'Elante Mall' 'ਚ ਪਲਟ ਗਈ Toy Train, ਝੂਟੇ ਲੈ ਰਹੇ ਬੱਚੇ ਦੀ ਹੋ ਗਈ ਦਰਦਨਾਕ ਮੌਤ

Monday, Jun 24, 2024 - 04:24 AM (IST)

'Elante Mall' 'ਚ ਪਲਟ ਗਈ Toy Train, ਝੂਟੇ ਲੈ ਰਹੇ ਬੱਚੇ ਦੀ ਹੋ ਗਈ ਦਰਦਨਾਕ ਮੌਤ

ਚੰਡੀਗੜ੍ਹ/ਨਵਾਂਸ਼ਹਿਰ (ਸੁਸ਼ੀਲ) : ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਇਲਾਕੇ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਐਲਾਂਟੇ ਮਾਲ ’ਚ ਟੁਆਏ ਟਰੇਨ ਪਲਟ ਗਈ ਤੇ ਟਰੇਨ ਦੇ ਪਿਛਲੇ ਡੱਬੇ ’ਚ ਬੈਠਾ 11 ਸਾਲ ਦਾ ਬੱਚਾ ਡਿੱਗ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚੇ ਨੂੰ ਜੀ.ਐੱਮ.ਸੀ.ਐੱਚ.-32 ’ਚ ਦਾਖਲ ਕਰਵਾਇਆ, ਜਿੱਥੇ ਸਵੇਰੇ ਚਾਰ ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਨਵਾਂਸ਼ਹਿਰ ਦੇ ਰਹਿਣ ਵਾਲੇ 11 ਸਾਲਾ ਸ਼ਾਹਬਾਜ਼ ਵਜੋਂ ਹੋਈ ਹੈ। ਪੁਲਿਸ ਨੇ ਟੁਆਏ ਟਰੇਨ ਨੂੰ ਜ਼ਬਤ ਕਰ ਲਿਆ ਹੈ। ਜਤਿੰਦਰ ਪਾਲ ਦੀ ਸ਼ਿਕਾਇਤ ’ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਸ ਨੇ ਟੁਆਏ ਟਰੇਨ ਦੇ ਸੰਚਾਲਕ ਸੌਰਭ, ਵਾਸੀ ਬਾਪੂਧਾਮ ਅਤੇ ਕੰਪਨੀ ਦੇ ਮਾਲਕਾਂ ਖ਼ਿਲਾਫ਼ ਗਲਤ ਇਰਾਦੇ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪਰਿਵਾਰਕ ਮੈਂਬਰ ਬੱਚੇ ਦੀ ਮ੍ਰਿਤਕ ਦੇਹ ਲੈ ਕੇ ਨਵਾਂਸ਼ਹਿਰ ਲਈ ਰਵਾਨਾ ਹੋ ਗਏ।

ਜਾਣਕਾਰੀ ਮੁਤਾਬਕ ਨਵਾਂਸ਼ਹਿਰ ਦਾ ਰਹਿਣ ਵਾਲਾ ਜਤਿੰਦਰ ਪਾਲ ਸਿੰਘ ਸ਼ਨੀਵਾਰ ਨੂੰ ਆਪਣੇ ਦੋ ਬੱਚਿਆਂ, ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ਘੁੰਮਣ ਆਇਆ ਹੋਇਆ ਸੀ। ਸ਼ਨੀਵਾਰ ਰਾਤ ਕਰੀਬ 8 ਵਜੇ ਦੋਵੇਂ ਪਰਿਵਾਰਕ ਮੈਂਬਰ ਸੈਰ ਕਰਨ ਅਤੇ ਖਰੀਦਦਾਰੀ ਕਰਨ ਲਈ ਏਲਾਂਟੇ ਮਾਲ ਪਹੁੰਚੇ। ਮਾਲ ਦੇ ਅੰਦਰ ਗਰਾਊਂਡ ਫਲੋਰ ’ਤੇ ਟੁਆਏ ਟਰੇਨ ਨੂੰ ਦੇਖ ਕੇ 11 ਸਾਲਾ ਸ਼ਾਹਬਾਜ਼ ਅਤੇ ਨਵਦੀਪ ਦੇ ਬੇਟੇ ਨੇ ਉਸ ’ਚ ਝੂਲਾ ਲੈਣ ਲਈ ਕਿਹਾ। ਜਤਿੰਦਰ ਅਤੇ ਨਵਦੀਪ ਦੋਵੇਂ ਬੱਚਿਆਂ ਨੂੰ ਟੁਆਏ ਟਰੇਨ ਵਿਚ ਝੂਲੇ ਦੇਣ ਲਈ ਰਾਜ਼ੀ ਹੋ ਗਏ। ਜਤਿੰਦਰ ਪਾਲ ਨੇ ਦੋਵਾਂ ਬੱਚਿਆਂ ਦੀ ਸਵਾਰੀ ਲਈ 400 ਰੁਪਏ ਦਿੱਤੇ ਪਰ ਚਾਲਕ ਨੇ ਪਰਚੀ ਨਹੀਂ ਦਿੱਤੀ। ਸ਼ਾਹਬਾਜ਼ ਅਤੇ ਦੂਜਾ ਬੱਚਾ ਟੁਆਏ ਟਰੇਨ ਦੇ ਆਖਰੀ ਡੱਬੇ ਵਿਚ ਬੈਠੇ। ਆਪਰੇਟਰ ਸੌਰਵ ਟੁਆਏ ਟਰੇਨ ’ਚ ਬੈਠੇ ਬੱਚਿਆਂ ਨੂੰ ਝੂਲੇ ਦੇਣ ਲਈ ਟਰੇਨ ਦੀ ਗਰਾਊਂਡ ਫਲੋਰ ’ਤੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ- 5 ਸਾਲ, 41 ਪੇਪਰ ਲੀਕ ਦੇ ਮਾਮਲੇ, ਸੰਸਦ 'ਚ ਗੂੰਜੇਗਾ ਮੁੱਦਾ, ਸਰਕਾਰ ਨੂੰ ਚੈਨ ਨਾਲ ਨਹੀਂ ਬੈਠਣ ਦੇਵੇਗੀ ਵਿਰੋਧੀ ਧਿਰ!

