ਭਵਾਨੀਗੜ੍ਹ ਬੱਸ ਸਟੈਂਡ ਲਈ ਨਵਜੋਤ ਸਿੱਧੂ ਨੇ ਦਿੱਤਾ 2 ਕਰੋੜ ਦਾ ਚੈੱਕ
Tuesday, Jan 15, 2019 - 03:22 PM (IST)

ਭਵਾਨੀਗੜ੍ਹ(ਕਾਂਸਲ)— ਕਾਂਗਰਸ ਪਾਰਟੀ ਨੇ ਪੰਜਾਬ ਵਿਚ ਬਦਲਾਖੋਰੀ ਦੀ ਭਾਵਨਾ ਨਾਲ ਨਹੀਂ ਸਗੋਂ ਸਕਾਰਾਤਮਕ ਰਾਜਨੀਤੀ ਕਰਕੇ ਪੰਜਾਬ ਦੀ ਜਨਤਾ ਦੀ ਭਲਾਈ ਲਈ ਕੰਮ ਕਰਨੇ ਹਨ। ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਦੀ ਲੁੱਟ ਖਸੁੱਟ, ਸਰਕਾਰੀ ਪ੍ਰਾਪਰਟੀਆਂ ਨੂੰ ਵੇਚਣ ਅਤੇ ਲੋਕਾਂ ਨੂੰ ਵਿਕਾਸ ਦੇ ਨਾਮ 'ਤੇ ਗੁੰਮਰਾਹ ਕਰਨ ਤੋਂ ਬਿਨਾਂ ਇਕ ਵੀ ਚੰਗਾ ਕੰਮ ਨਹੀਂ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਗਰੂਰ ਵਿਖੇ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਇਸ ਮੌਕੇ ਨਵੇਂ ਬੱਸ ਸਟੈਂਡ ਦੇ ਅਧੁਰੇ ਪਏ ਕੰਮ ਨੂੰ ਨੇਪਰੇ ਚੜ੍ਹਾਉਣ ਲਈ 2 ਕਰੋੜ ਰੁਪਏ ਦੀ ਗ੍ਰਾਂਟ ਦਾ ਚੈੱਕ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਸਥਾਨਕ ਨਗਰ ਕੌਂਸਲ ਨੂੰ ਦਿੱਤਾ ਹੈ।
ਸਿੱਧੂ ਨੇ ਕਿਹਾ ਕਿ ਜਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਹੋਣ ਦੇ ਬਾਵਜੂਦ ਵੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੇ-ਵੱਡੇ ਗ੍ਰਾਂਟਾਂ ਦੇ ਗੱਫੇ ਦਿੱਤੇ। ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਨੂੰ ਇਕ ਖੋਟੇ ਪੈਸੇ ਦੀ ਗ੍ਰਾਂਟ ਵੀ ਨਹੀਂ ਦਿੱਤੀ ਜਦੋਂ ਕਿ ਹੁਣ ਕੇਂਦਰ ਵਿਚ ਸ. ਬਾਦਲ ਦੀ ਨੂੰਹ ਖੁੱਦ ਵਜੀਰ ਹੈ। ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਦੇ 10 ਸਾਲ ਦੇ ਮੁਕਾਬਲੇ ਸਾਡੇ 5 ਸਾਲ 50 ਸਾਲਾਂ ਤੱਕ ਇਤਿਹਾਸਕ ਸਿੱਧ ਹੋਣਗੇ। ਸਿੱਧੂ ਨੇ ਵਿਜੈਇੰਦਰ ਸਿੰਗਲਾਂ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਭਵਾਨੀਗੜ੍ਹ ਵਿਚ ਸੀਵਰੇਜ ਦੇ ਨਿਰਮਾਣ ਲਈ 22 ਕਰੋੜ ਰਪਏ, ਸੰਗਰੂਰ ਦੇ ਬਨਸਾਰ ਬਾਗ ਸਮੇਤ ਹੋਰ ਇਤਿਹਾਸਕ ਥਾਵਾਂ ਦੇ ਨਵੀਨੀਕਰਨ ਲਈ 8 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਇਸ ਸਾਰੀ ਗ੍ਰਾਂਟ ਦੀ ਰਾਸ਼ੀ ਇਕ ਮਹੀਨੇ ਦੇ ਅੰਦਰ-ਅੰਦਰ ਦੇ ਦਿੱਤੀ ਜਾਵੇਗੀ।
ਇਸ ਮੌਕੇ ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਭਵਾਨੀਗੜ੍ਹ ਅਤੇ ਸੰਗਰੂਰ ਲਈ ਗ੍ਰਾਂਟਾ ਦੇ ਗੱਫੇ ਦੇਣ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਚਹੇਤਿਆਂ ਦੇ ਨੀਲੇ-ਪੀਲੇ ਕਾਰਡ ਬਣਾ ਕੇ ਚੰਗੇ ਰਸੂਖ ਵਾਲੇ ਵਿਅਕਤੀਆਂ ਨੂੰ ਰਾਸ਼ਨ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ ਕਾਰਨ ਅਸਲ ਗਰੀਬ ਪਰਿਵਾਰ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਗਏ ਸਨ, ਜਿਸ ਨੂੰ ਦੇਖਦੇ ਹੋਏ ਕਾਂਗਰਸ ਸਰਕਾਰ ਵੱਲੋਂ ਹੁਣ ਨੀਲੇ-ਪੀਲੇ ਕਾਰਡ ਨਹੀਂ, ਸਗੋਂ ਸਰਕਾਰ ਵੱਲੋਂ ਜਲਦ ਹੀ ਸਮਾਰਟ ਕਾਰਡ ਬਣਾਏ ਜਾਣਗੇ ਤਾਂ ਕਿ ਲੋੜਵੰਦ ਪਰਿਵਾਰਾਂ ਨੂੰ ਸਸਤੇ ਰੇਟਾਂ 'ਤੇ ਰਾਸ਼ਨ ਮਿਲੇ ਸਕੇ। ਇਸ ਮੌਕੇ ਐੱਸ.ਐੱਸ.ਪੀ ਸੰਗਰੂਰ ਡਾ. ਸੰਦੀਪ ਗਰਗ, ਸ੍ਰੀ ਘਣਸਿਆਮ ਥੋਰੀ ਜ਼ਿਲਾ ਡਿਪਟੀ ਕਮਿਸ਼ਨਰ ਸੰਗਰੂਰ, ਵਰਿੰਦਰਜੀਤ ਸਿੰਘ ਥਿੰਦ ਡੀ.ਐੱਸ.ਪੀ ਭਵਾਨੀਗੜ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।