ਬੈਂਕਾਂ ''ਚ ਪੈਸਾ ਰੱਖਣ ਵਾਲਿਆਂ ਲਈ ਵੱਡਾ Alert! ਪੰਜਾਬ ਤੋਂ ਸਾਹਮਣੇ ਆਇਆ ਹੋਸ਼ ਉਡਾਉਂਦਾ ਮਾਮਲਾ

Wednesday, Feb 05, 2025 - 12:51 PM (IST)

ਬੈਂਕਾਂ ''ਚ ਪੈਸਾ ਰੱਖਣ ਵਾਲਿਆਂ ਲਈ ਵੱਡਾ Alert! ਪੰਜਾਬ ਤੋਂ ਸਾਹਮਣੇ ਆਇਆ ਹੋਸ਼ ਉਡਾਉਂਦਾ ਮਾਮਲਾ

ਖਰੜ (ਰਣਬੀਰ) : ਪੰਜਾਬ ਦੇ ਖਰੜ ਅੰਦਰ ਧੋਖਾਧੜੀ ਦਾ ਇਕ ਹੋਸ਼ ਉਡਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣਨ ਤੋਂ ਬਾਅਦ ਬੈਂਕ ਜਾਣ ਵਾਲੇ ਹਰ ਖ਼ਾਤਾ ਧਾਰਕ ਨੂੰ ਇਸ ਤੋਂ ਸਬਕ ਲੈਂਦਿਆਂ ਅਲਰਟ ਰਹਿਣ ਦੀ ਲੋੜ ਮਹਿਸੂਸ ਹੋਣ ਲੱਗੇਗੀ। ਇੱਥੇ ਵਾਪਰੀ ਘਟਨਾ ਮੁਤਾਬਕ ਇਕ ਸ਼ਾਤਰ ਗਿਰੋਹ ਦੇ ਕੁੱਝ ਮੈਂਬਰ ਬੈਂਕ 'ਚ ਦਾਖ਼ਲ ਹੋਏ। ਉਨ੍ਹਾਂ ਨੇ ਬੈਂਕ 'ਚ ਕੰਮ ਕਰਵਾਉਣ ਆਏ ਵਿਅਕਤੀ ਦੇ ਦਸਤਖ਼ਤ ਚੋਰੀ-ਛਿਪੇ ਕਾਪੀ ਲਏ। ਇਸ ਤੋਂ ਬਾਅਦ ਗਿਰੋਹ ਨੇ ਉਕਤ ਵਿਅਕਤੀ ਦੇ ਨਾਂ ਦੀ ਚੈੱਕ ਬੁੱਕ ਬੈਂਕ 'ਚੋਂ ਜਾਰੀ ਕਰਵਾ ਲਈ ਉਸ 'ਤੇ ਉਕਤ ਵਿਅਕਤੀ ਦੇ ਫਰਜ਼ੀ ਹਸਤਾਖ਼ਰ ਕਰਕੇ ਬੈਂਕ ਦੀ ਕਥਿਤ ਲਾਪਰਵਾਹੀ ਦਾ ਫ਼ਾਇਦਾ ਚੁੱਕ ਧੋਖੇ ਨਾਲ ਖ਼ਾਤੇ 'ਚੋਂ 10 ਲੱਖ ਰੁਪਏ ਦੀ ਮੋਟੀ ਰਕਮ ਕੱਢਵਾ ਲਈ। ਇਸ ਠੱਗੀ ਦਾ ਖ਼ਾਤਾ ਧਾਰਕ ਨੂੰ ਉਦੋਂ ਪਤਾ ਲੱਗਾ, ਜਦੋਂ ਉਸਦੇ ਮੋਬਾਇਲ ਫੋਨ 'ਤੇ ਉਕਤ ਹੋਈ‌ ਟਰਾਂਜ਼ੈਕਸ਼ਨ ਸਬੰਧੀ ਮੈਸੇਜ ਰਿਸੀਵ ਹੋਈਆ। ਜਿਸ ਦਾ ਪਤਾ ਲੱਗਦਿਆਂ ਸਾਰ ਉਕਤ ਵਿਅਕਤੀ ਵਲੋਂ ਫੌਰੀ ਬੈਂਕ ਨੂੰ ਸੂਚਿਤ ਕਰ ਆਪਣਾ ਖ਼ਾਤਾ ਬਲੌਕ ਕਰਵਾ ਦਿੱਤਾ ਗਿਆ। ਆਪਣੇ ਨਾਲ ਵਾਪਰੀ ਇਸ ਠੱਗੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਤੇਮਾਜਰਾ ਵਾਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦਾ ਖਰੜ-ਲਾਂਡਰਾਂ ਹਾਈਵੇਅ ਬਡਾਲਾ ਰੋਡ ਟੀ- ਪੁਆਇੰਟ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ 'ਚ ਕਾਫੀ ਦੇਰ ਤੋਂ ਸੇਵਿੰਗ ਖ਼ਾਤਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਲੱਖਾਂ ਲੋਕਾਂ ਲਈ ਬੇਹੱਦ ਬੁਰੀ ਖ਼ਬਰ, ਮਾਲਕਾਨਾ ਹੱਕ ਬਾਰੇ ਸਾਹਮਣੇ ਆਈ ਵੱਡੀ ਗੱਲ

