ਏਅਰ ਇੰਡੀਆ ਜਹਾਜ਼ ਦੇ ਹਾਦਸਾਗ੍ਰਸ਼ਤ ਹੋਣ ''ਤੇ ਬੀਬੀ ਜਗੀਰ ਕੌਰ ਪ੍ਰਗਟਾਇਆ ਦੁੱਖ
Thursday, Jun 12, 2025 - 11:12 PM (IST)

ਜਲੰਧਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਜਰਾਤ ਦੇ ਅਹਿਮਦਾਬਾਦ ਦੇ ਰਿਹਾਇਸ਼ੀ ਇਲਾਕੇ ‘ਤੇ ਏਅਰ ਇੰਡੀਆ ਦੇ ਜਹਾਜ਼ ਹਾਦਸਾਗ੍ਰਸ਼ਤ ਹੋਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਇਸ ਬੇਹੱਦ ਦੁਖਦਾਇਕ ਘਟਨਾ ਬਾਰੇ ਆਪਣੇ ਮਨ ਦੀ ਵੇਦਨਾ ਸਾਂਝੀ ਕਰਦਿਆ ਕਿਹਾ ਕਿ ਇਸ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਦੇ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।ਇਸੇ ਹੀ ਜਹਾਜ਼ ਵਿੱਚ ਗੁਜਰਾਤ ਦੇ ਸਾਬਕਾ ਮੁਖ ਮੰਤਰੀ ਵਿਜੈ ਰੂਪਾਨੀ ਦੇ ਹੋਏ ਦੇਹਾਂਤ ‘ਤੇ ਵੀ ਦੁੱਖ ਪ੍ਰਗਟਾਉਂਦਿਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਲ 2023 ਜਲੰਧਰ ਲੋਕ ਸਭਾ ਹਲਕੇ ਦੀ ਹੋਈ ਉਪ ਚੋਣ ਸਮੇਂ ਵਿਜੈ ਰੂਪਾਨੀ ਨੂੰ ਮਿਲਣ ਦਾ ਮੌਕਾ ਮਿਲਿਆ ਸੀ।ਭਾਜਪਾ ਹਾਈਕਮਾਂਡ ਨੇ ਉਨ੍ਹਾਂ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਇਆ ਹੋਇਆ ਸੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਜਦੋਂ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਥ ਤੇ ਪੰਜਾਬ ਦੇ ਹੋਰ ਮਾਮਲਿਆਂ ਨੂੰ ਵਿਜੈ ਰੂਪਾਨੀ ਦੇ ਸਨਮੁੱਖ ਰੱਖਿਆ ਸੀ ਤਾਂ ਉਨ੍ਹਾਂ ਨੇ ਪੰਜਾਬ ਦੇ ਮਸਲਿਆਂ ਨੂੰ ਜਾਣਨ ਲਈ ਬੜੀ ਹੀ ਗੰਭੀਰਤਾ ਦਿਖਾਈ ਸੀ। ਵਿਜੈ ਰੂਪਾਨੀ ਨੂੰ ਭਾਜਪਾ ਦੇ ਦੂਰਅੰਦੇਸ਼ੀ ਆਗੂ ਦੱਸਦਿਆ ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਚੰਗੇ ਗੁਣਾਂ ਵਾਲੇ ਆਗੂ ਦਾ ਦੇਹਾਂਤ ਹੁੰਦਾ ਹੈ ਤਾਂ ਦੇਸ਼ ਤੇ ਸੂਬੇ ਨੂੰ ਹਮੇਸ਼ਾਂ ਹੀ ਅਜਿਹੇ ਆਗੂਆਂ ਦੀ ਘਾਟ ਰੜਕਦੀ ਰਹਿੰਦੀ ਹੈ।
ਬੀਬੀ ਜਗੀਰ ਕੌਰ ਨੇ ਇਸ ਹਾਦਸਾਗ੍ਰਸ਼ਤ ਜਹਾਜ਼ ਵਿੱਚ ਸਵਾਰ ਇੰਗਲੈਂਡ,ਕਨੇਡਾ,ਡੱਚ ਅਤੇ ਭਾਰਤੀ ਯਾਤਰੂ ਵੀ ਸਵਾਰ ਸਨ।ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਜਹਾਜ਼ ਬਹੁਤ ਹੀ ਘੱਟ ਹਾਦਸਾਗ੍ਰਸ਼ਤ ਹੁੰਦੇ ਹਨ ਤੇ ਇਸੇ ਲਈ ਦੁਨੀਆਂ ਵਿੱਚ ਜਹਾਜ਼ ਦੇ ਸਫਰ ਨੂੰ ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਜਦੋਂ ਇਹ ਭਾਣਾ ਵਾਪਰਦਾ ਹੈ ਤਾਂ ਫਿਰ ਤਬਾਹੀ ਮਚਾ ਦਿੰਦਾ ਹੈ।ਉਨ੍ਹਾਂ ਇਸ ਜਹਾਜ਼ ਵਿੱਚ ਮਾਰੇ ਗਏ ਯਾਤਰੂਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਵਾ ਕੀਤੀ।