ਬਰਨਾਲਾ ਪੁੱਜੇ CM ਭਗਵੰਤ ਮਾਨ ਨੇ ਕੀਤੇ ਕਈ ਵੱਡੇ ਐਲਾਨ
Thursday, Jan 19, 2023 - 07:07 PM (IST)
ਬਰਨਾਲਾ/ਜਲੰਧਰ (ਵੈੱਬ ਡੈਸਕ, ਵਿਵੇਕ ਸਿੰਧਵਾਨੀ, ਰਵੀ, ਸਿੰਗਲਾ, ਅਸ਼ਵਨੀ, ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਰਨਾਲਾ ਵਿਖੇ ਸੇਵਾ ਸਿੰਘ ਠੀਕਰੀ ਵਾਲਾ ਦੀ ਬਰਸੀ ਮੌਕੇ ਰੱਖੇ ਗਏ ਪ੍ਰੋਗਰਾਮ 'ਚ ਸ਼ਿਰਕਤ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਸੇਵਾ ਸਿੰਘ ਠੀਕਰੀ ਵਾਲਾ ਨੂੰ ਨਮਨ ਕਰਦਿਆਂ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਬਰਨਾਲਾ ਵਿਚ ਇਕ ਨਰਸਿੰਗ ਸਕੂਲ ਖੋਲ੍ਹਿਆ ਜਾਵੇਗਾ। ਮੁੱਖ ਮੰਤਰੀ ਅੱਜ ਬਾਬਾ ਸੇਵਾ ਸਿੰਘ ਠੀਕਰੀਵਾਲ ਦੀ 89ਵੀਂ ਬਰਸੀ ਮੌਕੇ ਕਰਵਾਏ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਇਹ ਸੰਸਥਾ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਮਾਤਭੂਮੀ ਦੀ ਰਾਖੀ ਖਾਤਿਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸ ਨਾਲ ਇਲਾਕੇ ਦੀਆਂ ਲੜਕੀਆਂ ਇਸ ਸੰਸਥਾ ਵਿਚ ਪੜ੍ਹ ਕੇ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਮੱਲਾਂ ਮਾਰਨਗੀਆਂ। ਇਹ ਨਰਸਿੰਗ ਕਾਲਜ ਜਿੱਥੇ ਇਲਾਕੇ ਦੀਆਂ ਲੜਕੀਆਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ, ਉੱਥੇ ਹੀ ਬੇਮਿਸਾਲ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।
ਮੁੱਖ ਮੰਤਰੀ ਨੇ ਲੋਕਾਂ ਨੂੰ ਬਾਬਾ ਸੇਵਾ ਸਿੰਘ ਠੀਕਰੀਵਾਲ ਵੱਲੋਂ ਆਪਣੇ ਜੀਵਨ ਵਿਚ ਜਨਤਕ ਸੇਵਾ ਦੇ ਸਥਾਪਿਤ ਕੀਤੇ ਉਚੇ ਆਦਰਸ਼ਾਂ ’ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਸੇਵਾ ਸਿੰਘ ਠੀਕਰੀਵਾਲ ਨੇ ਕੁਲੀਨ ਵਰਗ ਵਿਰੁੱਧ ਲੜਾਈ ਲੜੀ ਅਤੇ ਦੇਸ਼ ਨੂੰ ਆਜ਼ਾਦੀ ਦੇ ਰਾਹ ਵੱਲ ਤੋਰਿਆ। ਉਨ੍ਹਾਂ ਨੇ ਲੋਕਾਂ ਨੂੰ ਇਸ ਮਹਾਨ ਸ਼ਹੀਦ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਕੁਨਬਾਪ੍ਰਸਤੀ ਦੇ ਰੂਪ ਵਿਚ ਨਵੇਂ ਪਣਪੇ ਸਾਮਰਾਜਵਾਦ ਵਿਰੁੱਧ ਲੜਾਈ ਲੜਨ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਛੇਤੀ ਹੀ ਬਰਨਾਲਾ ਜ਼ਿਲ੍ਹੇ ਵਿਚ ਪਾਣੀ ਦਾ ਪੱਧਰ ਉਚਾ ਚੁੱਕਣ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ’ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਆਗੂ ਨੇ ਹਮੇਸ਼ਾ ਇਹ ਦਾਅਵਾ ਕੀਤਾ ਸੀ ਕਿ ਸੂਬੇ ਦਾ ਖਜ਼ਾਨਾ ਖਾਲੀ ਹੈ। ਹੁਣ ਇਹ ਸਾਬਕਾ ਕਾਂਗਰਸੀ ਆਗੂ ਭਗਵਾ ਪਾਰਟੀ ਵਿਚ ਸ਼ਾਮਲ ਹੋ ਗਿਆ ਅਤੇ ਕਾਂਗਰਸ ਵਾਂਗ ਉਹ ਭਾਜਪਾ ਦਾ ਖਜ਼ਾਨਾ ਵੀ ਖਾਲੀ ਕਰ ਦੇਵੇਗਾ।
ਇਹ ਵੀ ਪੜ੍ਹੋ : ਕਪੂਰਥਲਾ: ਹਮੀਰਾ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਸ ਮੁਲਾਜ਼ਮ ਸਣੇ 4 ਨੌਜਵਾਨਾਂ ਦੀ ਮੌਤ
ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਜੀ ਦੀ 35 ਫੁੱਟ ਉੱਚੀ ਮੂਰਤੀ ਲਗਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੋਹਾਲੀ ਏਅਰਪੋਰਟ 'ਤੇ ਸ਼ਹੀਦ ਭਗਤ ਸਿੰਘ ਜੀ ਦੀ ਮੂਰਤੀ ਲਗਾਈ ਜਾਵੇਗੀ। ਸਰਕਾਰੀ ਸਕੂਲਾਂ ਨੂੰ ਲੈ ਕੇ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਹੁਣ ਚੰਗੇ ਸਕੂਲ ਅਤੇ ਹਸਪਤਾਲ ਬਣਾਏ ਜਾ ਰਹੇ ਹਨ। ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਕੀਤਾ ਜਾਵੇ ਅਤੇ ਸਰਕਾਰੀ ਸਕੂਲਾਂ ਵਿਚ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਪੜ੍ਹਾਈ ਹੋਵੇਗੀ। ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿਚ ਟਰੇਨਿੰਗ ਲਈ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਸੂਬੇ 'ਚ 117 ਸਕੂਲਜ਼ ਆਫ਼ ਐਂਮੀਨੈਂਨਸ (ਆਹਲਾ ਦਰਜੇ ਦੇ ਸਕੂਲ) ਖੋਲ੍ਹੇ ਜਾਣ ਦਾ ਵੀ ਐਲਾਨ ਕੀਤਾ ਤਾਂ ਜੋ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦਾ ਮੁਕਾਬਲਾ ਕਰ ਸਕਣ। ਸੂਬਾ ਛੇਤੀ ਹੀ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਵਿਚ ਦੇਸ਼ ਵਿਚੋਂ ਮੋਹਰੀ ਹੋਵੇਗਾ।
ਇਹ ਵੀ ਪੜ੍ਹੋ : ਮੱਲਿਕਾਰਜੁਨ ਖੜਗੇ ਦਾ ਭਾਜਪਾ 'ਤੇ ਤਿੱਖਾ ਹਮਲਾ, ਕਾਂਗਰਸ ਦੀਆਂ 6 ਸੂਬਿਆਂ ਦੀਆਂ ਸਰਕਾਰਾਂ ਦੀ ਕੀਤੀ ਚੋਰੀ
ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆਏਗੀ ਸੂਬਾ ਸਰਕਾਰ
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਬਾਬਾ ਸੇਵਾ ਸਿੰਘ ਠੀਕਰੀਵਾਲ ਦੇ ਜੱਦੀ ਪਿੰਡ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮਾਡਲ ਪਿੰਡ ਵਿਚ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾਨ ਆਜਾਦੀ ਘੁਲਾਟੀਆਂ ਦੇ ਸਤਿਕਾਰ ਵਜੋਂ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਮੋਹਾਲੀ ਹਵਾਈ ਅੱਡੇ ਦਾ ਨਾਂ ਮਹਾਨ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ ਅਤੇ ਹਵਾਈ ਅੱਡੇ ਦੀ ਆਮਦ ’ਤੇ ਸ਼ਹੀਦ-ਏ-ਆਜ਼ਮ ਦਾ 35 ਫੁੱਟ ਉੱਚਾ ਬੁੱਤ ਲਾਇਆ ਜਾਵੇਗਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਵੀ ਪਾਸ ਕਰੇਗੀ।