ਬੀਤੀ 31 ਤਾਰੀਖ਼ ਨੂੰ ਸਵੇਰੇ 10:35 ਵਜੇ ਉਹ ਆਪਣੀ ਬਕਾਇਆ ਰਕਮ ਦੀ ਜਾਣਕਾਰੀ ਲੈਣ ਲਈ ਗਿਆ ਸੀ। ਜਿੱਥੇ ਬੈਂਕ ਦੇ ਨਿਯਮ ਮੁਤਾਬਕ ਉਸਨੇ ਆਪਣੇ ਖ਼ਾਤੇ ਦੀ ਸਟੇਟਮੈਂਟ ਲੈਣ ਲਈ ਇਕ ਫਾਰਮ ਭਰ ਕੇ ਬੈਂਕ ਦੇ ਸਬੰਧਿਤ ਅਧਿਕਾਰੀ ਨੂੰ ਦੇ ਦਿੱਤਾ। ਇਸ 'ਤੇ ਅਧਿਕਾਰੀ ਨੇ ਕਿਹਾ ਕਿ ਉਹ ਅਗਲੇ ਦਿਨ ਆ ਕੇ ਸਟੇਟਮੈਂਟ ਲੈ ਸਕਦਾ ਹੈ। ਪਰਮਜੀਤ ਸਿੰਘ ਮੁਤਾਬਕ ਉਸ ਤੋਂ ਅਗਲੇ ਦਿਨ 1 ਫਰਵਰੀ ਸ਼ਾਮ 4:07 ਵਜੇ ਉਸਨੂੰ ਉਸ ਦੇ ਖ਼ਾਤੇ 'ਚ ਮੌਜੂਦ ਕੁੱਲ 11.29 ਲੱਖ 'ਚੋਂ 10 ਲੱਖ ਰੁਪਏ ਨਿਕਲ ਜਾਣ ਦਾ ਟੈਕਸਟ ਮੈਸੇਜ ਹਾਸਲ ਹੋਇਆ ਕਿਉਂਕਿ ਨਾ ਤੇ ਉਸਨੇ ਖ਼ੁਦ ਇਹ ਰਕਮ ਕੱਢਵਾਈ ਸੀ, ਨਾ ਹੀ ਉਸਨੇ ਆਪਣਾ ਚੈੱਕ ਹੀ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਸੀ। ਇਸ ਲਈ ਇੰਨੀ ਵੱਡੀ ਰਕਮ ਬਿਨਾਂ ਉਸਦੀ ਜਾਣਕਾਰੀ ਖ਼ਾਤੇ 'ਚੋਂ ਨਿਕਲ ਜਾਣ ਕਾਰਨ ਇਕ ਤਰ੍ਹਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਖੈਰ ਉਸਨੇ ਤੁਰੰਤ ਬੈਂਕ ਨਾਲ ਸੰਪਰਕ ਕਰਕੇ ਆਪਣਾ ਖ਼ਾਤਾ ਬਲੌਕ ਕਰਵਾ ਦਿੱਤਾ।

ਪਰਮਜੀਤ ਸਿੰਘ ਨੇ ਦੱਸਿਆ ਕਿ ਅਗਲੇ ਦਿਨ ਐਤਵਾਰ ਸੀ, ਇਸ ਲਈ ਉਸ ਨੇ ਬੀਤੇ ਸੋਮਵਾਰ 2 ਫਰਵਰੀ ਨੂੰ ਜਦੋਂ ਬੈਂਕ 'ਚ ਜਾ ਇਸ ਬਾਰੇ ਬੈਂਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਵਲੋਂ ਉਸ ਦੇ ਫਰਜ਼ੀ ਹਸਤਾਖ਼ਰ ਕਰਕੇ ਖ਼ਾਤੇ ਚੋਂ ਉਕਤ 10 ਲੱਖ ਰੁਪਏ ਦੀ ਰਕਮ ਸੈਲਫ ਚੈੱਕ ਸਾਈਨ ਕਰਕੇ ਕੱਢਵਾ ਲਈ ਗਈ ਸੀ। ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਜਦੋਂ ਬੈਂਕ ਅਧਿਕਾਰੀਆਂ ਨੂੰ ਗੁਜ਼ਾਰਿਸ਼ ਕਰ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਤਾਂ ਸਾਰਾ ਕੁੱਝ ਸਮਝ ਆਉਂਦੀਆਂ ਰਤਾ ਵੀ ਸਮਾਂ ਨਾ ਲੱਗਾ ਕਿਉਂਕਿ ਫੁਟੇਜ ਵੇਖਣ 'ਤੇ ਪਤਾ ਲੱਗਾ ਕਿ ਬੀਤੀ 31 ਜਨਵਰੀ ਨੂੰ ਜਦੋਂ ਉਹ ਬੈਂਕ ‘ਚੋਂ ਆਪਣੇ ਖ਼ਾਤੇ ਦੀ ਸਟੇਟਮੈਂਟ ਲੈਣ ਲਈ ਫਾਰਮ ਭਰ ਕੇ ਉਸ 'ਤੇ ਦਸਤਖ਼ਤ ਕਰ ਰਿਹਾ ਸੀ ਤਾਂ ਉਸਦੇ ਪਿੱਛੇ ਖੜ੍ਹਾ ਇੱਕ ਪਗੜੀਧਾਰੀ ਵਿਅਕਤੀ ਉਸਦੀ ਲਿਖਾਵਟ ਦਾ ਢੰਗ ਅਤੇ ਦਸਤਖ਼ਤ ਦੀ ਆਪਣੇ ਮੋਬਾਇਲ ਫੋਨ ਤੋਂ ਤਸਵੀਰ ਲੈਂਦਾ ਨਜ਼ਰ ਆਇਆ।

ਇਸ ਪਿੱਛੋਂ ਪਰਮਜੀਤ ਨੇ ਜਦੋਂ ਬੈਂਕ ਦੇ ਬਾਹਰਲੇ ਪਾਸੇ ਮੌਜੂਦ ਬੈਂਕ ਦੀ ਕਿਓਸਕ ਮਸ਼ੀਨ ‘ਚ ਆਪਣੀ ਪਾਸਬੁੱਕ ਦੀ ਐਂਟਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹੀ ਅਣਪਛਾਤਾ ਵਿਅਕਤੀ ਉੱਥੇ ਵੀ ਉਸਦੇ ਪਿੱਛੇ ਖੜ੍ਹਾ ਉਸ 'ਤੇ ਨਜ਼ਰ ਰੱਖ ਰਿਹਾ ਸੀ, ਜੋ ਕੈਮਰੇ ਚ ਨਜ਼ਰ ਆਇਆ। ਇਸ ਤਰ੍ਹਾਂ ਉਕਤ ਸਾਰੀ ਸਾਜ਼ਿਸ਼ ਰਚ ਰਹੇ ਵਿਅਕਤੀ ਸਣੇ ਉਸਦੇ ਸਾਥੀਆਂ ਨੂੰ ਪਰਮਜੀਤ ਸਿੰਘ ਦੇ ਖ਼ਾਤੇ 'ਚ ਕਿੰਨੀ ਰਕਮ ਮੌਜੂਦ ਸੀ, ਦਾ ਪਤਾ ਲੱਗ ਗਿਆ। 

