ਬੇਅਦਬੀ ਮਾਮਲੇ ਨੂੰ ਲੈ ਕੇ ਬੀਬੀ ਜਗੀਰ ਕੌਰ ਵੱਲੋਂ ਜੌਲੀਆਂ ਗੁਰੂ ਘਰ ਦਾ ਦੌਰਾ
Tuesday, Jun 29, 2021 - 09:30 PM (IST)
ਭਵਾਨੀਗੜ੍ਹ(ਵਿਕਾਸ)- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਮੰਗਲਵਾਰ ਨੂੰ ਜੌਲੀਆਂ ਪਿੰਡ ਦੇ ਗੁਰੂ ਘਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਗੁਰੂਦੁਆਰਾ ਸਾਹਿਬ ਵਿੱਚ ਸ੍ਰੀ ਗ੍ਰੰਥ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੀ ਘਟਨਾ ਨੂੰ ਅਤਿ ਘਿਨੋਣੀ ਕਰਾਰ ਦਿੰਦਿਆਂ ਗਹਿਰਾ ਅਫਸੋਸ ਜਾਹਿਰ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਆਖਿਆ ਕਿ ਸਿੱਖ ਧਰਮ ਦੁਨੀਆਂ ਵਿੱਚ ਇੱਕ ਬਹੁਤ ਵੱਡੇ ਸਿਧਾਂਤਾਂ ਅਤੇ ਮਰਿਆਦਾ ਵਿੱਚ ਚੱਲਣ ਵਾਲਾ ਧਰਮ ਹੈ ਪ੍ਰੰਤੂ ਕੁਝ ਸਮਾਜ ਵਿਰੋਧੀ ਤਾਕਤਾਂ ਉਸ ਦੀਆਂ ਮਰਿਆਦਾਵਾਂ, ਸਿਧਾਂਤਾਂ ਅਤੇ ਕਦੇ ਪਾਵਨ ਗ੍ਰੰਥਾਂ ਉਪਰ ਵਾਰ ਕਰ ਰਹੀਆਂ ਹਨ ਜੋ ਅਤਿ ਨਿੰਦਣਯੋਗ ਅਤੇ ਸਿੱਖ ਕੌਮ ਲਈ ਘਾਤਕ ਹਨ।
ਪੜ੍ਹੋ ਇਹ ਵੀ ਖ਼ਬਰ- ਖੰਨਾ ਨੇ ਆਪਣੀ ਕਿਤਾਬ ‘ਆਈ ਐਮ ਏ ਕੋਰੋਨਾ ਸਰਵਾਇਵਰ’ ਪੰਜਾਬ ਦੇ ਗਵਰਨਰ ਨੂੰ ਕੀਤੀ ਭੇਂਟ
ਉਨ੍ਹਾਂ ਅਜਿਹੀਆਂ ਸਭ ਸਾਜਿਸ਼ਾਂ ਤੋਂ ਬਚਣ ਲਈ ਸਿੱਖ ਕੌਮ ਨੂੰ ਸੁਚੇਤ ਅਤੇ ਇੱਕਮੁਠ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੌਲੀਆਂ ਗੁਰੂ ਘਰ 'ਚ ਵਾਪਰੀ ਘਟਨਾ ਨਾਲ ਸਿੱਖ ਕੌਮ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ ਅਤੇ ਘਟਨਾ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਪੰਜ ਮੈਂਬਰੀ ਕਮੇਟੀ ਨੇ ਸੰਗਰੂਰ ਦੇ ਐੱਸਐਸਪੀ ਨੂੰ ਮਿਲ ਕੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੀ ਔਰਤ ਖ਼ਿਲਾਫ਼ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕਰਨ ਦੇ ਨਾਲ ਉਸ 'ਤੇ ਟਾਡਾ ਦੀ ਤਰ੍ਹਾਂ ਯੂ.ਏ.ਪੀ.ਏ. ਲਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਅੱਗ ਦੀ ਘਟਨਾ ਨਾਲ ਸ੍ਰੀ ਦਰਬਾਰ ਸਾਹਿਬ ਦੇ ਹੋਏ ਨੁਕਸਾਨ ਦੀ ਸੇਵਾ ਸੰਭਾਲ ਲਈ ਗੁਰੂ ਘਰ ਦੀ ਕਮੇਟੀ ਨੂੰ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਦੇ ਨਾਲ ਹੀ ਘਟਨਾ ਦੌਰਾਨ ਸ੍ਰੀ ਦਰਬਾਰ ਸਾਹਿਬ ਵਿੱਚ ਬਣੇ ਸੱਚਖੰਡ ਹਾਲ 'ਚ ਪਏ ਪਾਵਨ ਸਰੂਪਾਂ ਨੂੰ ਅਗਨ ਭੇਟ ਹੋਣ ਤੋਂ ਬਚਾਉਣ ਵਾਲੇ ਨੌਜਵਾਨਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹੌਂਸਲਾ ਅਫਜਾਈ ਵਜੋਂ 13-13 ਹਜ਼ਾਰ ਰੁਪਏ ਦੇ ਚੈੱਕ ਮੌਕੇ 'ਤੇ ਦਿੱਤੇ ਅਤੇ ਨਾਲ ਹੀ ਗੁਰੂ ਘਰ ਵਿੱਚ ਦੋ ਸੇਵਾਦਾਰਾਂ ਦੀ ਨਿਯੁਕਤੀ ਕਰਨ ਦਾ ਵੀ ਐਲਾਣ ਕੀਤਾ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਇਸ ਮੌਕੇ ਜਥੇਦਾਰ ਬੂਟਾ ਸਿੰਘ ਭੁਪਿੰਦਰ ਸਿੰਘ ਭਲਵਾਨ, ਸਤਵਿੰਦਰ ਸਿੰਘ ਟੌਹੜਾ, ਤੇਜਾ ਸਿੰਘ, ਬੀਬੀ ਮਲਕੀਤ ਕੌਰ, ਸਿਮਰਜੀਤ ਸਿੰਘ ਕੰਗ, ਭੋਲਾ ਸਿੰਘ ਹੀਰੇਵਾਲਾ, ਤਰਸੇਮ ਸਿੰਘ ਬਲਿਆਲ, ਕਰਮ ਸਿੰਘ ਅਹਿਰਵਾਂ, ਕਵੀਸਰ ਜੀਵਨ ਸਿੰਘ ਘਰਾਚੋਂ ਤੇ ਕੁਲਵੰਤ ਜੌਲੀਆਂ ਆਦਿ ਵੀ ਹਾਜ਼ਰ ਸਨ।