ਭੋਗਪੁਰ ਵਿਖੇ ਸ਼ੱਕੀ ਹਾਲਾਤ ’ਚ ਮਰੀ ਕੁੜੀ ਦਾ ਮਾਮਲਾ ਭੱਖਿਆ, ਪਰਿਵਾਰ ਵੱਲੋਂ ਸਸਕਾਰ ਤੋਂ ਇਨਕਾਰ

03/04/2021 3:49:27 PM

ਭੋਗਪੁਰ (ਰਾਜੇਸ਼ ਸੂਰੀ)-ਭੋਗਪੁਰ-ਆਦਮਪੁਰ ਸੜਕ ’ਤੇ ਪਿੰਡ ਬਿਨਪਾਲਕੇ ਨੇੜੇ ਸਥਿਤ ਇਕ ਸਕੂਲ ਵਿਚ ਬੀਤੀ 25 ਫਰਵਰੀ ਨੂੰ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। 7 ਦਿਨ ਬੀਤਣ ਬਾਅਦ ਵੀ ਮ੍ਰਿਤਕਾ ਦੇ ਪਰਿਵਾਰ ਵਾਲੇ ਮ੍ਰਿਤਕਾ ਦੀ ਲਾਸ਼ ਦਾ ਸਸਕਾਰ ਕਰਨ ਲਈ ਤਿਆਰ ਨਹੀਂ ਹੋ ਸਕੇ ਹਨ। ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁੱਤਰੀ ਦੀ ਮੌਤ ਦਾ ਕਾਰਨ ਸਪਸ਼ਟ ਨਹੀਂ ਹੈ। 

ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ

ਪਰਿਵਾਰ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਲੜਕੀ ਦੀ ਮੌਤ ਜਿਸ ਜਗ੍ਹਾ ’ਤੇ ਹੋਈ ਦੱਸੀ ਜਾ ਰਹੀ ਹੈ ਉਸ ਥਾਂ ’ਤੇ ਕੋਈ ਫਰਸ਼ ਨਹੀਂ ਹੈ। ਕੱਚੀ ਥਾਂ ’ਤੇ ਡਿਗਣ ਕਾਰਣ ਮੌਤ ਹੋ ਜਾਣਾ ਆਪਣੇ-ਆਪ ਵਿਚ ਸ਼ੱਕ ਜ਼ਾਹਰ ਕਰਦਾ ਹੈ। ਲੜਕੀ ਦੇ ਪਿਤਾ ਵਿਦੇਸ਼ ਵਿਚ ਸਨ ਅਤੇ ਲੜਕੀ ਦੀ ਮੌਤ ਦੀ ਖ਼ਬਰ ਮਿਲਣ ਕਾਰਨ ਤਿੰਨ ਦਿਨ ਪਹਿਲਾਂ ਵਿਦੇਸ਼ ਤੋਂ ਪਰਤੇ ਹਨ। ਪਰਿਵਾਰ ਵੱਲੋਂ ਕੁਝ ਦਿਨਾਂ ਤੋਂ ਮ੍ਰਿਤਕਾ ਲੜਕੀ ਦੇ ਪੋਸਟਮਾਰਟਮ ਦੀ ਰਿਪੋਰਟ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ। ਸਿਵਲ ਹਸਪਤਾਲ ਜਲੰਧਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿਚ ਲੜਕੀ ਦੀ ਮੌਤ ਦਾ ਕਾਰਨ ਗਰਦਨ ਦਾ ਮਣਕਾ ਟੁੱਟਣਾ ਦੱਸਿਆ ਗਿਆ ਹੈ ਅਤੇ ਲੜਕੀ ਦੀ ਇਕ ਲੱਤ ਵੀ ਟੁੱਟੀ ਹੋਣਾ ਪਾਇਆ ਗਿਆ ਹੈ।

ਇਹ ਵੀ ਪੜ੍ਹੋ: ਦੋਹਰੇ ਕਤਲ ਕਾਂਡ ’ਚ ਗ੍ਰਿਫ਼ਤਾਰ ਭਾਣਜੇ ਨੇ ਪੁੱਛਗਿੱਛ ਦੌਰਾਨ ਸਾਹਮਣੇ ਲਿਆਂਦਾ ਹੈਰਾਨ ਕਰਦਾ ਸੱਚ

PunjabKesari

ਇਨਸਾਫ਼ ਦੀ ਮੰਗ ਕਰਨ ਸਮਾਜਸੇਵੀ ਜੱਥੇਬੰਦੀਆਂ ਥਾਣਾ ਭੋਗਪੁਰ ਪੁੱਜੀਆਂ
ਡਿਪਸ ਸਕੂਲ ਦੀ ਵਿਦਿਆਰਥਣ ਦੀ ਸਕੂਲ ਵਿਚ ਹੋਈ ਮੌਤ ਤੋਂ 7 ਦਿਨ ਬਾਅਦ ਵੀ ਉਸ ਦੀ ਲਾਸ਼ ਦਾ ਸਸਕਾਰ ਨਾ ਕੀਤੇ ਜਾ ਸਕਣ ਅਤੇ ਇਸ ਮਾਮਲੇ ਵਿਚ ਇਕ ਸਮਾਜਿਕ ਸੰਗਠਨ ਵੱਲੋਂ ਵੀਰਵਾਰ ਥਾਣਾ ਭੋਗਪੁਰ ਦੇ ਘਿਰਾਓ ਦਾ ਐਲਾਨ ਕਰਨ ਤੋਂ ਬਾਅਦ ਅੰਬੇਡਕਰ ਸੈਨਾ ਪੰਜਾਬ (ਰਜ਼ਿ.) ਦੇ ਜ਼ਿਲਾ ਪ੍ਰਧਾਨ ਬਲਵਿੰਦਰ ਬੁੱਗਾ, ਸ੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ, ਭਗਵੰਤ ਕਲਸੀ, ਰਾਕੇਸ਼ ਕਲਸੀ, ਮ੍ਰਿਤਕਾ ਦਾ ਦਾਦਾ ਕੁਲਜੀਤ ਰਾਮ, ਪਿਤਾ ਚਰਨਜੀਤ ਮਹੇ, ਭਰਾ ਸਾਹਿਲ ਮਹੇ ਅਤੇ ਹੋਰ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਥਾਣਾ ਭੋਗਪੁਰ ਪੁੱਜੇ ਅਤੇ ਉਨ੍ਹਾਂ ਐੱਸ. ਪੀ. ਪਰਮਿੰਦਰ ਸਿੰਘ ਹੀਰ, ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਅਤੇ ਡੀ. ਐੱਸ. ਪੀ. ਸੁਖਪਾਲ ਸਿੰਘ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਦੀ ਡੂੰਘਾਈ ਤੋਂ ਜਾਂਚ ਕਰਨ ਦੀ ਮੰਗ ਕੀਤੀ। ਪੁਲਸ ਅਫਸਰਾਂ ਨੇ ਭਰੋਸਾ ਦਿੱਤਾ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਦੀ ਸੱਚ ਪਰਿਵਾਰ ਦੇ ਸਾਹਮਣੇ ਰੱਖ ਦੇਣਗੇ।

ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ

ਜਲੰਧਰ ਦਿਹਾਤੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ
ਦਿਹਾਤੀ ਪੁਲਸ ਲਈ ਵੱਡੀ ਸਿਰਦਰਦੀ ਬਣਦੇ ਜਾ ਰਹੇ ਇਸ ਮਾਮਲੇ ਵਿਚ ਜਲੰਧਰ ਦਿਹਾਤੀ ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਇਕ ਐੱਸ. ਪੀ. ਅਤੇ ਦੋ ਡੀ. ਐੱਸ. ਪੀਜ਼ ਦੀ ਇਕ ਕਮੇਟੀ ਬਣਾ ਦਿੱਤੀ ਗਈ ਹੈ। ਇਸ ਕਮੇਟੀ ਵਿਚ ਐੱਸ. ਪੀ. ਪਰਮਿੰਦਰ ਸਿੰਘ ਹੀਰ, ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਅਤੇ ਡੀ. ਐੱਸ. ਪੀ. ਸੁਖਪਾਲ ਸਿੰਘ ਸ਼ਾਮਲ ਹਨ। ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਨੇ ਦੱਸਿਆ ਹੈ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਪੁਲਸ ਵੱਲੋਂ ਸਕੂਲ ਵਿਚੋਂ ਅਤੇ ਇਸ ਮਾਮਲੇ ਨਾਲ ਸਬੰਧਤ ਹੋਰਨਾਂ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪਰਿਵਾਰ ਨੂੰ ਮ੍ਰਿਤਕਾ ਦੀ ਮੌਤ ਦਾ ਕਾਰਨ ਸਪਸ਼ਟ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ


shivani attri

Content Editor

Related News