ਮੁੱਖ ਮੰਤਰੀ ਦੇ ਸ਼ਹਿਰ ''ਚ ਅਧਿਆਪਕ 10 ਫਰਵਰੀ ਨੂੰ ਵਜਾਉਣਗੇ ਤਿੱਖੇ ਸੰਘਰਸ਼ ਦਾ ਬਿਗੁਲ
Thursday, Feb 07, 2019 - 05:27 PM (IST)

ਭਵਾਨੀਗੜ੍ਹ(ਵਿਕਾਸ)— ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 10 ਫਰਵਰੀ ਨੂੰ ਪਟਿਆਲਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਬਲਾਕ ਭਵਾਨੀਗੜ੍ਹ ਦੀ ਅਧਿਆਪਕ ਸੰਘਰਸ਼ ਕਮੇਟੀ ਦੀ ਮੀਟਿੰਗ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਹੋਈ, ਜਿਸ 'ਚ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਇਸ ਮੌਕੇ ਅਧਿਆਪਕ ਆਗੂਆਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ 'ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ' ਵਾਂਗ ਪੰਜਾਬ ਸਰਕਾਰ ਆਪਣੀ ਇਸ਼ਤਿਹਾਰਬਾਜ਼ੀ ਰਾਹੀਂ ਸਿੱਖਿਆ ਦੇ ਵਿਕਾਸ ਅਤੇ ਅਧਿਆਪਕਾਂ ਦੇ ਹਿੱਤਾਂ ਲਈ ਕੀਤੇ ਕੰਮਾਂ ਦੀ ਸੂਚੀ ਜਾਰੀ ਕਰਕੇ ਲੋਕ ਸਭਾ ਚੋਣਾਂ 'ਚ ਇਸ ਦਾ ਲਾਹਾ ਲੈਣ ਦਾ ਯਤਨ ਕਰ ਰਹੀ ਹੈ, ਪਰ ਪੰਜਾਬ ਦੀ ਸਿੱਖਿਆ ਅਤੇ ਅਧਿਆਪਕਾਂ ਦੇ ਹਾਲਾਤਾਂ ਦੀ ਅਸਲ ਤਸਵੀਰ ਬਹੁਤ ਮਾੜੀ ਹੈ, ਜਿਸ ਨੂੰ ਸੁਧਾਰਨ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ ਦੋ ਸਾਲਾਂ ਵਿਚ ਸਿਵਾਏ ਲਾਰਿਆਂ ਤੋਂ ਕੁਝ ਨਹੀਂ ਕੀਤਾ, ਜਿਸ ਨੂੰ ਲੈ ਕੇ ਸਮੁੱਚਾ ਅਧਿਆਪਕ ਵਰਗ 10 ਫਰਵਰੀ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ ਕਰ ਕੇ ਪੰਜਾਬ ਸਰਕਾਰ ਦੇ ਇਸ ਦੋਹਰੇ ਵਰਤਾਰੇ ਖਿਲਾਫ਼ ਆਰ-ਪਾਰ ਦੇ ਸੰਘਰਸ਼ ਦੀ ਸ਼ੁਰੂਆਤ ਕਰੇਗਾ।
ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਿਆ ਦਾ ਬੇੜਾ ਡੋਬਣ ਅਤੇ ਅਧਿਆਪਕਾਂ ਦਾ ਭਵਿੱਖ ਬਰਬਾਦ ਕਰਨ ਖਿਲਾਫ਼ ਅਤੇ ਸਮੁੱਚੇ ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ 'ਤੇ ਰੈਗੂਲਰ ਕਰਵਾਉਣ ਲਈ ਸਮੁੱਚਾ ਅਧਿਆਪਕ ਵਰਗ ਆਪਣਾ ਪੂਰਾ ਜ਼ੋਰ ਲਾ ਦੇਵੇਗਾ ਅਤੇ ਪੰਜਾਬ ਸਰਕਾਰ ਦੀ ਫੌਕੀ ਲਿਫ਼ਾਫੇਬਾਜ਼ੀ ਖਿਲਾਫ਼ ਇਕਜੁੱਟ ਹੋ ਕੇ ਪਟਿਆਲਾ ਵਿਖੇ ਜ਼ਬਰਦਸਤ ਪ੍ਰਦਰਸ਼ਨ ਕਰੇਗਾ। ਇਸ ਨੂੰ ਲੈ ਕੇ ਆਗੂਆਂ ਨੇ ਪਟਿਆਲਾ ਰੈਲੀ ਸਬੰਧੀ ਅਧਿਆਪਕਾਂ ਨੂੰ ਲਾਮਬੰਦ ਕਰਨ ਲਈ ਟੀਮਾਂ ਦਾ ਗਠਨ ਕਰ ਕੇ ਡਿਊਟੀਆਂ ਦੀ ਵੰਡ ਕਰਦਿਆਂ ਅਧਿਆਪਕਾਂ ਨੂੰ ਵੱਡੀ ਗਿਣਤੀ ਵਿਚ ਪਟਿਆਲਾ ਪਹੁੰਚਣ ਦਾ ਸੱਦਾ ਦਿੱਤਾ।
ਕਮੇਟੀ ਵੱਲੋਂ ਸਰਬਸੰਮਤੀ ਨਾਲ ਕਮਲਜੀਤ ਸਿੰਘ ਅਤੇ ਕਰਮਜੀਤ ਨੂੰ ਬਲਾਕ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਸਮੇਂ ਰਾਜਬੀਰ ਸਿੰਘ, ਜਸਪਾਲ ਸਿੰਘ, ਕਰਮਜੀਤ ਨਦਾਮਪੁਰ, ਕੁਲਦੀਪ ਸਿੰਘ, ਬਿੰਦਰ ਕੁਮਾਰ, ਰਾਜੇਸ਼ ਦਾਨੀ, ਕੁਲਦੀਪ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੁਹਿੰਦਰ ਸਿੰਘ, ਅਮਨ ਵਸ਼ਿਸ਼ਟ, ਦੀਪਕ ਕੁਮਾਰ ਆਦਿ ਹਾਜ਼ਰ ਸਨ।