ਭੁਲੱਥ ''ਚ ਸਵਾਈਨ ਫਲੂ ਨੇ ਪੈਰ ਪਸਾਰੇ, 23 ਸਾਲਾ ਵਿਆਹੁਤਾ ਦੀ ਮੌਤ

02/08/2019 4:29:33 PM

ਭੁਲੱਥ (ਰਜਿੰਦਰ)—ਹਲਕਾ ਭੁਲੱਥ 'ਚ ਸਵਾਈਨ ਫਲੂ ਨੇ ਪੈਰ ਪਸਾਰ ਲਏ ਹਨ ਤੇ ਇਹ ਫਲੂ ਹੁਣ ਲੋਕਾਂ ਨੂੰ ਮੌਤ ਦੀ ਲਪੇਟ 'ਚ ਲਿਜਾ ਰਿਹਾ ਹੈ। ਭੁਲੱਥ ਤੋਂ ਨੇੜਲੇ ਪਿੰਡ ਪੰਡੋਰੀ ਅਰਾਈਆ ਦੀ ਨਿਵਾਸੀ 23 ਸਾਲਾ ਵਿਆਹੁਤਾ ਔਰਤ ਰਾਜਨਜੀਤ ਕੌਰ ਦੀ ਸਵਾਈਨ ਫਲੂ ਨਾਲ ਮੌਤ ਹੋਣ ਬਾਰੇ ਪੁਸ਼ਟੀ ਹੋਈ ਹੈ। ਇਸ ਸਬੰਧੀ ਮ੍ਰਿਤਕਾ ਦੇ ਪਤੀ ਮਾਨ ਸਿੰਘ ਨੇ ਦੱਸਿਆ ਕਿ 2 ਫਰਵਰੀ ਨੂੰ ਉਸ ਦੀ ਪਤਨੀ ਰਾਜਨਜੀਤ ਕੌਰ ਨੂੰ ਖਾਂਸੀ, ਜੁਕਾਮ ਹੋਇਆ ਸੀ। ਜਿਸ ਦੇ ਇਲਾਜ ਲਈ ਉਹ ਪਹਿਲਾਂ ਭੁਲੱਥ ਦੇ ਨਿੱਜੀ ਹਸਪਤਾਲ ਗਏ। ਜਿਥੋਂ ਉਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪਰ ਪਤਨੀ ਦੀ ਸਿਹਤ ਵਿਚ ਸੁਧਾਰ ਨਾ ਆਉਂਦਾ ਵੇਖ ਕੇ ਅਸੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਕਰਵਾਉਣਾ ਸ਼ੁਰੂ ਕੀਤਾ। ਪਰ ਰਾਜਨਜੀਤ ਦੀ ਹਾਲਤ ਵਿਚ ਸੁਧਾਰ ਨਹੀਂ ਸੀ ਆ ਰਿਹਾ ਤੇ ਬੀਤੇ ਦਿਨੀਂ ਉਸਦੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਮ੍ਰਿਤਕਾ ਰਾਜਨਜੀਤ ਕੌਰ ਦਾ 6 ਸਾਲਾ ਲੜਕਾ ਤੇ 4 ਸਾਲਾ ਲੜਕੀ ਵੀ ਹੈ। ਦੂਜੇ ਪਾਸੇ ਪੰਡੋਰੀ ਅਰਾਈਆ 'ਚ ਸਵਾਈਨ ਫਲੂ ਨਾਲ ਔਰਤ ਦੀ ਮੌਤ ਹੋਣ ਦੀ ਖਬਰ ਜਦੋਂ ਸਿਹਤ ਵਿਭਾਗ ਕੋਲ ਪਹੁੰਚੀ ਤਾਂ ਸਿਹਤ ਵਿਭਾਗ ਨੇ ਹਰਕਤ ਵਿਚ ਆਉਂਦੇ ਪਿੰਡ ਪੰਡੋਰੀ ਅਰਾਈਆ ਪਹੁੰਚ ਕੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਸੁਚੇਤ ਕੀਤਾ। ਇਸ ਸਬੰਧੀ ਜਦੋਂ ਸਬ ਡਵੀਜਨ ਹਸਪਤਾਲ ਭੁਲੱਥ ਦੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਰਾਜਨਜੀਤ ਕੌਰ ਦੀ ਮੌਤ ਸਵਾਈਨ ਫਲੂ ਨਾਲ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਵਾਈਨ ਫਲੂ ਤਿੰਨ ਤਰ੍ਹਾਂ ਦਾ ਹੁੰਦਾ ਹੈ। ਪਹਿਲੀਆਂ ਦੋ ਕੈਟਾਗਰੀਆਂ ਵਿਚ ਹੋਏ ਸਵਾਈਨ ਫਲੂ ਦਾ ਇਲਾਜ ਅਸੀਂ ਸਬ ਡਵੀਜ਼ਨ ਹਸਪਤਾਲ ਵਿਚ ਬਣੇ ਵਾਰਡ ਵਿਚ ਕਰਦੇ ਹਾਂ ਤੇ ਕੈਟਾਗਰੀ ਸੀ ਵਾਲੇ ਮਰੀਜ਼ ਨੂੰ ਰੈਫਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਘਬਰਾਉਣ ਦੀ ਨਹੀਂ, ਸਗੋਂ ਜਾਗਰੂਕਤਾ ਦੀ ਲੋੜ ਹੈ। ਸਬ ਡਵੀਜ਼ਨ ਹਸਪਤਾਲ ਭੁਲੱਥ ਵਿਚ ਸਵਾਈਨ ਫਲੂ ਲਈ ਕੀਤੇ ਪ੍ਰਬੰਧਾਂ ਬਾਰੇ ਕੀਤੇ ਸਵਾਲ ਦੇ ਜਵਾਬ ਵਿਚ ਡਾ. ਤਰਸੇਮ ਸਿੰਘ ਨੇ ਦਸਿਆ ਕਿ ਸਾਡੇ ਕੋਲ ਭੁਲੱਥ ਹਸਪਤਾਲ ਵਿਚ ਸਵਾਈਨ ਫਲੂ ਲਈ ਆਈਸੋਲੇਸ਼ਨ ਵਾਰਡ ਹੈ ਤੇ ਇਸ ਲਈ ਲੋੜੀਦੀਆਂ ਦਵਾਈਆਂ ਵੀ ਉਪਲੱਬਧ ਹਨ। 

ਦੂਸਰੇ ਪਾਸੇ ਇਥੇ ਇਹ ਵੀ ਦੱਸਣਯੋਗ ਹੈ ਕਿ ਸਵਾਈਨ ਫਲੂ ਦਾ ਇਹ ਮਾਮਲਾ ਭੁਲੱਥ ਵਿਚ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਪਿੰਡ ਘੱਗ ਨਿਵਾਸੀ 35 ਸਾਲਾ ਵਿਆਹੁਤਾ ਔਰਤ ਹਰਪ੍ਰੀਤ ਕੌਰ ਪਤਨੀ ਕਮਲਜੀਤ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ।


Shyna

Content Editor

Related News