ਸਾਈਕਲ ’ਤੇ ਘੁੰਮ ਸਰਕਾਰ ਖਿਲਾਫ ਨਵੇਕਲੇ ਢੰਗ ਨਾਲ ਰੋਸ ਮਾਰਚ ਕਰ ਰਿਹੈ ਇਹ ਨੌਜਵਾਨ (ਵੀਡੀਓ)

Wednesday, Mar 04, 2020 - 02:39 PM (IST)

ਫਰੀਦਕੋਟ (ਜਗਤਾਰ) - ਭ੍ਰਿਸ਼ਟਾਚਾਰ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪਰੇਸ਼ਾਨ ਹਰ ਇਨਸਾਨ ਅੱਜ ਦੇ ਸਮੇਂ ’ਚ ਸਰਕਾਰ ਖਿਲਾਫ ਰੋਸ ਮਾਰਚ ਅਤੇ ਧਰਨੇ ਕਰਨ ਨੂੰ ਮਜ਼ਬੂਰ ਹੋ ਰਿਹਾ ਹੈ।  ਉਸੇ ਤਰ੍ਹਾਂ ਗੁਰਦਾਸਪੁਰ ਜ਼ਿਲੇ ਦਾ ਇਕ ਨੌਜਵਾਨ ਪੰਜਾਬ ’ਚ ਸਰਕਾਰੀ ਨੌਕਰੀਆਂ ’ਤੇ ਹੁੰਦੀ ਠੇਕਾ ਅਧਾਰਿਤ ਭਰਤੀ ਦੇ ਵਿਰੋਧ ’ਚ ਸਰਕਾਰ ਦੇ ਖਿਲਾਫ ਨਵੇਕਲੇ ਢੰਗ ਨਾਲ ਰੋਸ ਮਾਰਚ ਕਰ ਰਿਹਾ ਹੈ। ਗੁਰਦਾਸਪੁਰ ਜ਼ਿਲੇ ’ਚ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਰੋਸ ਕਰਨ ਦਾ ਤਰੀਕਾ ਬਹੁਤ ਹੀ ਵੱਖਰਾ ਹੈ। ਇਹ ਨੌਜਵਾਨ ਸਾਈਕਲ ’ਤੇ ਸਵਾਰ ਹੋ ਕੇ ਕਾਲੇ ਕੱਪੜੇ ਪਾ, ਸਾਈਕਲ ’ਤੇ ਕਾਲਾ ਝੰਡਾ ਲਗਾ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਲੋਗਨ ਲਿਖੇ ਬੈਨਰ ਲਗਾ ਕੇ ਵੱਖ-ਵੱਖ ਸ਼ਹਿਰਾਂ ’ਚ ਇਕੱਠਾ ਹੀ ਘੁੰਮ ਰਿਹਾ ਹੈ। ਉਕਤ ਨੌਜਵਾਨ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟ ਕਰਦੇ ਹੋਏ ਲੋਕਾਂ ਨੂੰ ਭ੍ਰਿਸ਼ਟਾਚਾਰ ਖਿਲਾਫ ਜਾਗਰੂਕ ਵੀ ਕਰ ਰਿਹਾ ਹੈ। 

PunjabKesari

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਕਤ ਨੌਜਵਾਨ ਨੇ ਕਿਹਾ ਕਿ ਉਹ ਪੰਜਾਬ ਦੇ ਸੰਗਰੂਰ, ਸਨਾਮ, ਭਵਾਨੀਗੜ੍ਹ, ਬਰਨਾਲਾ, ਬਠਿੰਡਾ ਤੋਂ ਹੁੰਦਾ ਹੋਇਆ ਅੱਜ ਫਰੀਦਕੋਟ ਪਹੁੰਚਿਆ ਹੈ। ਇਸ ਤੋਂ ਬਾਅਦ ਫਿਰੋਜ਼ਪੁਰ ਜ਼ਿਲੇ ’ਚ ਜਾਵੇਗਾ। ਉਸ ਨੇ ਦੱਸਿਆ ਕਿ ਉਹ ਇਕ ਸ਼ਹਿਰ ਵਿਚ ਇਕ ਦਿਨ ਰਹਿੰਦਾ ਹੈ, ਜਿਸ ਦੌਰਾਨ ਉਹ ਲੋਕਾਂ ਨੂੰ ਭ੍ਰਿਸ਼ਟਾਚਾਰ ਖਿਲਾਫ ਜਾਗਰੂਕ ਕਰਦਾ ਹੈ। ਉਸ ਨੇ ਕਿਹਾ ਕਿ ਇਸ ਸਮੇਂ ਸਰਕਾਰ ਚਲਾਉਣ ਵਾਲਿਆਂ ਦੀ ਗਲਤ ਨੀਤੀਆਂ ਦੇ ਕਾਰਨ ਪੰਜਾਬ ਅੰਦਰ ਸਰਕਾਰੀ ਨੌਕਰੀਆਂ ਬਿਲਕੁਲ ਖਤਮ ਹੋ ਗਈਆਂ ਹਨ। ਸਰਕਾਰ ਸਿਰਫ ਠੇਕਾ ਅਧਾਰ ’ਤੇ ਹੀ ਭਰਤੀਆਂ ਕਰ ਰਹੀ ਹੈ, ਜਿਨ੍ਹਾਂ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਦਿੱਤੀ ਜਾ ਰਹੀ ਇਸ ਤਨਖਾਹ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਸਰਕਾਰ ਲੋਕਾਂ ’ਤੇ ਵੱਖ-ਵੱਖ ਤਰ੍ਹਾਂ ਦੇ ਨਵੇਂ ਟੈਕਸ ਲਗਾ ਕੇ ਮਹਿੰਗਾਈ ਵਧਾ ਰਹੀ ਹੈ। ਉਸ ਨੇ ਕਿਹਾ ਕਿ ਉਸ ਨੂੰ ਸਰਕਾਰ ਤੋਂ ਤਾਂ ਬਹੁਤ ਆਸਾਂ ਹਨ ਪਰ ਸਰਕਾਰ ਚਲਾਉਣ ਵਾਲਿਆਂ ਤੋਂ ਕੋਈ ਆਸ ਨਹੀਂ।
 


author

rajwinder kaur

Content Editor

Related News