ਸਾਈਪ੍ਰਿਸ ''ਚ ਫਸੇ 120 ਨੌਜਵਾਨਾਂ ਦਾ ਮੁੱਦਾ ਕੇਂਦਰੀ ਮੰਤਰੀ ਬੀਬੀ ਬਾਦਲ ਕੋਲ ਪੁੱਜਾ

Friday, Jul 03, 2020 - 11:34 PM (IST)

ਬਠਿੰਡਾ : ਕੋਰੋਨਾ ਕਾਰਨ ਸਾਈਪ੍ਰਿਸ 'ਚ ਫਸੇ ਵਿਦਿਆਰਥੀਆਂ ਤੇ ਕਾਮਿਆਂ ਦਾ ਮੁੱਦਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਦਰਬਾਰ 'ਚ ਪੁੱਜ ਗਿਆ ਹੈ। ਬੀਬੀ ਬਾਦਲ ਵੱਲੋਂ ਇਸ ਮੁੱਦੇ 'ਤੇ ਗੰਭੀਰਤਾ ਦਿਖਾਉਂਦਿਆਂ ਤੁਰੰਤ ਇਸ ਬਾਰੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਸਾਈਪ੍ਰਿਸ 'ਚ ਫਸੇ ਵਿਦਿਆਰਥੀਆਂ ਤੇ ਕਾਮਿਆਂ ਨੂੰ ਵਾਪਸ ਲਿਆਉਂਣ ਦਾ ਭਰੋਸਾ ਦਿਵਾਇਆ ਗਿਆ। ਇਹ ਮੁੱਦਾ ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਰਾਹੀਂ ਬੀਬੀ ਬਾਦਲ ਦੇ ਧਿਆਨ 'ਚ ਲਿਆਂਦਾ। ਸਾਈਪ੍ਰਿਸ 'ਚ ਫਸੇ ਵਿਦਿਆਰਥੀਆਂ ਤੇ ਕਾਮਿਆਂ ਦੀ ਬੀਬੀ ਬਾਦਲ ਕੋਲ ਪੁੱਜੀ ਸੂਚੀ 'ਚ 120 ਨਾਮ ਸ਼ਾਮਲ ਹਨ, ਜਿੰਨਾਂ ਦੇ ਪਰਿਵਾਰਾਂ ਦੇ ਇਕ ਵਫਦ ਨੇ ਅੱਜ ਰੋਮਾਣਾ ਤੇ ਧਾਲੀਵਾਲ ਦੀ ਅਗਵਾਈ 'ਚ ਬੀਬੀ ਬਾਦਲ ਨੂੰ ਮਿਲ ਕੇ ਆਪਣੇ ਦੁੱਖੜੇ ਸੁਣਾਏ।

PunjabKesari

ਇਸ ਮੌਕੇ ਬੀਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਵਿਦੇਸ਼ਾਂ 'ਚ ਵਸੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਤੇ ਹਮੇਸ਼ਾਂ ਅਕਾਲੀ ਦਲ ਨੇ ਹੀ ਦੂਸਰੇ ਰਾਜਾਂ 'ਚ ਵਸੇ ਤੇ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੇ ਮੁੱਦਿਆਂ ਨੂੰ ਕੇਂਦਰ ਸਰਕਾਰ ਕੋਲ ਉਠਾਇਆ ਤੇ ਇਨ੍ਹਾਂ ਮੁੱਦਿਆਂ 'ਤੇ ਪਹਿਰੇਦਾਰੀ ਵੀ ਕੀਤੀ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਰੁਮਾਣਾ ਨੇ ਕਿਹਾ ਕਿ ਪੰਜਾਬ ਤੋਂ ਵੱਖ-ਵੱਖ ਦੇਸ਼ਾਂ 'ਚ ਪੜਾਈ ਲਈ ਗਏ ਨੌਜਵਾਨਾਂ ਦੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਯੂਥ ਵਿੰਗ ਕੰਮ ਕਰੇਗਾ ਤੇ ਵਿਦੇਸ਼ਾਂ 'ਚ ਯੂਥ ਵਿੰਗ ਦੇ ਯੂਨਿਟ ਕਾਇਮ ਕਰਕੇ ਵਿਦਿਆਰਥੀਆਂ ਦੇ ਹਿੱਤਾਂ ਲਈ ਆਉਂਦੇ ਸਮੇਂ 'ਚ ਅਹਿਮ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਪੰਜਾਬ ਤੋਂ ਲੱਖਾਂ ਵਿਦਿਆਰਥੀਆਂ ਪੜਾਈ ਲਈ ਗਏ ਹੋਏ ਹਨ, ਜਿੰਨਾਂ ਨੂੰ ਕੋਰੋਨਾ ਕਾਰਨ ਕਈ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ਾਂ 'ਚ ਪੰਜਾਬੀ ਵਿਦਿਆਰਥੀਆਂ ਦੀ ਮੱਦਦ ਲਈ ਅੱਗੇ ਆਉਂਣ। ਇਸੇ ਦੌਰਾਨ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਧਾਲੀਵਾਲ ਨੇ ਦੱਸਿਆ ਕਿ ਮੀਡੀਆ ਰਾਹੀਂ ਸਾਈਪ੍ਰਿਸ 'ਚ ਫਸੇ ਤੇ ਦੁੱਖਾਂ 'ਚ ਘਿਰੇ ਨੌਜਵਾਨਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਵਟਸਐਪ ਰਾਹੀਂ ਸਾਈਪ੍ਰਿਸ 'ਚ ਫਸੇ ਨੌਜਵਾਨਾਂ ਨਾਲ ਸੰਪਰਕ ਬਣਾਇਆ ਤੇ ਇਸ ਤੋਂ ਬਾਅਦ ਮਾਪਿਆਂ ਨਾਲ ਸੰਪਰਕ ਬਣਾ ਕੇ ਅੱਜ ਵਫਦ ਲੈ ਕੇ ਬੀਬੀ ਬਾਦਲ ਤੱਕ ਪਹੁੰਚ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਬੀਬੀ ਬਾਦਲ ਵੱਲੋਂ ਇਸ ਸੂਚੀ 'ਚੋਂ ਸਭ ਤੋਂ ਪਹਿਲਾਂ ਜਿਹੜੇ ਵਿਦਿਆਰਥੀਆਂ ਜਾਂ ਕਾਮੇ ਬੇਘਰ ਹੋ ਕੇ ਬੀਚ ਜਾਂ ਚਰਚ 'ਚ ਦਿਨ ਕੱਟ ਕਰ ਰਹੇ ਹਨ, ਉਨ੍ਹਾਂ ਨੂੰ ਸੂਚੀ 'ਚ ਉਪਰ ਸ਼ਾਮਲ ਕਰਨ ਬਾਰੇ ਆਖਿਆ ਤੇ ਇਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਵੀ ਵਾਪਸ ਲਿਆਉਂਣ ਦਾ ਭਰੋਸਾ ਦਿੱਤਾ। ਬੀਬੀ ਬਾਦਲ ਵੱਲੋਂ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਹਰ ਮੱਦਦ ਦਾ ਭਰੋਸਾ ਦਿੱਤਾ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੀ ਬੀਬੀ ਬਾਦਲ ਦਾ ਧੰਨਵਾਦ ਕੀਤਾ।



 


Deepak Kumar

Content Editor

Related News