ਇਸ ਦੌਰਾਨ ਅਚਾਨਕ ਟੁਆਏ ਟਰੇਨ ਦਾ ਸੰਤੁਲਨ ਵਿਗੜ ਗਿਆ ਤਾਂ ਪਿਛਲਾ ਡੱਬਾ ਪਲਟ ਗਿਆ। ਬੱਚੇ ਦਾ ਸਿਰ ਡਿੱਬੇ ਦੀ ਖਿੜਕੀ ਤੋਂ ਬਾਹਰ ਆ ਕੇ ਫਰਸ਼ ਨਾਲ ਜ਼ੋਰ ਨਾਲ ਟਕਰਾ ਗਿਆ। ਸਿਰ ’ਤੇ ਸੱਟ ਲੱਗਣ ਕਾਰਨ ਖੂਨ ਵਗਣਾ ਸ਼ੁਰੂ ਹੋ ਗਿਆ, ਜਦਕਿ ਨਵਦੀਪ ਦਾ ਬੱਚਾ ਵਾਲ-ਵਾਲ ਬਚ ਗਿਆ। ਜਤਿੰਦਰ ਪਾਲ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜ਼ਖਮੀ ਸ਼ਾਹਬਾਜ਼ ਨੂੰ ਰਾਤ 10 ਵਜੇ ਜੀ.ਐੱਮ.ਸੀ.ਐੱਚ.-32 ’ਚ ਭਰਤੀ ਕਰਵਾਇਆ। ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਬੱਚੇ ਦੇ ਸਿਰ ’ਤੇ ਸੱਟ ਲੱਗੀ ਹੈ, ਜਿਸ ਕਾਰਨ ਕਾਫੀ ਖੂਨ ਵਹਿ ਰਿਹਾ ਹੈ। ਐਤਵਾਰ ਸਵੇਰੇ ਚਾਰ ਵਜੇ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮੌਤ ਦੀ ਸੂਚਨਾ ਮਿਲਦੇ ਹੀ ਇੰਡਸਟਰੀਅਲ ਏਰੀਆ ਥਾਣਾ ਪੁਲਸ ਹਸਪਤਾਲ ਪਹੁੰਚ ਗਈ। ਪੁਲਸ ਨੇ ਡਾਕਟਰਾਂ ਦੇ ਬਿਆਨ ਦਰਜ ਕਰਕੇ ਏਲਾਂਟੇ ਮਾਲ ਤੋਂ ਟੁਆਏ ਟਰੇਨ ਜ਼ਬਤ ਕਰ ਲਈ ਹੈ। ਪੁਲਸ ਨੇ ਏਲਾਂਟੇ ਮਾਲ ਦੇ ਅੰਦਰੋਂ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਲਈ ਹੈ। ਬੱਚੇ ਨੂੰ ਟੁਆਏ ਟਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ।

ਜਾਂਚ ਤੋਂ ਪਤਾ ਲੱਗਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਟੁਆਏ ਟਰੇਨ ਵਿਚ ਸਿਰਫ਼ ਦੋ ਬੱਚੇ ਹੀ ਬੈਠੇ ਸਨ। ਜਤਿੰਦਰ ਪਾਲ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਟੁਆਏ ਟਰੇਨ ਦੇ ਡਰਾਈਵਰ ਸੌਰਭ ਅਤੇ ਟੁਆਏ ਟਰੇਨ ਚਲਾਉਣ ਵਾਲੀ ਕੰਪਨੀ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਬੱਚੇ ਦੀ ਮੌਤ ਹੋ ਹੋਈ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੱਚਿਆਂ ਦੀ ਟੁਆਏ ਟਰੇਨ ਚਲਾਉਣ ਦਾ ਠੇਕਾ ਐਲਾਂਟੇ ਮਾਲ ਨੇ ਕੰਪਨੀ ਨੂੰ ਦਿੱਤਾ ਹੈ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਟੁਆਏ ਟਰੇਨ ਦੇ ਡਰਾਈਵਰ ਸੌਰਵ ਅਤੇ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News