ਸਰਹਿੰਦ ਡਰੇਨ ਦਾ ਪਾਣੀ ਓਵਰਫਲੋ, 300 ਏਕੜ ਦੇ ਕਰੀਬ ਝੋਨਾ ਪਾਣੀ ''ਚ ਡੁੱਬਿਆ

Monday, Aug 19, 2019 - 02:43 PM (IST)

ਸਰਹਿੰਦ ਡਰੇਨ ਦਾ ਪਾਣੀ ਓਵਰਫਲੋ, 300 ਏਕੜ ਦੇ ਕਰੀਬ ਝੋਨਾ ਪਾਣੀ ''ਚ ਡੁੱਬਿਆ

ਭਵਾਨੀਗੜ੍ਹ (ਵਿਕਾਸ) : ਹਿਮਾਚਲ ਤੇ ਪੰਜਾਬ ਸੂਬੇ ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਚੱਲਦਿਆਂ ਨਹਿਰਾਂ 'ਚ ਛੱਡੇ ਗਏ ਪਾਣੀ ਕਰਕੇ ਭਵਾਨੀਗੜ੍ਹ ਨੇੜਿਓਂ ਲੰਘਦੀ ਸਰਹਿੰਦ ਡਰੇਨ ਦਾ ਪਾਣੀ ਓਵਰਫਲੋ ਹੋਣ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਵਿਚ ਦਾਖਲ ਹੋ ਗਿਆ ਹੈ, ਜਿਸ ਨਾਲ ਦਰਜਨਾਂ ਪਿੰਡਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਹੈ।

PunjabKesari

ਇਸ ਸਬੰਧੀ ਕਿਸਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਹਿੰਦ ਡਰੇਨ ਦੇ ਪਾਣੀ ਕਰਕੇ ਹਰ ਸਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਉਹ ਪ੍ਰਸ਼ਾਸਨ ਨੂੰ ਕਈ ਵਾਰ ਡਰੇਨ ਦੀ ਸਫਾਈ ਅਤੇ ਡਰੇਨ ਨੂੰ ਡੂੰਘਾ ਕਰਨ ਸਬੰਧੀ ਕਹਿ ਚੁੱਕੇ ਹਨ ਪਰ ਪ੍ਰਸ਼ਾਸ਼ਨ ਹਰ ਵਾਰ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਪਰ ਮੀਂਹ ਤੋਂ ਪਹਿਲਾਂ ਡਰੇਨ ਦੇ ਕੰਢਿਆਂ ਤੋਂ ਜੰਗਲੀ ਬੂਟੀ ਵਗੈਰਾ ਪੁੱਟ ਕੇ ਖਾਨਾਪੂਰਤੀ ਜ਼ਰੂਰ ਕਰ ਦਿੱਤੀ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਬਲਾਕ ਦੇ ਮਹਿਸਮਪੁਰ, ਦਿੱਤੂਪੁਰ, ਸਕਰੌਦੀ, ਖੇੜੀ ਗਿੱਲਾਂ, ਰਸੂਲਪੁਰ ਛੰਨਾ, ਨੰਦਗੜ੍ਹ, ਖੇੜੀ ਚੰਦਵਾਂ ਆਦਿ ਪਿੰਡਾਂ ਵਿਚ ਡਰੇਨ ਦੇ ਪਾਣੀ ਨੇ ਲਗਭਗ 300 ਏਕੜ ਝੋਨੇ ਦੀ ਫਸਲ ਨੂੰ ਅਪਣੀ ਚਪੇਟ ਲੈ ਲਿਆ ਹੈ ਤੇ ਪਾਣੀ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ। ਹਾਲਾਂਕਿ ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਡਰੇਨ ਵਿਚ ਪਾਣੀ ਚੜ੍ਹਨ ਤੋਂ ਬਾਅਦ ਪ੍ਰਸ਼ਾਸਨ ਨੇ ਕੱਲ ਤੋਂ ਹੀ ਉਨ੍ਹਾਂ ਨਾਲ ਲਗਾਤਾਰ ਸੰਪਰਕ ਕੀਤਾ ਹੋਇਆ ਹੈ ਅਤੇ ਮੌਕੇ ਦਾ ਜ਼ਾਇਜਾ ਵੀ ਲਿਆ ਜਾ ਰਿਹਾ ਹੈ।

ਓਧਰ ਕਿਸਾਨ ਗੁਰਬਚਨ ਸਿੰਘ ਸਾਬਕਾ ਸਰਪੰਚ, ਨਿਹਾਲ ਸਿੰਘ ਨੰਦਗੜ੍ਹ, ਜਸਵੀਰ ਸਿੰਘ ਆਦਿ ਨੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਡਰੇਨ ਵਿਚ ਪਿਛੋਂ ਆ ਰਹੇ ਲਗਾਤਾਰ ਨਹਿਰਾਂ ਦੇ ਪਾਣੀ ਨੂੰ ਤੁਰੰਤ ਬੰਦ ਕਰਵਾਉਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਤਾਂ ਡਰੇਨ ਦਾ ਪਾਣੀ ਕਿਸਾਨਾਂ ਦੇ ਖੇਤਾਂ ਤੋਂ ਬਾਅਦ ਪਿੰਡਾਂ 'ਚ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਕੇ ਭਿਆਨਕ ਤਬਾਹੀ ਮਚਾ ਸਕਦਾ ਹੈ। ਕਿਸਾਨਾਂ ਨੇ ਡਰੇਨੇਜ਼ ਵਿਭਾਗ ਦੀ ਕਾਰਜਗੁਜ਼ਾਰੀ ਖਿਲਾਫ ਰੋਸ ਜਤਾਉਂਦਿਆਂ ਪ੍ਰਸ਼ਾਸ਼ਨ ਤੋਂ ਡਰੇਨ ਦੀ ਸਫਾਈ ਕਰਵਾਉਣ ਅਤੇ ਡਰੇਨ ਨੂੰ ਹੋਰ ਡੂੰਘਾ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਹਰ ਸਾਲ ਪਾਣੀ ਦੀ ਪੈਂਦੀ ਮਾਰ ਤੋਂ ਕਿਸਾਨ ਬੱਚ ਸਕਣ।

ਪ੍ਰਸ਼ਾਸਨ ਨੇ ਕੀਤਾ ਪ੍ਰਵਾਭਿਤ ਪਿੰਡਾਂ ਦਾ ਦੌਰਾ
ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹਿੰਦ ਡਰੇਨ ਵਿਚ ਪਾਣੀ ਦਾ ਪੱਧਰ ਪਿੱਛੋਂ ਨਹਿਰਾਂ ਦਾ ਪਾਣੀ ਛੱਡਣ ਨਾਲ ਵਧਿਆ ਹੋਇਆ ਹੈ ਜਿਸ ਨੂੰ ਲੈ ਕੇ ਅੱਜ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਅੱਜ ਸ਼ਾਮ ਤੱਕ ਡਰੇਨ 'ਚ ਪਾਣੀ ਦਾ ਪੱਧਰ ਹੇਠਾਂ ਚਲਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਦਿੱਤੀ ਜਾਵੇਗੀ।


author

cherry

Content Editor

Related News