ਭਿੱਖੀਵਿੰਡ ਬਣਿਆ ਜੰਗ ਦਾ ਅਖਾੜਾ, ਦੋ ਧਿਰਾਂ ਵਿਚਾਲੇ ਹੋਈ ਅੰਨ੍ਹੇਵਾਹ ਫਾਇਰਿੰਗ
Tuesday, Sep 20, 2022 - 02:28 AM (IST)

ਭਿੱਖੀਵਿੰਡ (ਭਾਟੀਆ)-ਕਸਬਾ ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਭਗਵਾਨਪੁਰਾ ਵਿਖੇ ਆਪਸੀ ਤਕਰਾਰ ਨੂੰ ਲੈ ਕੇ ਇਕ ਧਿਰ ਵੱਲੋਂ ਭਾਰੀ ਫਾਇਰਿੰਗ ਕਰ ਕੇ ਦੂਜੀ ਧਿਰ ਦੇ ਪੰਜ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ । ਇਸ ਭਾਰੀ ਗੋਲੀਬਾਰੀ ਦੀ ਘਟਨਾ ਕਾਰਨ ਪੂਰੇ ਇਲਾਕੇ ਅੰਦਰ ਸਨਸਨੀ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਭਗਵਾਨਪੁਰਾ ਨਿਵਾਸੀ ਜਸਬੀਰ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਗੁਰਲਾਲ ਸਿੰਘ ਸਿੰਘ ਪੁੱਤਰ ਮੰਗਾ ਸਿੰਘ ਦਾ ਪਿੰਡ ਦੇ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਆਪਣੇ 20 ਤੋਂ 25 ਸਾਥੀਆਂ ਦੀ ਮੱਦਦ ਨਾਲ ਦੂਜੀ ਧਿਰ ’ਤੇ ਹਮਲਾ ਕਰਕੇ ਭਾਰੀ ਫਾਇਰਿੰਗ ਕੀਤੀ ਗਈ, ਜਿਸ ਕਾਰਨ ਸਤਨਾਮ ਸਿੰਘ ਪੁੱਤਰ ਜੀਵਨ ਸਿੰਘ, ਜਗਰੂਪ ਸਿੰਘ, ਸੁਖਦੇਵ ਸਿੰਘ ਪੁੱਤਰ ਪਾਲਾ ਸਿੰਘ ਅਤੇ ਵਿੱਕੀ ਪੁੱਤਰ ਪਾਲਾ ਸਿੰਘ , ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਸਾਰੇ ਵਾਸੀਆਨ ਪਿੰਡ ਭਗਵਾਨਪੁਰਾ ਜ਼ਖ਼ਮੀ ਹੋ ਗਏ ।
ਇਹ ਖ਼ਬਰ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, 30 ਸਤੰਬਰ ਨੂੰ ਪੰਜਾਬ ’ਚ ਕਰੇਗਾ ਚੱਕਾ ਜਾਮ
ਜ਼ਖ਼ਮੀਆਂ ਨੂੰ ਇਲਾਜ ਲਈ ਸੁਰਸਿੰਘ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਮਨਦੀਪ ਸਿੰਘ ਦੀ ਸਿਰ ’ਚ ਸੱਟ ਹੋਣ ਕਾਰਨ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਇਸ ਝਗੜੇ ’ਚ ਦਰਜਨਾਂ ਹੀ ਗੋਲ਼ੀਆਂ ਚੱਲਣ ਦੀ ਚਰਚਾ ਹੈ, ਜਦਕਿ ਪਿੰਡ ਦੇ ਲੋਕ ਸੈਂਕੜੇ ਗੋਲ਼ੀਆਂ ਚੱਲਣ ਦੀ ਗੱਲ ਕਰ ਰਹੇ ਹਨ । ਦੂਜੇ ਪਾਸੇ ਘਟਨਾ ਸਥਾਨ ’ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਸ ਨੂੰ ਘਟਨਾ ਸਥਾਨ ਤੋਂ 25 ਦੇ ਕਰੀਬ ਗੋਲ਼ੀਆਂ ਦੇ ਖੋਲ ਬਰਾਮਦ ਹੋਏ ਹਨ, ਜਦਕਿ ਪੁਲਸ ਮੁਤਾਬਕ ਹੋਰ ਵੀ ਖੋਲ ਹੋ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ’ਤੇ ਸੁਖਬੀਰ ਬਾਦਲ ਨੇ ਘੇਰੇ CM ਮਾਨ, ਕਿਹਾ-ਵਿਸ਼ਵਾਸ ਮਤੇ ਦਾ ਨਾ ਕਰੋ ਡਰਾਮਾ
ਕੀ ਕਹਿੰਦੇ ਹਨ ਥਾਣਾ ਮੁਖੀ ਭਿੱਖੀਵਿੰਡ
ਘਟਨਾ ਸਥਾਨ ’ਤੇ ਪੁੱਜੇ ਐੱਸ. ਐੱਸ. ਓ. ਭਿੱਖੀਵਿੰਡ ਚਰਨ ਸਿੰਘ ਨੇ ਦੱਸਿਆ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਦਕਿ ਪੀੜਤਾਂ ਦੇ ਬਿਆਨ ਦਰਜ ਕਰ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ।