ਸਕੂਟਰੀ ਦਾ ਚਲਾਨ ਹੋਣ ’ਤੇ ਚਾਚੇ ਨੇ ਭਤੀਜੇ ’ਤੇ ਕੀਤਾ ਹਮਲਾ
Sunday, Mar 15, 2020 - 01:24 PM (IST)
ਭੋਗਪੁਰ (ਸੂਰੀ) - ਭੋਗਪੁਰ ਵਿਖੇ ਚਾਚੇ ਦੀ ਸਕੂਟਰੀ ਮੰਗ ਕੇ ਸ਼ਹਿਰ ਗਏ ਭਤੀਜੇ ਦਾ ਚਲਾਨ ਹੋਣ ’ਤੇ ਚਾਚੇ ਵਲੋਂ ਭਤੀਜੇ ’ਤੇ ਹਮਲਾ ਕਰ ਦੇਣ ਦੀ ਸੂਚਨਾ ਮਿਲੀ ਹੈ। ਹਮਲੇ ਕਾਰਨ ਗੰਭੀਰ ਤੌਰ ’ਤੇ ਜ਼ਖਮੀ ਹੋਏ ਭਤੀਜੇ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਭੋਗਪੁਰ ਦੀ ਪੁਲਸ ਵਲੋਂ ਚਾਚੇ ਖਿਲਾਫ ਹਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਸ ਨੇ ਹਸਪਤਾਲ ਵਲੋਂ ਜਾਰੀ ਐੱਮ. ਐੱਲ. ਆਰ. ਅਤੇ ਪੀਡ਼ਤ ਦੇ ਬਿਆਨਾਂ ਹੇਠ ਮਨਜੀਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਦਮਨ ਥਾਪਰ ਪੁੱਤਰ ਜਸਵਿੰਦਰ ਲਾਲ ਵਾਸੀ ਬਹਿਰਾਮ ਸਰਿਸ਼ਤਾ ਨੇ ਭੋਗਪੁਰ ਪੁਲਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਉਹ ਭੋਗਪੁਰ ਦੇ ਸਰਕਾਰੀ ਸਕੂਲ ’ਚ 11ਵੀਂ ਕਲਾਸ ਦਾ ਵਿਦਿਆਰਥੀ ਹੈ। ਬੀਤੇ ਦਿਨੀਂ ਉਹ ਪਿੰਡ ਦੇ ਮੰਦਰ ਨਜ਼ਦੀਕ ਖੇਡ ਮੈਦਾਨ ’ਚ ਕ੍ਰਿਕਟ ਖੇਡ ਰਿਹਾ ਸੀ ਤਾਂ ਉਸ ਦੇ ਚਾਚੇ ਮਨਜੀਤ ਉਰਫ ਰਾਜਾ ਪੁੱਤਰ ਹਰਮੇਸ਼ ਲਾਲ ਨੇ ਉਸ ਨੂੰ ਫੋਨ ਕਰ ਕੇ ਗਾਲੀ ਗਲੋਚ ਕੀਤਾ। ਗਾਲੀ ਗਲੋਚ ਕਰਨ ਤੋਂ 10 ਮਿੰਟਾਂ ਬਾਅਦ ਮਨਜੀਤ ਕਿਰਪਾਨ ਲੈ ਕੇ ਖੇਡ ਮੈਦਾਨ ’ਚ ਆ ਗਿਆ ਅਤੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਣ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਵਲੋਂ ਰੌਲਾ ਪਾਏ ਜਾਣ ’ਤੇ ਕੁਝ ਨੌਜਵਾਨ ਉਸ ਨੂੰ ਬਚਾਉਣ ਲਈ ਆ ਗਏ ਅਤੇ ਮਨਜੀਤ ਕਿਰਪਾਨ ਲੈ ਕੇ ਮੌਕੇ ਤੋਂ ਦੌਡ਼ ਗਿਆ। ਦਮਨ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਚਾਚੇ ਦੀ ਸਕੂਟਰੀ ਲੈ ਕੇ ਜਲੰਧਰ ਗਿਆ ਸੀ, ਜਿੱਥੇ ਉਸ ਦਾ ਚਲਾਨ ਹੋ ਗਿਆ ਸੀ। ਇਸੇ ਰੰਜ਼ਿਸ਼ ਦੇ ਕਾਰਣ ਮਨਜੀਤ ਨੇ ਦਮਨ ’ਤੇ ਹਮਲਾ ਕੀਤਾ ਹੈ।