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਕਿਸਾਨਾਂ 'ਤੇ ਭਾਰੀ ਸੰਕਟ! ਰਿਕਾਰਡ ਤੋੜ ਕਰਜ਼ੇ ਦੇ ਨਵੇਂ ਅੰਕੜੇ ਹੋਸ਼ ਉਡਾ ਦੇਣਗੇ
ਬੈਂਕ ਦੀ ਵੱਡੀ ਅਣਗਹਿਲੀ ਆਈ ਸਾਹਮਣੇ 
ਅੱਗੇ ਦੀ ਫੁਟੇਜ ਜਾਂਚਣ 'ਤੇ ਪਤਾ ਲੱਗਾ ਕਿ ਪਹਿਲੀ ਫਰਵਰੀ ਸ਼ਨੀਵਾਰ ਨੂੰ ਇੱਕ ਵਿਅਕਤੀ ਜਿਸਨੇ ਮੂੰਹ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ, ਪਰਮਜੀਤ ਸਿੰਘ ਬਣ ਕੇ ਬੈਂਕ ‘ਚ ਦਾਖ਼ਲ ਹੋਇਆ। ਉਸ ਨੇ ਬੈਂਕ ਅਧਿਕਾਰੀ ਨਾਲ ਗੱਲ ਕਰਕੇ ਕਿਹਾ ਕਿ ਉਸ ਨੂੰ ਪੈਸਿਆਂ ਦੀ ਫੌਰੀ ਲੋੜ ਹੈ ਪਰ ਉਸ ਕੋਲ ਫਿਲਹਾਲ ਚੈੱਕ ਬੁੱਕ ਮੌਜੂਦ ਨਹੀ ਹੈ। ਇਸ 'ਤੇ ਅਧਿਕਾਰੀ ਦੇ ਦੱਸਣ 'ਤੇ ਉਕਤ ਵਿਅਕਤੀ ਨੇ ਇੱਕ ਫਾਰਮ ‘ਤੇ ਦਸਤਖ਼ਤ ਕੀਤੇ ਅਤੇ 5 ਚੈੱਕਾਂ ਦੀ ਚੈੱਕ ਬੁੱਕ ਜਾਰੀ ਕਰਵਾ ਲਈ, ਜੋ ਹਾਸਲ ਕਰਕੇ ਇੱਕ ਚੈਕ ਭਰ ਉਕਤ ਠੱਗ ਨੇ ਫਰਜ਼ੀ ਪਰਮਜੀਤ ਸਿੰਘ ਬਣ ਉਸਦੇ ਫਰਜ਼ੀ ਹਸਤਾਖ਼ਰ ਕਰਕੇ 10 ਲੱਖ ਦੀ ਰਕਮ ਕਾਊਂਟਰ ਤੋਂ ਪ੍ਰਾਪਤ ਕੀਤੀ ਅਤੇ ਉੱਥੋਂ ਮਿੰਟਾਂ-ਸਕਿੰਟਾਂ 'ਚ ਤੁਰਦਾ ਬਣਿਆ।

ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਰਹੀ ਕਿ ਕਿਸੇ ਬੈਂਕ ਦੇ ਅਧਿਕਾਰੀ ਨੇ ਇੰਨੀ ਵੱਡੀ ਰਕਮ ਕੱਢਵਾਉਣ ਆਏ ਵਿਅਕਤੀ ਦੇ ਮੂੰਹ ਤੋਂ ਰੁਮਾਲ ਉਤਰਵਾ ਉਸਦੀ ਪਛਾਣ ਸਬੰਧੀ ਤਸੱਲੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਦੂਜਾ ਹਮੇਸ਼ਾ ਰਕਮ ਦੇਣ ਤੋਂ ਪਹਿਲਾਂ ਬੈਂਕ ਵਲੋਂ ਚੈੱਕ ਦੇ ਪਿੱਛੇ ਆਪਣੇ ਸਾਹਮਣੇ 2 ਹਸਤਾਖ਼ਰ ਅਕਾਊਂਟ ਹੋਲਡਰ ਜਾਂ ਉਸ ਵਲੋਂ ਭੇਜੇ ਗਏ ਵਿਅਕਤੀ ਕੋਲੋਂ ਕਰਵਾਏ ਜਾਂਦੇ ਹਨ ਪਰ ਬੈਂਕ ਵਲੋਂ ਉਸ ਵਿਅਕਤੀ ਕੋਲੋਂ 2 ਤਾਂ ਦੂਰ ਇਕ ਸਾਈਨ ਵੀ ਚੈੱਕ ਪਿੱਛੇ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ ਗਿਆ। ਤੀਜਾ ਚੈੱਕ ਦੇ ਪਿੱਛੇ ਹਸਤਾਖ਼ਰਾਂ ਦੇ ਨਾਲ-ਨਾਲ ਖ਼ਾਤਾ ਧਾਰਕ ਦਾ ਮੋਬਾਇਲ ਨੰਬਰ ਵੀ ਨੋਟ ਕੀਤਾ ਜਾਂਦਾ ਹੈ ਪਰ ਬੈਂਕ ਵੱਲੋਂ ਉਕਤ ਵਿਅਕਤੀ ਦਾ ਮੋਬਾਇਲ ਨੰਬਰ ਤੱਕ ਨੋਟ ਨਹੀਂ ਕੀਤਾ ਗਿਆ।

ਇਸ ਤੋਂ ਸਾਫ਼ ਜ਼ਾਹਰ ਹੋ ਰਿਹਾ ਸੀ ਕਿ ਉਪਰੋਕਤ ਸਾਰੀ ਲਾਪਰਵਾਹੀ ਇੱਕ ਵੱਡੀ ਸਾਜਿਸ਼ ਦਾ ਨਤੀਜਾ ਰਹੀ ਹੋਵੇਗੀ। ਇਸ ਨੂੰ ਲੈ ਕੇ ਪਰਮਜੀਤ ਸਿੰਘ ਨੇ ਬੈਂਕ ਮੈਨੇਜਰ ਮਹਿਲਾ ਅਧਿਕਾਰੀ ਸ੍ਰਿਸ਼ਟੀ ਕੋਲ ਜਾ ਕੇ ਸ਼ਿਕਾਇਤ ਕਰਨੀ ਚਾਹੀ, ਪਰ ਮੈਨੇਜਰ ਨੇ ਉਸ 'ਤੇ ਦਬਾਅ ਪਾਉਂਦਿਆਂ ਕਿਹਾ ਕਿ ਉਹ ਬੈਂਕ ਖ਼ਿਲਾਫ਼ ਸ਼ਿਕਾਇਤ ਨਾ ਕਰੇ, ਸਗੋਂ ਬੈਂਕ ਨਾਲ ਮਿਲ ਕੇ ਇੱਕ ਸਾਂਝੀ ਸ਼ਿਕਾਇਤ ਪੁਲਸ ਨੂੰ ਦੇਵੇ। ਇਸ ਪੂਰੇ ਮਾਮਲੇ ਦੀ ਸੱਚਾਈ ਅਤੇ ਕਿਸ ਬੈਂਕ ਮੁਲਾਜ਼ਮ ਦੀ ਇਸ ਪਿੱਛੇ ਸਾਜ਼ਿਸ਼ ਨਿਕਲ ਕੇ ਸਾਹਮਣੇ ਆਈ ਹੈ, ਬਾਰੇ ਮੀਡੀਆ ਵਲੋਂ ਪੁੱਛੇ ਜਾਣ 'ਤੇ ਉਕਤ ਮਹਿਲਾ ਅਧਿਕਾਰੀ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਸ 'ਤੇ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਸਾਫ਼ ਜ਼ਾਹਰ ਸੀ ਕਿ ਬੈਂਕ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਆਪਣੇ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਖ਼ੀਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਰਿਹਾ ਹੈ ਤਾਂ ਜੋ ਉਸ ਦੇ ਲੱਖਾਂ ਰੁਪਏ ਦੇ ਹੋਏ ਨੁਕਸਾਨ ਦੀ ਜਲਦ ਤੋਂ ਜਲਦ ਭਰਪਾਈ ਹੋ ਸਕੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News