ਮਨਦੀਪ ਮੰਨਾ ਦੇ ਕੈਪਟਨ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀ ਦਲ ਨਾਲ ਹੋਇਆ ਗੁਪਤ ਸਮਝੌਤਾ

Friday, Jan 28, 2022 - 04:15 PM (IST)

ਮਨਦੀਪ ਮੰਨਾ ਦੇ ਕੈਪਟਨ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀ ਦਲ ਨਾਲ ਹੋਇਆ ਗੁਪਤ ਸਮਝੌਤਾ

ਅੰਮ੍ਰਿਤਸਰ (ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਤੁਹਾਡਾ ਅਕਾਲੀ ਦਲ ਨਾਲ ਗੁਪਤ ਸਮਝੌਤਾ ਹੋਇਆ ਹੈ। ਮਨਦੀਪ ਮੰਨਾ ਨੇ ਕੈਪਟਨ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਤੁਸੀਂ ਤਾਂ ਹੀ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਇਕ ਕਮਜ਼ੋਰ ਉਮੀਦਵਾਰ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਹਮੇਸ਼ਾ ਕਹਿੰਦੇ ਸੀ ਕਿ ਮੈਂ ਸਿੱਧੂ ਖ਼ਿਲਾਫ਼ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਗੱਠਜੋੜ ਵੱਲੋਂ ਬਹੁਤ ਮਜ਼ਬੂਤ ਉਮੀਦਵਾਰ ਖੜ੍ਹਾ ਕਰਾਂਗਾ ਤੇ ਸਿੱਧੂ ਨੂੰ ਕਿਸੇ ਕੀਮਤ ਵੀ ਕੀਮਤ ’ਤੇ ਜਿੱਤਣ ਨਹੀਂ ਦੇਵਾਂਗਾ। ਤੁਸੀਂ ਅੰਮ੍ਰਿਤਸਰ ਪੂਰਬੀ ਤੋਂ ਕਮਜ਼ੋਰ ਉਮੀਦਵਾਰ ਇਸ ਲਈ ਉਤਾਰਿਆ ਤਾਂ ਜੋ ਭਾਜਪਾ ਤੇ ਤੁਹਾਡੀ ਪਾਰਟੀ ਦੀਆਂ ਵੋਟਾਂ ਵੀ ਅਕਾਲੀ ਉਮੀਦਵਾਰ ਮਜੀਠੀਆ ਨੂੰ ਭੁਗਤ ਸਕਣ। ਜੇ ਸਹੀ ਤੌਰ ’ਤੇ ਭਾਜਪਾ ਦਾ ਉਮੀਦਵਾਰ ਇਥੋਂ ਚੋਣ ਲੜਦਾ ਤਾਂ ਕੁਝ ਵੋਟਾਂ ਦਾ ਹਿੱਸਾ ਭਾਜਪਾ ਦੇ ਹੱਕ ’ਚ ਭੁਗਤਣਾ ਸੀ, ਜੋ ਤੁਹਾਨੂੰ ਕਿਸੇ ਵੀ ਕੀਮਤ ’ਤੇ ਮਨਜ਼ੂਰ ਨਹੀਂ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪਾਰਟੀ ਤੇ ਭਾਜਪਾ ਦੀ ਵੋਟ ਤੁਹਾਡੇ ਭਤੀਜੇ ਮਜੀਠੀਏ ਨੂੰ ਪਵੇ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ ਅਹਿਮ ਬਿਆਨ, ਕਿਹਾ-ਕਾਂਗਰਸੀ ਕਾਰਕੁਨਾਂ ਤੋਂ ਪੁੱਛ ਕੇ ਤੈਅ ਕਰਾਂਗੇ CM ਦਾ ਚਿਹਰਾ

ਮੰਨਾ ਨੇ ਅੱਗੇ ਕਿਹਾ ਕਿ ਤੁਸੀਂ ਅਧਿਕਾਰਤ ਤੌਰ ’ਤੇ ਇਹ ਕਦੀ ਦੱਸਿਆ ਹੀ ਨਹੀਂ ਕਿ ਇਸ ਸੀਟ ਉੱਪਰ ਤੁਹਾਡਾ ਗੁਪਤ ਸਮਝੌਤਾ ਅਕਾਲੀ ਦਲ ਬਾਦਲ ਨਾਲ ਵੀ ਹੈ ਤੇ ਉਹ ਉਮੀਦਵਾਰ ਤੁਹਾਡੇ ਸਭ ਵੱਲੋਂ ਸਾਂਝੇ ਤੌਰ ’ਤੇ ਹੋਵੇਗਾ ਤਾਂ ਹੀ ਤੁਸੀਂ ਬਿਕਰਮ ਮਜੀਠੀਆ ਨੂੰ ਜਿਤਾਉਣ ਲਈ ਆਪਣੀ ਪਾਰਟੀ ਤੇ ਭਾਜਪਾ ਵੱਲੋਂ ਸਿਆਸੀ ਤੌਰ ’ਤੇ ਬੇਹੱਦ ਕਮਜ਼ੋਰ ਵਿਅਕਤੀ ਡਾ. ਜਗਮੋਹਨ ਸਿੰਘ ਰਾਜੂ (ਆਈ. ਏ. ਐੱਸ.) ਨੂੰ ਟਿਕਟ ਦਿੱਤੀ। ਡਾ. ਜਗਮੋਹਨ ਸਿੰਘ ਦੀ ਅੰਮ੍ਰਿਤਸਰ ਪੂਰਬੀ ਹਲਕੇ ’ਚ ਨਾ ਕੋਈ ਪਛਾਣ ਹੈ, ਨਾ ਕਿਸੇ ਨੇ ਉਨ੍ਹਾਂ ਨੂੰ ਇਸ ਹਲਕੇ ’ਚ ਦੇਖਿਆ ਹੈ, ਨਾ ਹੀ ਉਸ ਬਾਰੇ ਕਦੇ ਕਿਸੇ ਨੇ ਸੁਣਿਆ ਹੈ ਅਤੇ ਨਾ ਹੀ ਉਹ ਕਿਸੇ ਦੇਸ਼ ਜਾਂ ਸੂਬਾ ਪੱਧਰੀ ਮਸ਼ਹੂਰ ਚਿਹਰਾ ਹਨ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਸ ਸੀਟ ਤੋਂ ਸਿੱਧੂ ਜਿੱਤੇਗਾ ਜਾਂ ਮਜੀਠੀਆ ਪਰ ਤੁਹਾਡੀ ਇਸ ਘਟੀਆ ਪੱਧਰ ਦੀ ਰਣਨੀਤੀ ਨੇ ਇਹ ਸਾਬਿਤ ਕਰ ਕੇ ਮੋਹਰ ਲਗਾ ਦਿੱਤੀ ਕਿ ਤੁਹਾਡਾ ਪਿਛਲੇ ਪੰਜ ਸਾਲ ਵੀ ਅਕਾਲੀ ਦਲ (ਬਾਦਲ) ਨਾਲ ਸਮਝੌਤਾ ਸੀ, ਅੱਜ ਵੀ ਹੈ ਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਤੁਸੀਂ ਵਿਚੋ-ਵਿਚ ਖਾਈ ਜਾਓ, ਉੱਤੋਂ ਰੌਲਾ ਪਾਈ ਜਾਓ।
 


author

Manoj

Content Editor

Related News