ਭਾਜਪਾ ਨੂੰ ਵੱਡਾ ਝਟਕਾ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ
Saturday, Jan 29, 2022 - 05:42 PM (IST)
ਸ੍ਰੀ ਆਨੰਦਪੁਰ ਸਾਹਿਬ (ਦਲਜੀਤ)-ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਦੋਂ ਬਹੁਤ ਵੱਡਾ ਝਟਕਾ ਲੱਗਾ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਆਪਣੇ ਸਪੁੱਤਰ ਤੇ ਪੰਜਾਬ ਭਾਜਪਾ ਦੇ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੈ ਹਮੇਸ਼ਾ ਪੰਜਾਬ ਦੇ ਹੱਕ ’ਚ ਸਟੈਂਡ ਲਿਆ। ਉਨ੍ਹਾਂ ਕਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦਾ ਹਾਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਮਦਨ ਮੋਹਨ ਮਿੱਤਲ ਨੂੰ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਹਲਕੇ ਦੇ ਲੋਕਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਇਥੋਂ ਕਈ ਵਾਰ ਚੋਣ ਵੀ ਲੜੀ ਤੇ ਇਥੋਂ ਜਿੱਤ ਕੇ ਉਹ ਦੋ ਵਾਰ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਵੀ ਰਹੇ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵੱਲੋਂ ਉਮਰ ਦੇ ਤਕਾਜ਼ੇ ਨੂੰ ਦੇਖਦਿਆਂ ਉਨ੍ਹਾਂ ਦੀ ਟਿਕਟ ਕੱਟ ਕੇ ਪਰਮਿੰਦਰ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਸੀ ਪਰ ਇਸ ਵਾਰ ਉਨ੍ਹਾਂ ਨੂੰ ਆਸ ਸੀ ਕਿ ਪਾਰਟੀ ਉਨ੍ਹਾਂ ਦੇ ਪਰਿਵਾਰ ਨੂੰ ਇਸ ਵਾਰ ਟਿਕਟ ਜ਼ਰੂਰ ਦੇਵੇਗੀ ਪਰ ਪਾਰਟੀ ਵੱਲੋਂ ਉਨ੍ਹਾਂ ਅਤੇ ਹਲਕੇ ਦੇ ਵੋਟਰਾਂ ਦੀ ਅਣਦੇਖੀ ਕਰਦਿਆਂ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਅਰਵਿੰਦ ਮਿੱਤਲ ਦੀ ਜਗ੍ਹਾ ਦੁਬਾਰਾ ਫਿਰ ਪਿਛਲੀ ਵਾਰ ਬੁਰੀ ਤਰ੍ਹਾਂ ਚੋਣ ਹਾਰੇ ਪਰਮਿੰਦਰ ਸ਼ਰਮਾ ਨੂੰ ਹੀ ਆਪਣਾ ਉਮੀਦਵਾਰ ਬਣਾਇਆ ਗਿਆ।
ਇਹ ਵੀ ਪੜ੍ਹੋ : ਵਿਧਾਇਕ ਕੁਲਬੀਰ ਜ਼ੀਰਾ ਨੇ ਬਿਕਰਮ ਮਜੀਠੀਆ ’ਤੇ ਕੀਤਾ ਵੱਡਾ ਹਮਲਾ (ਵੀਡੀਓ)
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹੁਣ ਹੋਰ ਕੋਈ ਬਦਲ ਨਹੀਂ ਬਚਿਆ, ਇਸ ਲਈ ਉਹ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਰਹੇ ਹਨ। ਜਾਣਕਾਰੀ ਮੁਤਾਬਕ ਐਡਵੋਕੇਟ ਅਰਵਿੰਦ ਮਿੱਤਲ ਬਸਪਾ ਚੋਣ ਨਿਸ਼ਾਨ ’ਤੇ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਚੋਣ ਲੜ ਸਕਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਇਹ ਸੀਟ ਬਸਪਾ ਦੇ ਖਾਤੇ ’ਚ ਆਈ ਸੀ ਅਤੇ ਬਸਪਾ ਵੱਲੋਂ ਇਥੋਂ ਸ਼ਿਵ ਸੈਨਾ ਛੱਡ ਕੇ ਆਏ ਨਿਤਿਨ ਨੰਦਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ। ਟਿਕਟ ਮਿਲਣ ਉਪਰੰਤ ਨਿਤਿਨ ਨੰਦਾ ਵੱਲੋਂ ਪਿਛਲੇ ਤਕਰੀਬਨ 20-25 ਦਿਨ ਤੋਂ ਜਿਥੇ ਆਪਣਾ ਚੋਣ ਪ੍ਰਚਾਰ ਆਰੰਭਿਆ ਹੋਇਆ ਸੀ, ਉੱਥੇ ਹੀ ਨਿਤਿਨ ਨੰਦਾ ਵੱਲੋਂ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਕਾਗਜ਼ ਵੀ ਦਾਖਲ ਕਰਵਾ ਦਿੱਤੇ ਗਏ ਹਨ। ਹਲਕੇ ਦੇ ਲੋਕਾਂ ’ਚ ਹੁਣ ਇਹ ਭੰਬਲਭੂਸਾ ਪਿਆ ਹੋਇਆ ਹੈ ਕਿ ਇਥੋਂ ਹੁਣ ਨਿਤਿਨ ਨੰਦਾ ਜਾਂ ਐਡਵੋਕੇਟ ਅਰਵਿੰਦ ਮਿੱਤਲ ’ਚੋਂ ਕੌਣ ਚੋਣ ਲੜੇਗਾ।