ਪੰਜਾਬ ਦੀਆਂ ਤਹਿਸੀਲਾਂ ਨੂੰ ਲੈ ਕੇ 9 ਤੇ 10 ਅਪ੍ਰੈਲ ਲਈ ਵੱਡਾ ਐਲਾਨ, ਪੜ੍ਹੋ ਕੀ ਹੈ ਪੂਰੀ ਖ਼ਬਰ
Tuesday, Apr 07, 2026 - 10:08 AM (IST)
ਲੁਧਿਆਣਾ (ਅਨਿਲ) : ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਬੈਠਕ ਲੁਧਿਆਣਾ 'ਚ ਹੋਈ, ਜਿਸ ਦੀ ਅਗਵਾਈ ਪਟਵਾਰ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਰਾਜ ਸਿੰਘ ਔਜਲਾ ਅਤੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਰੰਧਾਵਾ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਯੂਨੀਅਨ ਦੀਆਂ ਮੰਗਾਂ ਪੰਜਾਬ ਸਰਕਾਰ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ, ਜਿਸ ਦੇ ਵਿਰੋਧ 'ਚ ਪਟਵਾਰ ਯੂਨੀਅਨ 9 ਅਤੇ 10 ਅਪ੍ਰੈਲ ਨੂੰ ਪੂਰੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ 'ਚ ਸਵੇਰ 11 ਵਜੇ ਤੋਂ ਲੈ ਕੇ 2 ਵਜੇ ਤੱਕ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਪ੍ਰਦਰਸ਼ਨ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ 'ਚ ਪਟਵਾਰੀ ਨੂੰ ਤਰੱਕੀ ਦੇ ਕੇ ਕਾਨੂੰਗੋ ਬਣਾਉਣ ਦੀ ਪ੍ਰਕਿਰਿਆ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਨੇ ਰੋਕੀ ਹੋਈ ਹੈ। ਇਸ ਸਮੇਂ ਪੰਜਾਬ 'ਚ ਕਾਨੂੰਗੋ ਦੇ ਕਈ ਅਹੁਦੇ ਖ਼ਾਲੀ ਹਨ ਪਰ ਪੰਜਾਬ ਸਰਕਾਰ ਵੱਲੋਂ ਪਟਵਾਰੀ ਨੂੰ ਉਸ ਪੋਸਟਾਂ ’ਤੇ ਤਰੱਕੀ ਦੇ ਕੇ ਨਿਯੁਕਤ ਨਹੀਂ ਕੀਤਾ ਜਾ ਰਿਹਾ, ਦੂਜੇ ਪਾਸੇ ਪੂਰੇ ਪੰਜਾਬ 'ਚ ਪਟਵਾਰੀਆਂ ਦੀ ਨਵੀਂ ਭਰਤੀ ’ਤੇ ਵੀ ਸਰਕਾਰ ਨੇ ਅੱਜ ਤੱਕ ਕੋਈ ਸਹਿਮਤੀ ਪ੍ਰਗਟ ਨਹੀਂ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਪਾਵਰਕਾਮ ਵਲੋਂ ਵੱਡੀ ਰਾਹਤ, ਹੁਣ ਮਿਲਣਗੇ ਸਿੱਧੇ ਬਿਜਲੀ ਕੁਨੈਕਸ਼ਨ
ਪਟਵਾਰੀਆਂ ਦੇ ਸਰਕਲ ਜ਼ਿਆਦਾ ਵੱਡੇ ਹਨ ਅਤੇ ਇਕ-ਇਕ ਪਟਵਾਰੀ ਨੂੰ ਕਈ ਕਈ ਸਰਕਲ ਦਿੱਤੇ ਹੋਏ ਹਨ, ਜਿਸ ਕਾਰਨ ਪਟਵਾਰੀ ਨੂੰ ਭਾਰੀ ਸਮੱਸਿਆਵਾਂ ਸਹਿਣੀਆਂ ਪੈ ਰਹੀਆਂ ਹਨ। ਮਹਿਲਾ ਪਟਵਾਰੀ ਦੇ ਲਈ ਅੱਜ ਤੱਕ ਪਟਵਾਰਖਾਨਿਆਂ 'ਚ ਮਹਿਲਾ ਬਾਥਰੂਮ ਤੱਕ ਨਹੀਂ ਬਣਾਏ ਗਏ। ਪੰਜਾਬ ਪਧਾਨ ਔਜਲਾ ਅਤੇ ਜ਼ਿਲ੍ਹਾ ਪ੍ਰਧਾਨ ਰੰਧਾਵਾ ਨੇ ਕਿਹ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਆਪਣੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਅੱਜ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਪਟਵਾਰ ਯੂਨੀਅਨ ਹੁਣ ਪੂਰੇ ਪੰਜਾਬ 'ਚ ਸਰਕਾਰ ਦੇ ਖ਼ਿਲਾਫ਼ ਆਪਣਾ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਹੈਰਾਨ ਕਰ ਦੇਵੇਗੀ ਇਹ ਰਿਪੋਰਟ
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ’ਤੇ ਆਏ ਦਿਨ ਨਵੇਂ ਨਵੇਂ ਬੋਝ ਪਾਏ ਜਾ ਰਹੇ ਹਨ। ਇਕ ਤਾਂ ਪਟਵਾਰੀ ਪਹਿਲਾਂ ਪਟਵਾਰਖ਼ਾਨੇ ਦੇ ਦਫ਼ਤਰ 'ਚ ਕੰਮ ਕਰਦਾ ਹੈ, ਜਿਸ ਤੋਂ ਬਾਅਦ ਉਸ ਦੀ ਡਿਊਟੀ ਹੋਰਨਾਂ ਕੰਮਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੇ ਦਫ਼ਤਰਾਂ ਦੇ ਕੰਮ ਪੈਂਡਿੰਗ ਪੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਟਵਾਰ ਯੂਨੀਅਨ ਦੀਆਂ ਮੰਗਾਂ ਜੇਕਰ ਪੰਜਾਬ ਸਰਕਾਰ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ 'ਚ ਪਟਵਾਰ ਯੂਨੀਅਨ ਸਰਕਾਰ ਦੇ ਖ਼ਿਲਾਫ਼ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
