਸਦੀ ਜੀ. ਐੱਸ. ਟੀ. ਵੀ ਸ਼ਾਮਲ ਹੈ)। ਵੇਖਿਆ ਜਾਵੇ ਤਾਂ ਕਲੱਬ ਦੇ ਕੁੱਲ੍ਹ 4300 ਮੈਂਬਰ ਜੇਕਰ ਇਹ ਚਾਰਜ ਜਮ੍ਹਾ ਕਰਵਾਉਂਦੇ ਹਨ ਤਾਂ ਕਲੱਬ ਨੂੰ ਇਕ ਝਟਕੇ ਵਿਚ ਲੱਗਭਗ 1.25 ਕਰੋੜ ਰੁਪਏ ਪ੍ਰਾਪਤ ਹੋ ਜਾਣਗੇ। ਇਸ ਤੋਂ ਇਲਾਵਾ ਕਲੱਬ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸਹੂਲਤਾਂ ਦੀਆਂ ਕੀਮਤਾਂ ਵੀ ਵਧਾਉਣ ਦਾ ਫ਼ੈਸਲਾ ਲਿਆ ਗਿਆ। ਭਾਵੇਂ ਇਹ ਕਦਮ ਕਲੱਬ ਦੇ ਵਿਕਾਸ ਅਤੇ ਆਧੁਨਿਕੀਕਰਨ ਲਈ ਚੁੱਕਿਆ ਗਿਆ ਹੈ ਪਰ ਮੈਂਬਰਾਂ ’ਤੇ ਵਧਦੇ ਵਿੱਤੀ ਬੋਝ ਨੂੰ ਲੈ ਕੇ ਕੁਝ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ। ਜਿਮਖਾਨਾ ਕਲੱਬ ਦਾ ਇਹ ਨਵਾਂ ਕਮਰਸ਼ੀਅਲ ਦ੍ਰਿਸ਼ਟੀਕੋਣ ਭਵਿੱਖ ਵਿਚ ਇਸ ਦੇ ਮੈਂਬਰਾਂ ਅਤੇ ਮੈਨੇਜਮੈਂਟ ਵਿਚਕਾਰ ਸੰਤੁਲਨ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਹ ਦੇਖਣਾ ਬਾਕੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਨਿਗਮ ਦੀ ਵੱਡੀ ਕਾਰਵਾਈ, 13 ਦੁਕਾਨਾਂ ਕਰ 'ਤੀਆਂ ਸੀਲ, ਦੁਕਾਨਦਾਰਾਂ 'ਚ ਮਚੀ ਭਾਜੜ

ਕਲੱਬ ਦੀਆਂ ਸਾਰੀਆਂ ਸਹੂਲਤਾਂ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ
ਜਲੰਧਰ ਜਿਮਖਾਨਾ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਹੋਈ ਮੀਟਿੰਗ ਵਿਚ ਕਲੱਬ ਦੀਆਂ ਸਾਰੀਆਂ ਸਹੂਲਤਾਂ ਦੀਆਂ ਕੀਮਤਾਂ ਵਿਚ ਕਾਫੀ ਵਾਧਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ਵਿਚ ਲਏ ਫ਼ੈਸਲੇ ਤਹਿਤ ਜਿਮ, ਸੌਨਾ ਸਟੀਮ ਅਤੇ ਸਵਿਮਿੰਗ ਪੂਲ ਵਰਗੀਆਂ ਸਹੂਲਤਾਂ ਦੀ ਫ਼ੀਸ ਵੀ ਦੁੱਗਣੀ ਕਰ ਦਿੱਤੀ ਗਈ ਹੈ। ਭੰਗੜਾ ਅਤੇ ਜੁੰਬਾ ਕਲਾਸ ’ਤੇ 590 ਰੁਪਏ ਪ੍ਰਤੀ ਮਹੀਨਾ ਨਵਾਂ ਚਾਰਜ ਲਾ ਦਿੱਤਾ ਗਿਆ ਹੈ, ਜਦਕਿ ਇਹ ਕਲਾਸ ਪਹਿਲਾਂ ਫ੍ਰੀ ਲੱਗਦੀ ਹੁੰਦੀ ਸੀ। ਨਵੀਆਂ ਦਰਾਂ ਦੇ ਅਨੁਸਾਰ ਹੁਣ ਕਲੱਬ ਦੇ ਮੈਂਬਰਾਂ ਨੂੰ ਹੈਲਥ ਜਿਮ ਅਤੇ ਸਵਿਮਿੰਗ ਪੂਲ ਦੀ ਸਹੂਲਤ ਹਾਸਲ ਕਰਨ ਲਈ 1180 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ, ਜਦਕਿ ਪਹਿਲਾਂ ਇਸ ਦੇ ਲਈ ਸਿਰਫ਼ 590 ਰੁਪਏ ਲਏ ਜਾਂਦੇ ਸਨ। ਸੌਨਾ ਅਤੇ ਸਟੀਮ ਦਾ ਆਨੰਦ ਮਾਣਨ ਵਾਲਿਆਂ ਨੂੰ ਵੀ ਹੁਣ 1180 ਰੁਪਏ ਚੁਕਾਉਣੇ ਹੋਣਗੇ, ਜੋ ਪਹਿਲਾਂ 590 ਰੁਪਏ ਵਿਚ ਉਪਲੱਬਧ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ! ਕੁੜੀ ਨਾਲ ਹੋਟਲ 'ਚ ਜਬਰ-ਜ਼ਿਨਾਹ

ਇਸ ਤੋਂ ਇਲਾਵਾ ਲਾਅਨ ਟੈਨਿਸ, ਬੈਡਮਿੰਟਨ, ਯੋਗਾ ਕਲਾਸ ਅਤੇ ਟੇਬਲ ਟੈਨਿਸ ਵਰਗੀਆਂ ਸਹੂਲਤਾਂ ਲਈ ਪਹਿਲਾਂ ਪ੍ਰਤੀ ਮਹੀਨਾ 472 ਰੁਪਏ ਵਸੂਲੇ ਜਾਂਦੇ ਸਨ ਪਰ ਹੁਣ ਇਨ੍ਹਾਂ ਦੀਆਂ ਕੀਮਤਾਂ ਵਧਾ ਕੇ 708 ਰੁਪਏ ਪ੍ਰਤੀ ਮਹੀਨਾ ਕਰ ਦਿੱਤੀਆਂ ਗਈਆਂ। ਮਸਾਜ ਦੀ ਸਹੂਲਤ ਜਿਹੜੀ ਪਹਿਲਾਂ 354 ਰੁਪਏ ਵਿਚ ਮਿਲਦੀ ਸੀ, ਹੁਣ 708 ਰੁਪਏ ਵਿਚ ਮੁਹੱਈਆ ਹੋਵੇਗੀ। ਬਿਲੀਅਰਡਸ ਖੇਡਣ ਲਈ ਪਹਿਲਾਂ 1062 ਰੁਪਏ ਪ੍ਰਤੀ ਮਹੀਨਾ ਲੱਗਦੇ ਸਨ ਪਰ ਹੁਣ ਇਸ ਦੇ ਲਈ 1416 ਰੁਪਏ ਦੇਣੇ ਹੋਣਗੇ। ਕਾਰਡ ਖੇਡਣ ਵਾਲਿਆਂ ’ਤੇ ਵੀ ਫ਼ੀਸ ਵਧਾਈ ਗਈ ਹੈ। ਪਹਿਲਾਂ ਉਨ੍ਹਾਂ ਨੂੰ 380 ਰੁਪਏ ਪ੍ਰਤੀ ਮਹੀਨਾ ਦੇਣੇ ਪੈਂਦੇ ਸਨ ਪਰ ਹੁਣ ਇਹ ਰਕਮ ਵਧਾ ਕੇ 470 ਰੁਪਏ ਕਰ ਦਿੱਤੀ ਗਈ ਹੈ। ਇਹ ਵਾਧਾ ਕਲੱਬ ਦੇ ਰੱਖ-ਰਖਾਅ ਅਤੇ ਤਰੱਕੀ ਲਈ ਜ਼ਰੂਰੀ ਦੱਸਿਆ ਜਾ ਰਿਹਾ ਹੈ ਪਰ ਮੈਂਬਰਾਂ ਵਿਚਕਾਰ ਇਸ ਕਾਰਨ ਕੁਝ ਬੇਚੈਨੀ ਵੀ ਦੇਖਣ ਨੂੰ ਮਿਲ ਸਕਦੀ ਹੈ। ਇਹ ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਸੋਸ਼ਲ ਮੀਡੀਆ ’ਤੇ ਤਾਂ ਇਸ ਵਾਧੇ ਦਾ ਵਿਰੋਧ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ।

ਕਲੱਬ ’ਚ 1 ਕਰੋੜ ਦੀ ਲਾਗਤ ਨਾਲ ਬਣੇਗਾ ਸਪੋਰਟਸ ਹੱਬ, ਕਾਫ਼ੀ ਕੁਝ ਰੈਨੋਵੇਟ ਹੋਵੇਗਾ
ਜਲੰਧਰ ਜਿਮਖਾਨਾ ਕਲੱਬ ਦੀ ਐਗਜ਼ੀਕਿਊਟਿਵ ਵਿਚ ਲਿਆ ਗਿਆ ਇਕ ਹੋਰ ਵੱਡਾ ਫ਼ੈਸਲਾ ਕਲੱਬ ਕੰਪਲੈਕਸ ਵਿਚ ਇਕ ਆਧੁਨਿਕ ਸਪੋਰਟਸ ਹੱਬ ਬਣਾਉਣ ਦਾ ਹੈ, ਜਿਸ ਦੀ ਅਨੁਮਾਨਿਤ ਲਾਗਤ ਲੱਗਭਗ ਇਕ ਕਰੋੜ ਰੁਪਏ ਹੋਵੇਗੀ। ਇਹ ਸਪੋਰਟਸ ਹੱਬ ਉਸ ਸਥਾਨ ’ਤੇ ਬਣੇਗਾ, ਜਿਥੇ ਮੌਜੂਦਾ ਸਮੇਂ ਲਾਅਨ ਟੈਨਿਸ ਦੀਆਂ 4 ਗਰਾਊਂਡਾਂ ਮੌਜੂਦ ਹਨ। ਇਨ੍ਹਾਂ ਗਰਾਊਂਡਾਂ ਨੂੰ ਤੋੜ ਕੇ ਪੂਰੀ ਜਗ੍ਹਾ ਨੂੰ ਪੱਧਰਾ ਕੀਤਾ ਜਾਵੇਗਾ ਅਤੇ ਫਿਰ 3 ਲਾਅਨ ਟੈਨਿਸ ਗਰਾਊਂਡਾਂ, ਇਕ ਬਾਕਸ ਕ੍ਰਿਕਟ ਗਰਾਊਂਡ, ਪਿਕਲਬਾਲ ਕੋਰਟ ਆਦਿ ਦਾ ਨਿਰਮਾਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼

ਮੀਟਿੰਗ ਵਿਚ ਇਹ ਵੀ ਤੈਅ ਕੀਤਾ ਗਿਆ ਕਿ ਇਕ ਸਬ-ਕਮੇਟੀ ਬਣਾਈ ਜਾਵੇਗੀ, ਜਿਹੜੀ ਸਪੋਰਟਸ ਹੱਬ ’ਤੇ ਆਉਣ ਵਾਲੇ ਖਰਚ ਦਾ ਅਨੁਮਾਨ ਤਿਆਰ ਕਰੇਗੀ ਅਤੇ ਉਸ ਨੂੰ ਮਨਜ਼ੂਰੀ ਲਈ ਪੇਸ਼ ਕਰੇਗੀ। ਇਸ ਤੋਂ ਇਲਾਵਾ ਕਲੱਬ ਦੇ ਗੈਸਟ ਰੂਮ ਵਿਚ, ਕਾਰਡ ਰੂਮ ਵਾਲੇ ਸਥਾਨ ’ਤੇ ਬਣੇ ਬੈਂਕੁਇਟ ਹਾਲ ਅਤੇ ਰੂਫਟਾਪ ਰੈਸਟੋਰੈਂਟ ਦੀ ਪੂਰੀ ਤਰ੍ਹਾਂ ਨਾਲ ਰੈਨੋਵੇਸ਼ਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਇਨ੍ਹਾਂ ਸਾਰੇ ਕੰਮਾਂ ਲਈ ਸਬ-ਕਮੇਟੀ ਬਣਾ ਕੇ ਖਰਚ ਦਾ ਅਨੁਮਾਨ ਤਿਆਰ ਕਰਨ ਅਤੇ ਉਸ ਨੂੰ ਮਨਜ਼ੂਰੀ ਦਿਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਕਿਸਾਨਾਂ ਲਈ...

ਸਵਿਮਿੰਗ ਪੂਲ ਨੂੰ ਫਿਲਹਾਲ ਰਿਪੇਅਰ ਕਰਨ ਦਾ ਫ਼ੈਸਲਾ ਲਿਆ ਗਿਆ ਪਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਆਲ ਵੈਦਰ ਪੂਲ ਬਣਾਉਣ ਦਾ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਗਿਆ ਹੈ, ਨਾਲ ਹੀ ਕਲੱਬ ਵਿਚ 26 ਅਪ੍ਰੈਲ ਤੋਂ 3 ਮਈ ਤਕ ਜੀ. ਪੀ. ਐੱਲ. ਟੂਰਨਾਮੈਂਟ ਅਤੇ ਵਿਸਾਖੀ ਦੇ ਮੌਕੇ ’ਤੇ 12 ਅਪ੍ਰੈਲ ਨੂੰ ਇਕ ਵੱਡਾ ਆਯੋਜਨ ਕਰਨ ਦਾ ਪ੍ਰਸਤਾਵ ਵੀ ਮਨਜ਼ੂਰ ਕੀਤਾ ਗਿਆ। ਕਲੱਬ ਦੀ ਜੁਆਇੰਟ ਸੈਕਟਰੀ ਅਨੂ ਮਾਟਾ ਨੇ ਸੁਝਾਅ ਦਿੱਤਾ ਕਿ ਬੱਚਿਆਂ ਲਈ ਇਕ ਲਿਟਿਲ ਜਿਮ ਬਣਾਇਆ ਜਾਵੇ ਅਤੇ ਕਿਡਜ਼ ਜ਼ੋਨ ਵਿਚ ਨਵੀਆਂ ਗੇਮਜ਼ ਜੋੜੀਆਂ ਜਾਣ। ਪਤਾ ਲੱਗਾ ਹੈ ਕਿ ਮੀਟਿੰਗ ਵਿਚ ਨਿਤਿਨ ਬਹਿਲ, ਵਿੰਨੀ ਸ਼ਰਮਾ ਵਰਗੇ ਕੁਝ ਮੈਂਬਰਾਂ ਨੇ ਕਲੱਬ ਦੀਆਂ ਸਹੂਲਤਾਂ ਦੀਆਂ ਵਧਦੀਆਂ ਕੀਮਤਾ ਖ਼ਿਲਾਫ਼ ਵਿਰੋਧ ਜਤਾਇਆ ਪਰ ਉਨ੍ਹਾਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਭਰਿਆ ਪਲਟਿਆ ਟਾਟਾ 407, ਮਚਿਆ ਚੀਕ-ਚਿਹਾੜਾ


ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News