ਉਨ੍ਹਾਂ ਕਿਹਾ ਕਿ 36 ਪ੍ਰਿੰਸੀਪਲ ਸਿੰਗਾਪੁਰ ਟਰੇਨਿੰਗ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਸਿਰਫ਼ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਕਰਿਆ ਕਰਨ ਕਿ ਪਰਮਾਤਮਾ ਪੰਜਾਬ ਨੂੰ ਹੁਣ ਇਸੇ ਤਰ੍ਹਾਂ ਲੀਹਾਂ 'ਤੇ ਤੋਰੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਵਿਚ ਸਲਾਨਾ 300 ਸਬ ਇੰਸਪੈਕਟਰਾਂ ਦੀ ਭਰਤੀ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਤਾਂ ਜਨਤਾ ਨਾਲ ਕੰਮ ਕਰਨਾ ਹੈ ਅਤੇ ਮੈਂ ਇਹੀ ਕਹਾਂਗਾ ਕਿ ਜੇਕਰ ਕਿਤੇ ਇਕ ਰੁਪਇਆ ਵੀ ਕੋਈ ਬੱਚਦਾ ਹੋਵੇ ਤਾਂ ਉਥੇ ਮੇਰੇ ਕੋਲੋਂ ਦਸਤਖ਼ਤ ਕਰਵਾ ਲੈਣ। ਇਸ ਦੇ ਨਾਲ ਹੀ ਨਵੀਆਂ ਫ਼ਸਲਾਂ 'ਤੇ ਵੀ ਐੱਮ. ਐੱਸ. ਪੀ. ਦੇਣ ਦਾ ਐਲਾਨ ਕੀਤਾ। ਪਿਛਲੀਆਂ ਸਰਕਾਰਾਂ 'ਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕ ਕਹਿੰਦੇ ਹਨ ਕਿ ਖ਼ਜ਼ਾਨਾ ਖਾਲੀ ਹੈ। ਕੋਈ ਸਕੂਲ, ਯੂਨੀਵਰਸਿਟੀ, ਕਾਲਜ ਜਾਂ ਸੜਕ ਬਣਾਈ ਹੋਵੇ ਤਾਂ ਮੰਨ ਲਿਆ ਜਾਵੇ ਕਿ ਖ਼ਜ਼ਾਨਾ ਖਾਲੀ ਹੈ ਪਰ ਪਤਾ ਨਹੀਂ ਕਿਵੇਂ ਖ਼ਜ਼ਾਨਾ ਖਾਲੀ ਰਿਹਾ।
ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਕਪੂਰਥਲਾ ਦੇ ਵਿਅਕਤੀ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਪਿੰਡ ਦੀਆਂ ਸੱਥਾਂ ’ਚ ਰਜਿਸਟਰੀਆਂ ਹੁੰਦੀਆਂ ਸਨ, ਹੁਣ ਲੋਕ ਸ਼ਹਿਰਾਂ ਵੱਲ ਜਾਂਦੇ ਹਨ। ਤਹਿਸੀਲਦਾਰ ਮਿਲਦੇ ਨਹੀਂ ਪਰ ਆਉਣ ਵਾਲੇ ਦਿਨਾਂ ’ਚ ਤੁਸੀਂ ਦੇਖੋਗੇ ਕਿ ਤਹਿਸੀਲਦਾਰ ਤੋਂ ਲੈ ਕੇ ਡੀ. ਸੀ. ਤੱਕ ਤੁਹਾਡੇ ਪਿੰਡਾਂ ’ਚ ਆਇਆ ਕਰਨਗੇ ਅਤੇ ਪਿੰਡਾਂ ਦੀਆਂ ਸੱਥਾਂ ’ਚ ਹੀ ਬੈਠ ਕੇ ਰਜਿਸਟਰੀਆਂ ਹੋਣਗੀਆਂ। ਭ੍ਰਿਸ਼ਟਾਚਾਰ ਨੂੰ ਜੜ੍ਹੋ ਖਤਮ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਮੈਡੀਕਲ ਸਿੱਖਿਆ ਦੇ ਪਸਾਰ ਲਈ ਸੂਬਾ ਸਰਕਾਰ ਨੇ ਆਉਣ ਵਾਲੇ ਪੰਜ ਸਾਲਾਂ ਵਿਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਸੂਬੇ ਵਿਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ। ਇਸ ਨਾਲ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਹੋ ਜਾਵੇਗਾ। ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ ਦਾ ਨੀਂਹ ਪੱਥਰ ਪਹਿਲਾਂ ਹੀ ਰੱਖਿਆ ਜਾ ਚੁੱਕਾ ਹੈ ਅਤੇ ਜਲਦੀ ਹੀ ਇਸ ਦੀ ਉਸਾਰੀ ਦਾ ਕੰਮ ਸੁਰੂ ਹੋ ਜਾਵੇਗਾ। ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ 2 ਹੋਰ ਮੈਡੀਕਲ ਕਾਲਜਾਂ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਮੌਕੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਨੂੰ ਕੈਬਨਿਟ ਮੰਤਰੀ ਮੀਤ ਹੇਅਰ, ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਸ਼ਰਧਾਂਜਲੀ ਦਿੱਤੀ। ਇਸ ਸਮੇਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਐੱਸ.ਐੱਸ.ਪੀ. ਸੰਦੀਪ ਮਲਿਕ, ਡੀ. ਐੱਸ. ਪੀ. ਸਤਬੀਰ ਸਿੰਘ, ਐੱਸ. ਡੀ.ਐੱਮ. ਗੋਪਾਲ ਸਿੰਘ, ਤਹਿਸੀਲਦਾਰ ਦਿੱਵਿਆ ਸਿੰਗਲਾ ਆਦਿ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