ਫਿਰੋਜ਼ਪੁਰ ਤੋਂ ਬੱਚਾ ਅਗਵਾ ਕਰਕੇ ਜੰਮੂ ਲਿਜਾ ਰਹੇ ਪਿਓ-ਪੁੱਤ ਭੋਗਪੁਰ ਪੁਲਸ ਵੱਲੋਂ ਕਾਬੂ

02/23/2021 11:26:13 PM

ਭੋਗਪੁਰ,(ਰਾਜੇਸ਼ ਸੂਰੀ)- ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਤੋਂ ਇਕ ਮਾਸੂਮ ਬੱਚੇ (2 ਸਾਲ) ਨੂੰ ਅਗਵਾ ਕਰਕੇ ਜੰਮੂ ਲਿਜਾ ਰਹੇ ਪਿਓ-ਪੁੱਤਰ ਨੂੰ ਭੋਗਪੁਰ ਪੁਲਸ ਵੱਲੋਂ ਕਾਬੂ ਕਰਕੇ ਬੱਚੇ ਨੂੰ ਬਰਾਮਦ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਭੋਗਪੁਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਬੱਸ ਵਿਚ ਸਵਾਰ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਸੀ ਕਿ ਜਲੰਧਰ ਤੋਂ ਜੰਮੂ ਜਾ ਰਹੀ ਇਸ ਬੱਸ ਵਿਚ ਦੋ ਆਦਮੀ ਇਕ ਬੱਚੇ ਨੂੰ ਨਾਲ ਲੈ ਕੇ ਜੰਮੂ ਜਾ ਰਹੇ ਹਨ। ਇਹ ਬੱਚਾ ਬੁਹਤ ਜਿਆਦਾ ਰੋ ਰਿਹਾ ਹੈ ਅਤੇ ਦੇਖਣ ਤੋਂ ਇਹ ਬੱਚਾ ਦੋਨਾਂ ਆਦਮੀਆਂ ਤੋਂ ਡਰ ਰਿਹਾ ਹੈ। ਐਸ.ਐਚ.ਓ. ਵੱਲੋਂ ਤੁਰੰਤ ਕਾਰਵਾਈ ਕਰਦਿਆਂ ਭੋਗਪੁਰ ਸ਼ਹਿਰ ਵਿਚ ਇਸ ਬੱਸ ਨੂੰ ਰੁੱਕਵਾ ਕੇ ਦੋਨਾਂ ਆਦਮੀਆਂ ਅਤੇ ਬੱਚੇ ਨੂੰ ਬੱਸ ਵਿਚੋਂ ਉਤਾਰ ਕੇ ਥਾਣੇ ਲਿਜਾਇਆ ਗਿਆ। ਇਹ ਦੋਨੋਂ ਆਦਮੀ ਜੋ ਕਿ ਪਿਓ-ਪੁੱਤ ਸਨ। ਪਿਤਾ ਦਾ ਨਾਮ ਸੁਲਤਾਨੀ ਹੈ ਅਤੇ ਪੁੱਤਰ ਦਾ ਨਾਮ ਅਸ਼ੋਕ ਹੈ। ਪੁਲਸ ਵੱਲੋਂ ਸਖਤੀ ਨਾਲ ਪੁੱਛਗਿੱਛ ਕੀਤੇ ਜਾਣ 'ਤੇ ਪਿਓ-ਪੁੱਤ ਦੀ ਇਸ ਜੋੜੀ ਨੇ ਅਪਣਾ ਗੁਨਾਹ ਕਬੂਲਦਿਆਂ ਦੱਸਿਆ ਕਿ ਇਹ ਬੱਚਾ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਫਿਰੋਜ਼ਪੁਰ ਰੇਲਵੇ ਸਟੇਸ਼ਨ ਨੇੜਲੀਆਂ ਝੁੱਗੀਆਂ ਦੇ ਬਾਹਰੋਂ ਅਵਗਾ ਕੀਤਾ ਸੀ ਅਤੇ ਉਹ ਇਸ ਬੱਚੇ ਨੂੰ ਵੇਚਣ ਦੀ ਨਿਯਤ ਨਾਲ ਜੰਮੂ ਲੈ ਕੇ ਜਾ ਰਹੇ ਸਨ। ਥਾਣਾ ਮੁੱਖੀ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਥਾਣਾ ਸਦਰ ਵਿਚ ਸੰਪਰਕ ਕੀਤਾ ਗਿਆ ਅਤੇ ਇਨ੍ਹਾਂ ਪਿਓ-ਪੁੱਤ ਦੀ ਜੋੜੀ ਅਤੇ ਬੱਚੇ ਦੀ ਫੋਟੋ ਸਦਰ ਥਾਣੇ ਵਿਚ ਭੇਜੀ ਗਈ। ਸਦਰ ਥਾਣੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਕੋਲ ਇਸ ਬੱਚੇ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ਼ ਹੈ। ਭੋਗਪੁਰ ਵਿਚ ਅਗਵਾਕਾਰ ਦੋਸ਼ੀ ਬੱਚੇ ਸਮੇਤ ਪੁਲਸ ਵੱਲੋਂ ਫੜੇ ਜਾਣ ਦੀ ਸੂਚਨਾ ਮਿਲਣ 'ਤੇ ਸਦਰ ਥਾਣੇ ਦੀ ਪੁਲਸ ਪਾਰਟੀ ਭੋਗਪੁਰ ਪੁੱਜੀ। ਪੁਲਸ ਪਾਰਟੀ ਨੇ ਦੱਸਿਆ ਹੈ ਕਿ ਇਸ ਬੱਚੇ ਨੂੰ ਅਗਵਾ ਕੀਤੇ ਜਾਣ ਸਬੰਧੀ ਸਦਰ ਥਾਣੇ ਵਿਚ ਮਾਮਲਾ ਦਰਜ਼ ਹੈ। ਬੱਚੇ ਨੂੰ ਉਸ ਦੇ ਵਾਰਸਾਂ ਨੂੰ ਸੋਂਪ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਥਾਣਾ ਸਦਰ ਫਿਰੋਜ਼ਪੁਰ ਲਿਜਾਇਆ ਜਾ ਰਿਹਾ ਹੈ।


Bharat Thapa

Content Editor

Related News